ਠੰਢੇ ਸਿਵੇ ਦਾ ਸੇਕ

Old age

ਸੁਖਦੇਵ ਦਾ ਮਨ ਵਿਗੜਦਿਆਂ ਦੇਰ ਨਾ ਲੱਗੀ । ਕੀ ਕਹਿਣਾ ਕੋਈ ਭਲਾ ਪੁਰਸ਼ ਬਚ ਜਾਵੇ, ਨਹੀਂ ਤਾਂ ਹਰੇਕ ਲਾਲਚ ਦੀ ਚੱਕੀ ਨੂੰ ਹੱਥ ਪਾ ਈ ਲੈਂਦਾ ਐ, ਭਾਵੇਂ ਸੁਖਦੇਵ ਆਪ ਇਸ ਨਰਕ ਦੇ ਵਪਾਰ ਵਿੱਚ ਨਾ ਵੀ ਫਸਦਾ ਪਰ ਇੱਕ ਆਪਣੀ ਅਮੀਰੀ ਧੌਂਸ ਉੱਚੀ ਕਰਨ ਦਾ ਫ਼ਿਕਰ ਅਤੇ ਦੂਜੀਆਂ ਦੋਸਤਾਂ ਦੀਆਂ ਹੁੱਜਾਂ ਕਿੱਥੇ ਟਿਕਣ ਦਿੰਦੀਆਂ ਨੇ।

ਜਦੋਂ ਵੀ ਸੁਖਦੇਵ ਕਿਤੇ ਮਹਿਫਲ ’ਚ ਬੈਠਾ ਹੁੰਦਾ ਤਾਂ ਯਾਰ ਬੇਲੀ ਕਹਿਣ ਲੱਗਦੇ, ‘‘ਓਏ ਜਾਹ ਯਾਰ! ਤੇਰਾ ਵੀ ਕੋਈ ਫੈਦਾ ਨੀ, ਤੇਰੀ ਸਰਕਾਰੇ-ਦਰਬਾਰੇ ਐਨੀ ਪਹੁੰਚ ਐ, ਤੂੰ ਫਿਰ ਵੀ ਡਰੀ ਜਾਨਾਂ ਐਂ’’ ਜੇ ਇੱਕ ਚੁੱਪ ਕਰਦਾ ਤਾਂ ਨਾਲ ਦੀ ਨਾਲ ਦੂਜਾ ਬੋਲ ਪੈਂਦਾ ਇੱਕ ਦਿਨ ਕੋਲ ਬੈਠੇ ਕਰਨੈਲ ਨੇ ਸੁਖਦੇਵ ਨੂੰ ਚਾਬੀ ਭਰਦਿਆਂ ਕਿਹਾ,
‘‘ਜੇ ਕਿਤੇ ਸਾਡੀ ਐਨੀ ਚੱਲਦੀ ਹੁੰਦੀ ਤਾਂ ਹੁਣ ਨੂੰ ਕਦੋਂ ਦੀਆਂ ਸੋਨੇ ਦੀ ਕੰਧਾਂ ਬਣਾਈਆਂ ਹੁੰਦੀਆਂ, ਆਹ ਟੁੱਟੀ ਜੀ ਕਾਰ ਤਾਂ ਮਿੰਟਾਂ ’ਚ ਬਦਲੀ ਹੁੰਦੀ’’

