ਨਸ਼ੇ, ਹਥਿਆਰ ਤੇ ਲੱਚਰਪਣ ‘ਚ ਗ੍ਰਸਿਆ ਅਜੋਕੇ ਸਮੇਂ ਦਾ ਪੰਜਾਬੀ ਸੰਗੀਤ

Fleeing, Groom, Shot

ਨਸ਼ੇ, ਹਥਿਆਰ ਤੇ ਲੱਚਰਪਣ ‘ਚ ਗ੍ਰਸਿਆ ਅਜੋਕੇ ਸਮੇਂ ਦਾ ਪੰਜਾਬੀ ਸੰਗੀਤ

ਕਿਸੇ ਵੀ ਦੇਸ ਦੀ ਭਾਸ਼ਾ, ਲੋਕ-ਨਾਚ ਤੇ ਨਾਟਕ ਕਲਾ ਉੱਥੋਂ ਦੇ ਸੱਭਿਆਚਾਰ ਨੂੰ ਪ੍ਰਤੱਖ ਰੂਪ ਵਿੱਚ ਪੇਸ਼ ਕਰਨ ਲਈ ਹਮੇਸ਼ਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਪੁਰਾਤਨ ਕਾਲ ਵਿੱਚ ਰਾਜੇ ਆਪਣੇ ਖੇਤਰ ਦੀਆਂ ਵੰਨਗੀਆ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਜੀਦਾ ਕਲਾਕਾਰ ਰੱਖਦੇ ਸਨ ਜੋ ਇਸ ਨੂੰ ਸੇਧਦਾਇਕ ਤੇ ਸਰਲ ਭਾਸ਼ਾ ਵਿੱਚ ਢਾਲਦੇ । ਅਜ਼ਾਦੀ ਤੋਂ ਬਾਅਦ ਵੀ ਇਹ ਰੀਤ ਉਸੇ ਤਰ੍ਹਾਂ ਪ੍ਰਚੱਲਿਤ ਹੈ ਤੇ ਕਲਾਕਾਰ ਆਪਣੇ ਰਾਜ ਦੀ ਮੂਲ਼ ਭਾਸ਼ਾ ਤੇ ਨਾਚ ਰਾਹੀਂ ਸੰਸਾਰ ਵਿਚ ਆਪਣੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਦੇ ਹਨ ਜਿਵੇਂ ਕੇਰਲਾ ਦਾ ਕੱਥਕਲੀ, ਹਰਿਆਣੇ ਦੀ ਰਾਗਣੀ, ਕਸ਼ਮੀਰ ਦਾ ਬੂਮਰੋ, ਅਸਾਮ ਦਾ ਬੀਹੂ ਰਾਜ ਦੀ ਪਹਿਚਾਣ ਦਾ ਪ੍ਰਤੀਕ ਹੈ।

ਉਸੇ ਤਰ੍ਹਾਂ ਪੰਜਾਬ ਦੇ ਸੱਭਿਆਚਾਰ ਵਿਚੋਂ ਇੱਥੋਂ ਦਾ ਭੰਗੜਾ ਤੇ ਗੀਤ-ਸੰਗੀਤ ਇੱਕ ਅਜਿਹੀ ਜੋਸ਼ੀਲੀ ਤੇ ਰਸੀਲੀ ਕਲਾ ਹੈ ਜਿਸਨੂੰ ਦੂਜੇ ਰਾਜਾਂ ਦੇ ਨਾਲ-ਨਾਲ ਪੂਰੀ ਦੁਨੀਆ ਸਭ ਵੱਧ ਪਸੰਦ ਕਰਦੀ ਹੈ। ਦਹਾਕਿਆਂ ਪਹਿਲਾਂ ਇੱਥੋਂ ਦੇ ਲੋਕ ਗਾਇਕ, ਢਾਡੀ, ਕਵੀਸ਼ਰ ਵਿਰਸੇ ਨਾਲ ਜੁੜੀਆਂ ਗਾਥਾਵਾਂ, ਜੋਧਿਆਂ ਦੀਆਂ ਵਾਰਾਂ, ਮਿਰਜਾ-ਸਹਿਬਾ, ਸੱਸੀ-ਪੁਨੂੰ, ਸ਼ੀਰੀ-ਫਰਿਆਦ ਦੇ ਕਿੱਸੇ, ਅਤੇ ਵੀਰ ਰਸ ਨੂੰ ਸੁਰੀਲੇ ਤੇ ਸੱਭਿਆਚਾਰਕ ਪੱਖ ਤੋਂ ਮਨੋਰੰਜਨ ਲਈ ਪੇਸ਼ ਕਰਦੇ ਸਨ।

