ਸਿੱਖਿਆ ਮੰਤਰੀ ਦੀ ਕੋਠੀ ਅੱਗੇ ਔਰਤ ਦਿਵਸ ਦੇ ਮੌਕੇ ‘ਤੇ ਕਰਨਗੀਆਂ ਪ੍ਰਦਰਸ਼ਨ
ਪਟਿਆਲਾ, (ਸੱਚ ਕਹੂੰ ਨਿਊਜ) ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ (Protest Against Government) ਦੀ ਅਗਵਾਈ ਹੇਠ ਅੱਜ ਨਹਿਰੂ ਪਾਰਕ ਵਿਖੇ ਇਕੱਠੀਆਂ ਹੋਈਆਂ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਸਰਕਾਰ ‘ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ਼ ਪ੍ਰਗਟ ਕੀਤਾ।
ਇਸ ਮੌਕੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਜਿਲ੍ਹਾ ਪਟਿਆਲਾ ਦੀ ਪ੍ਰਧਾਨ ਸੁਖਜੀਤ ਕੌਰ ਲਚਕਾਣੀ, ਫਤਿਹਗੜ੍ਹ ਸਾਹਿਬ ਦੀ ਜਨਰਲ ਸਕੱਤਰ ਦਲਜੀਤ ਕੌਰ ਸਲਾਣਾ, ਮਨਜੀਤ ਕੌਰ ਨਾਭਾ, ਸੀਮਾ ਨਾਭਾ ਨੇ ਦੋਸ਼ ਲਗਾਉਦਿਆ ਕਿਹਾ ਕਿ ਪਟਿਆਲਾ ਤੋਂ ਐਮ ਪੀ ਪ੍ਰਨੀਤ ਕੌਰ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਨਾਲ ਹਰ ਮੀਟਿੰਗ ਵਿੱਚ ਵਾਅਦਾ ਕੀਤਾ ਕਿ ਉਨ੍ਹਾਂ ਦੀ ਤਨਖਾਹ ਦੁੱਗਣੀ ਕੀਤੀ ਜਾਵੇਗੀ, ਦੋ ਮਹੀਨਿਆਂ ਦੀ ਤਨਖਾਹ ਕੱਟਣੀ ਬੰਦ ਕੀਤੀ ਜਾਵੇਗੀ ਅਤੇ ਹਰ ਕੁੱਕ ਬੀਬੀ ਦਾ ਵਿਭਾਗ ਵੱਲੋਂ ਬੀਮਾ ਕਰਵਾਇਆ ਜਾਵੇਗਾ, ਪ੍ਰੰਤੂ ਅਜੇ ਤਾਂਈ ਕਿਸੇ ਵੀ ਵਾਅਦੇ ਨੂੰ ਬੂਰ ਨਹੀਂ ਪਿਆ। ਸਗੋਂ ਉਲਟਾ ਮਿਡ ਡੇ ਮੀਲ ਲਈ ਆ ਰਹੇ ਫੰਡਾਂ ‘ਤੇ ਵੀ ਨਵੇਂ ਬਜਟ ਵਿੱਚ ਕੱਟ ਲਗਾਇਆ ਜਾ ਰਿਹਾ ਹੈ।
ਜਿਸ ਨੂੰ ਮਿਡ ਡੇ ਮੀਲ ਕੁੱਕ ਬੀਬੀਆਂ ਬਰਦਾਸਤ ਨਹੀਂ ਕਰਨਗੀਆਂ। ਇਕੱਠੀਆਂ ਹੋਈਆਂ ਕੁੱਕ ਬੀਬੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਮਿਡ ਡੇ ਮੀਲ ਕੁੱਕ ਬੀਬੀਆਂ ਲਈ ਤਨਖਾਹਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਜਾਵੇ ਅਤੇ ਇਸ ਲਈ ਰੱਖੇ ਫੰਡਾਂ ਵਿੱਚ ਵਾਧਾ ਕੀਤਾ ਜਾਵੇ।
ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਔਰਤ ਦਿਵਸ ਦੇ ਮੌਕੇ 8 ਮਾਰਚ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਸੰਗਰੂਰ ਸਥਿਤ ਕੋਠੀ ਅੱਗੇ ਇਕੱਠੀਆਂ ਹੋ ਕੇ ਮਿਡ ਡੇ ਮੀਲ ਕੁੱਕ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ। ਇਸ ਮੌਕੇ ਜਸਵੰਤ ਕੌਰ ਮਲਕੋਂ, ਜਰਨੈਲ ਕੌਰ ਨਾਭਾ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਹਰਮਨਜੀਤ ਕੌਰ, ਪਰਮਜੀਤ ਕੌਰ, ਆਈ ਡੀ ਪੀ ਤੋਂ ਕਰਨੈਲ ਸਿੰਘ ਜਖੇਪਲ, ਜਗਜੀਤ ਸਿੰਘ ਨੌਹਰਾ ਆਦਿ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।