ਕਿਸੇ ਯਾਰ-ਮਿੱਤਰ ਦੀ ਦਿੱਤੀ ਪੁੱਠੀ ਸਲਾਹ ਬੜਾ ਛੇਤੀ ਅਸਰ ਕਰਦੀ ਐ ਸੁਖਦੇਵ ਦਿਨੇ ਹੀ ਸੁਫ਼ਨੇ ਦੇਖਣ ਲੱਗ ਪਿਆ ਅਤੇ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸਨੇ ਨਸ਼ੇ ਦੇ ਵਪਾਰੀਆਂ ਨਾਲ ਹੱਥ ਮਿਲਾ ਲਿਆ ਦਿਨਾਂ ’ਚ ਹੀ ਵੱਡੀਆਂ-ਵੱਡੀਆਂ ਕਾਰਾਂ ਵੇਲੇ-ਕੁਵੇਲੇ ਸੁਖਦੇਵ ਦੇ ਘਰ ਮੂਹਰੇ ਗੇੜੇ ਮਾਰਨ ਲੱਗ ਪਈਆਂ ਜਦੋਂ ਕਦੇ ਸੁਖਦੇਵ ਦੀ ਪਤਨੀ ਮੀਤੋ ਇੱਕਲੌਤੇ ਪੁੱਤ ਦਾ ਵਾਸਤਾ ਪਾ ਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਅੱਗੋਂ ਸੁਖਦੇਵ ਵੀ ਚਾਰੇ ਪੈਰ ਚੱਕ ਕੇ ਕਹਿੰਦਾ, ‘‘ਨਾ ਆਪਾਂ ਕਿਹੜਾ ਕਿਸੇ ਨੂੰ ਇਹ ਸਾਮਾਨ ਧੱਕੇ ਨਾਲ ਦਿੰਦੇ ਆਂ, ਜੀਹਨੂੰ ਲੋੜ ਹੁੰਦੀ ਐ ਉਹ ਆਪੀ ਬਾਪੂ ਕਹਿ ਕੇ ਲੈ ਕੇ ਜਾਂਦਾ, ਜਾਹ ਐਸ਼ ਕਰ ਐਵੀਂ ਨਾ ਡਰਿਆ ਕਰ, ਇਹ ਅਮੀਰਜ਼ਾਦਿਆਂ ਦੇ ਸ਼ੌਂਕ ਨੇ, ਜੇ ਆਪਾਂ ਨੀ ਦੇਵਾਂਗੇ ਇਹ ਹੋਰ ਕਿਤੋਂ ਲੈ ਆਉਣਗੇ, ਮਸਾਂ ਤਾਂ ਖੁੱਲ੍ਹੀ ਕਮਾਈ ਕਰਨ ਦਾ ਵੇਲਾ ਆਇਆ’’
ਇਹ ਸੁਣ ਕੇ ਮੀਤੋ ਬੇਵੱਸ ਹੋ ਜਾਂਦੀ ਅਤੇ ਮਨ ਵਿੱਚ ਸੋਚਦੀ ਕਿ ਜੋ ਕਮਾਈ ਕਿਸੇ ਦਾ ਘਰ ਪੱਟ ਕੇ ਕੀਤੀ ਜਾਵੇ ਉਹ ਵੀ ਭਲਾ ਕਿਸੇ ਦੇ ਕਿਵੇਂ ਰਾਸ ਆ ਸਕਦੀ ਐ?

ਜਦੋਂ ਵੀ ਕੋਈ ਦੂਰੋਂ-ਨੇੜਿਓਂ ਨੌਜਵਾਨ ਸੁਖਦੇਵ ਕੋਲ ਆਉਂਦਾ ਤਾਂ ਮੀਤੋ ਆਪਣੇ ਲਾਡਲੇ ਪੁੱਤ ਜਸਕਰਨ ਨੂੰ ਬਹਾਨੇ ਨਾਲ ਅੰਦਰ ਬੁਲਾ ਲੈਂਦੀ, ਉਸਨੂੰ ਡਰ ਸੀ ਕਿ ਉਹ ਨਾ ਕਿਤੇ ਇਸ ਚੰਦਰੀ ਹਵਾ ਦੀ ਲਪੇਟ ਵਿੱਚ ਆ ਜਾਵੇ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਹੋ-ਜਿਹਾ ਬੀਜਾਂਗੇ ਉਹੋ-ਜਿਹਾ ਹੀ ਵੱਢਾਂਗੇ, ਹੋਇਆ ਉਹੀ ਜੋ ਮਨ ਵਿੱਚ ਡਰ ਸੀ ਮੀਤੋ ਅਤੇ ਸੁਖਦੇਵ ਨੂੰ ਤਾਂ ਪਤਾ ਹੀ ਨੀ ਲੱਗਾ ਕਿ ਕਦੋਂ ਬੇਗਾਨੇ ਘਰਾਂ ਵੱਲ ਸੁੱਟੀ ਅੱਗ ਦੀਆਂ ਲਾਟਾਂ ਨੇ ਉਨ੍ਹਾਂ ਦੇ ਘਰ ਵੱਲ ਮੂੰਹ ਕਰ ਲਿਆ ਕੱਚੀ ਉਮਰ ਵਿੱਚ ਜਸਕਰਨ ਉਸ ਰਾਹ ਵੱਲ ਹੋ ਤੁਰਿਆ ਜੋ ਉਸ ਦੇ ਆਪਣੇ ਘਰ ਤੋਂ ਕਿਸੇ ਹੋਰ ਦੇ ਘਰ ਵਿੱਚੋਂ ਦੀ ਹੁੰਦਾ ਹੋਇਆ ਸਿਵਿਆਂ ਵੱਲ ਜਾਂਦਾ ਸੀ। ਆਪਣੇ ਮਾਪਿਆਂ ਤੋਂ ਚੋਰੀ ਉਹ ਘਰ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਵਿੱਚ ਕਦੋਂ ਚੁੱਭੀ ਲਾ ਬੈਠਾ ਸੀ ਉਸ ਨੇ ਕਿਸੇ ਨੂੰ ਵੀ ਭਿਣਕ ਨਹੀਂ ਸੀ ਲੱਗਣ ਦਿੱਤੀ ।