ਜਿਸਨੂੰ ਵੱਡੇ-ਛੋਟੇ ਸਭ ਲੋਕੀ ਮਿਲ ਕੇ ਦੇਖਦੇ ਪਰ ਸਮੇਂ ਦੀ ਕਰਵਟ ਦੇ ਨਾਲ ਅਜੋਕੇ ਸਮੇਂ ਦੇ ਗੀਤਕਾਰ ਆਪਣਾ ਸ਼ਾਨਾਮੱਤਾ ਇਤਿਹਾਸ ਭੁਲਾ ਕੇ ਗੀਤ ਰੂਪੀ ਮਾਲਾ ਵਿੱਚ ਨਸ਼ਾ, ਹਥਿਆਰ ਤੇ ਹਲਕੀ ਸ਼ਬਦਾਵਲੀ ਦੀ ਵਰਤੋਂ ਨਾਲ ਸਿਰਫ ਕਾਰੋਬਾਰ ਪੱਖੋਂ ਪ੍ਰਪੱਕ ਹੋਣ ਵੱਲ ਤੁਰ ਪਏ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਅਸਲੇ ਅਤੇ ਐਸ਼ਪ੍ਰਸਤੀ ਦੇ ਜਿਹੜੇ ਰਸਤੇ ਦਿਖਾਏ ਜਾਂਦੇ ਹਨ ਉਹ ਕਿਸੇ ਤੋਂ ਛੁਪੇ ਨਹੀਂ ਸਿਰਫ ਆਪਣੇ ਗਾਣੇ ਦੀ ਵਾਹ-ਵਾਹ ਲਈ ਸੰਗੀਤਕ ਕੰਪਨੀਆਂ ਤੇ ਗਾਇਕਾਂ ਨੇ ਵੀਡੀਓ ਵਿੱਚ ਕਾਲਜਾਂ ਨੂੰ ਪ੍ਰਧਾਨਗੀ ਤੇ ਲੜਾਈਆਂ ਦੇ ਅੱਡੇ, ਗੋਲੀਆਂ ਚਲਾਉਣ ਤੇ ਰੌਲੇ-ਰੱਪੇ ਤੇ ਬਾਪੂ ਦੇ ਪੈਸੇ ਦੀ ਵਰਤੋਂ ਮਹਿੰਗੀਆਂ ਗੱਡੀਆਂ, ਨਸ਼ੇ, ਮਹਿੰਗੇ ਬ੍ਰਾਂਡਾਂ ਦੇ ਫੈਸ਼ਨਾਂ ਤੱਕ ਹੀ ਉਨ੍ਹਾਂ ਦੀ ਦੁਨੀਆ ਸੀਮਤ ਕਰ ਦਿੱਤੀ।

ਇਨ੍ਹਾਂ ਅਵੱਲੇ ਸ਼ੌਂਕਾਂ ਵਾਲੀ ਸੰਗੀਤਕ ਲਹਿਰ ਕਾਰਨ ਅੱਜ ਵਿਆਹ ਵਰਗੇ ਖੁਸ਼ੀ ਦੇ ਕਾਰਜ ਵੀ ਸਕਿੰਟ ਬਦਲਦੇ ਹੀ ਗਮੀਆਂ ਵਿੱਚ ਤਬਦੀਲ ਹੋ ਜਾਂਦੇ ਹਨ। 21ਵੀਂ ਸਦੀ ਦੇ ਮਾਪਿਆਂ ਲਈ ਆਉਣ ਵਾਲਾ ਸਮਾਂ ਹੋਰ ਵੀ ਘਾਤਕ ਸਾਬਿਤ ਹੋਵੇਗਾ ਇਕਹਿਰੇ ਪਰਿਵਾਰ ਦੀ ਅੰਤਰੰਗੀ ਵੇਗ ਕਾਰਨ ਸਮੇਂ ਦੀ ਤੇਜ਼ ਚਾਲ ਨੂੰ ਫੜਨ ਜਾਂ ਨਾਲ ਚੱਲਣ ਲਈ ਉਨ੍ਹਾਂ ਆਪਣੇ ਬੱਚਿਆਂ ਨੂੰ ਖੇਡਣ, ਚੁੱਪ ਕਰਵਾਉਣ ਤੇ ਰੁੱਝੇ ਰੱਖਣ ਲਈ ਮੈਦਾਨੀ ਜਾਂ ਪੇਂਡੂ ਦੇਸੀ ਖੇਡਾਂ ਨਾਲੋਂ ਟੀ. ਵੀ., ਮੋਬਾਇਲ ਫੋਨ ਜਾਂ ਯੂ ਟਿਊਬ ਦੇ ਚੱਲ ਰਹੇ ਗਾਣਿਆਂ, ਵੀਡੀਓ ਗੇਮਾਂ ਵਾਲਾ ਸੌਖਾ ਤਰੀਕਾ ਲੱਭ ਲਿਆ ਪਰ ਇਸ ਵਿੱਚੋਂ ਨਿੱਕਲਦੀਆਂ ਮਾਰੂ ਕਿਰਨਾਂ ਨਾਲੋਂ ਵੀ ਉਹ ਟੀ. ਵੀ. ਪ੍ਰੋਗਰਾਮ ਜਾਂ ਗਾਣੇ ਘਾਤਕ ਹਨ ਜਿਹੜੇ ਉਨ੍ਹਾਂ ਦੇ ਮਨ ਉੱਪਰ ਡੂੰਘੀ ਛਾਪ ਛੱਡਦੇ ਹਨ ਜਿਸ ਕਾਰਨ ਨਸ਼ੇ ਦੇ ਜਾਲ ਵਿਚ ਫਸੇ ਬੱਚੇ ਤੇ ਬਾਲ ਅਪਰਾਧ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ ।

ਬਦਲੀ ਫਿਜ਼ਾ ਦੇ ਪਦਾਰਥਵਾਦੀ ਯੁੱਗ ਅੰਦਰ ਅੱਜ ਸੰਗੀਤਕ ਕੰਪਨੀਆਂ ਮੁਨਾਫੇ ਦੀ ਲਾਲਸਾ ਵਿੱਚ ਸਕੂਨਮਈ ਸੰਗੀਤ ਨੂੰ ਕੰਨ ਪਾੜੂ ਤੇ ਪੱਛਮੀ ਰੌਲੇ-ਰੱਪੇ ਨਾਲ ਪੰਜਾਬੀ ਭਾਸ਼ਾ ਦਾ ਨਿਰਾਦਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਜਿਸ ਦਾ ਖਮਿਆਜਾ ਪੰਜਾਬੀਆਂ ਨੂੰ ਭੁਗਤਣਾ ਪਵੇਗਾ। ਕਿਉਂਕਿ ਕਿਸੇ ਕੌਮ ਨੂੰ ਮਿਟਾਉਣ ਲਈ ਜਰੂਰੀ ਨਹੀਂ ਤੋਪਾਂ ਜਾਂ ਬੰਬਾਂ ਦੀ ਲੋੜ ਹੋਵੇ ਜੇ ਉਸ ਕੋਲੋਂ ਉਸਦੀ ਭਾਸ਼ਾ ਤੇ ਸੱਭਿਆਚਾਰ ਹੀ ਖੋਹ ਲਿਆ ਜਾਵੇ ਤਾਂ ਉਹ ਕੌਮ ਆਪਣੇ-ਆਪ ਨਸ਼ਟ ਹੋ ਜਾਵੇਗੀ।

ਇਸਨੂੰ ਸੰਭਾਲਣ ਲਈ ਨਵੇਂ ਗੀਤਕਾਰ ਆਪਣਾ ਅਣਮੁੱਲਾ ਯੋਗਦਾਨ ਪਾ ਸਕਦੇ ਹਨ ਜੇ ਉਹ ਪੰਜਾਬ ਦੀ ਬੇਰੁਜ਼ਗਾਰੀ, ਗਰੀਬੀ ਤੇ ਕਿਸਾਨੀ ਖੁਦਕੁਸ਼ੀਆਂ ਨੂੰ ਗੀਤਾਂ ਰਾਹੀਂ ਸਰਕਾਰਾਂ ਤੱਕ ਪਹੁੰਚਾਉਣ। ਐਂਵੇ ਨੀ ਹਕੂਮਤਾਂ ਅੱਜ ਵੀ ਲੋਕ ਕਵੀ ਲਾਲ ਸਿੰਘ ਦਿਲ ਤੇ ਸੰਤ ਰਾਮ ਉਦਾਸੀ ਦੀ ਲੇਖਣੀ ਨੂੰ ਸਕੂਲੀ ਸਿਲੇਬਸ ਵਿਚ ਦਰਜ ਕਰਨ ਤੋਂ ਡਰਦੀਆਂ ਅਤੇ ਸਰਕਾਰੀ ਨੀਤੀਆਂ ਦੀ ਮਾਰੀ ਦੱਬੀ-ਕੁਚਲੀ ਮਿਹਨਤੀ ਜਮਾਤ ਅਤੇ ਇਨ੍ਹਾਂ ਦੇ ਹੱਕਾਂ ਲਈ ਲੜਦੇ ਸੰਘਰਸ਼ੀ ਲੋਕ ਹੁਣ ਵੀ, ‘ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਵਥੇਰੇ, ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗੇ ਗੀਤ ਨੂੰ ਦਿਲ ‘ਚ ਸਮੋਈ ਬੈਠੇ ਹਨ ।