ਇਹ ਤਾਂ ਸਾਰਾ ਭੇਤ ਉਦੋਂ ਖੁੱਲ੍ਹਿਆ ਜਦੋਂ ਪਾਣੀ ਸਿਰ ਉੱਤੋਂ ਟੱਪ ਗਿਆ। ਹੁਣ ਜਸਕਰਨ ਨਿੱਤ ਨਸ਼ੇ ਦਾ ਆਦੀ ਹੋ ਗਿਆ ਸੀ। ਜਦੋਂ ਕਦੇ ਅੱਧੀ ਰਾਤ ਨੂੰ ਸੋਨੇ ਵਰਗਾ ਪੁੱਤ ਲੱਗਦੀ ਤੋੜ ਨਾਲ ਅੱਖਾਂ ਸਾਹਮਣੇ ਤੜਫਦਾ ਤਾਂ ਕਾਲਜੇ ਮੁੱਠੀਆਂ ਦੇ ਕੇ ਮੀਤੋ, ਸੁਖਦੇਵ ਨੂੰ ਰੋਂਦੀ ਹੋਈ ਕਹਿੰਦੀ, ‘‘ਆਹ ਦੇਖ ਲੈ ਹਾਲ ਆਪਣੇ ਲਾਲ ਦਾ, ਕੀਹਨੂੰ ਦੇਵੇਂਗਾ ਕਰਕੇ ਕਮਾਈਆਂ, ਜਦੋਂ ਆਪਣਾ ਘਰ ਔਂਤਾਂ ਦਾ ਘਰ ਬਣ ਗਿਆ, ਜੋ ਕੰਮ ਤੋਂ ਮੈਂ ਡਰਦੀ ਸੀ, ਵੈਰੀਆ ਤੂੰ! ਓਹੀਓ ਕਰ ਕੇ ਛੱਡਿਆ, ਹਾੜੇ ਅਜੇ ਵੀ ਸਮਝ ਜਾ!’’

ਸੁਖਦੇਵ ਨੇ ਕੰਬਦੇ ਹੱਥਾਂ ਨਾਲ ਜਸਕਰਨ ਦੇ ਟੀਕਾ ਲਾ ਕੇ ਉਸ ਦੀ ਤੋੜ ਤਾਂ ਸ਼ਾਂਤ ਕਰ ਦਿੱਤੀ ਪਰ ਹੁਣ ਵੇਲਾ ਹੱਥੋਂ ਨਿੱਕਲ ਚੁੱਕਾ ਸੀ। ਬੇਸ਼ਿੱਕ ਭਲੇ ਲੋਕ ਮੂੰਹ ’ਤੇ ਕੁਝ ਨਾ ਕਹਿੰਦੇ, ਪਰ ਗੱਲਾਂ ਜਰੂਰ ਕਰਦੇ, ‘‘ਬਾਈ! ਜੇ ਬੰਦਾ ਜਮਦੂਤ ਬਣ ਜਾਂਦਾ, ਰੱਬ ਤਾਂ ਇਨਸਾਫ ਕਰਦਾ ਈ ਐ, ਓਹਦੇ ਘਰ ਦੇਰ ਐ ਹਨ੍ਹੇਰ ਨੀ! ਹੁਣ ਦੋਹੇਂ ਜੀਅ ਦੇਖ ਕਿਵੇਂ ਭੱਜੇ ਫਿਰਦੇ ਆ, ਜਦੋਂ ਆਪਣੇ ’ਤੇ ਪਈ ਐ, ਨਾ ਓਦੋਂ ਨੀ ਪਤਾ ਸੀ ਜਦੋਂ ਲੋਕਾਂ ਦੇ ਜਵਾਕ ਪੱਟਦੇ ਸੀ!’’

ਅਜੇ ਕੁਝ ਦਿਨ ਹੀ ਲੰਘੇ ਸਨ ਕਿ ਜਸਕਰਨ ਵੀ ਜ਼ਿੰਦਗੀ ਤੋਂ ਹਾਰ ਗਿਆ ਅਤੇ ਸੁਖਦੇਵ ਨੂੰ ਆਪਣੇ ਜਵਾਨ ਪੁੱਤ ਦੇ ਸਿਵੇ ਦੇ ਸੇਕ ਦੇ ਨਾਲ-ਨਾਲ ਉਨ੍ਹਾਂ ਨੌਜਵਾਨਾਂ ਦੇ ਠੰਢੇ ਹੋਏ ਸਿਵਿਆਂ ਦਾ ਸੇਕ ਵੀ ਲੱਗ ਰਿਹਾ ਸੀ ਜੋ ਕਦੇ ਇਸ ਪਾਪੀ ਦੀ ਬਦੌਲਤ ਬਲ਼ੇ ਸਨ ।

ਮਾਸਟਰ ਸੁਖਵਿੰਦਰ ਦਾਨਗੜ੍ਹ
ਮੋ. 94171-80205

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