ਪਰ ਅਜੋਕੇ ਗੀਤਕਾਰ ਤਾਂ ਕਿਸਾਨ (ਜੱਟ) ਨੂੰ ਖੇਤਾਂ ‘ਚੋਂ ਕੱਢ ਔਡੀ, ਫੋਰਡ, ਬੁਲਟ ਤੋਂ ਥੱਲੇ ਨਹੀਂ ਉੱਤਰਨ ਦਿੰਦੇ, ਨਸ਼ੇ ਵਿੱਚ ਚੂਰ ਪੱਬ, ਕਲੱਬ ਵਿੱਚ ਐਸ਼ਾਂ ਕਰਦਾ ਹੀ ਦਿਖਾਉਂਦੇ ਹਨ। ਧਨੀ ਰਾਮ ਚਾਤਰਿਕ ਦੇ ਗੀਤਾਂ ਵਾਲਾ ਕਿਸਾਨ ਜਿਹੜਾ ਸਾਲਾਂਬੱਧੀ ਇੱਕ ਵਾਰ ਮੇਲਾ ਦੇਖਦਾ ਦਮਾਮੇ ਮਾਰਦਾ ਜੱਟ ਅਤੇ ਗਰੀਬ ਕਿਸਾਨ ਕਵਿਤਾ ਦਾ ਉਹ ਮਿਹਨਤੀ ਪਾਤਰ ਖੇਤਾਂ ਵਿੱਚ ਰਾਤਾਂ ਨੂੰ ਕੰਮ ਕਰਦਿਆਂ ਹੇਕਾਂ ਲਾਉਂਦਾ ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ, ਖੇਤੀਂ ਪਾਣੀ ਲਾਉਂਦਿਆਂ ਹੱਥ ਨੀਲੇ ਹੁੰਦੇ ਜਾਣ ਕਿਧਰੇ ਵੀ ਨਜ਼ਰ ਨਹੀ ਆ ਰਿਹਾ। ਪਹਿਲਾਂ ਹੀ ਨਸ਼ੇ ਵਿੱਚ ਗਲਤਾਨ ਜਵਾਨੀ ਨੂੰ ਮੋੜਨਾ ਔਖਾ ਹੋਇਆ ਪਿਆ ਹੈ। ਇਹ ਹੋਰ ਬਲਦੀ ‘ਤੇ ਤੇਲ ਪਾ ਰਹੇ ਹਨ।

ਕੰਪਨੀਆਂ ਵਾਲੇ ਔਰਤ ਨੂੰ ਇੱਕ ਵਸਤੂ ਦੀ ਤਰ੍ਹਾਂ ਪੇਸ਼ ਕਰਕੇ ਕਮਾਈ ਦਾ ਸਾਧਨ ਸਮਝ ਰਹੇ ਹਨ ਉੱਪਰੋਂ ਗਇਕਾਵਾਂ ਵੀ ਇਸ ਪਾਸੇ ਘੱਟ ਨਹੀਂ ਆਪਣੀ ਫੋਕੀ ਵਾਹੋ-ਵਾਹੀ ਲਈ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਆਪਣੀ ਟੀ. ਵੀ. ਇੰਟਰਵਿਊ ਵਿੱਚ ਆਦਰਸ਼ ਮੰਨਣ ਵਾਲੀਆਂ ਉਨ੍ਹਾਂ ਵਾਂਗ ਵਿਰਸੇ ਦੇ, ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’ ਜਾਂ ‘ਲ਼ੱਠੇ ਦੀ ਚਾਦਰ ਉੱਤੇ ਮਲੇਟੀ ਰੰਗ ਮਾਹੀਆ’ ਵਰਗੇ ਗੀਤਾਂ ਨੂੰ ਭੁਲਾ ਕੇ ਬੁਲਟਾਂ ਦੇ ਪਟਾਕੇ ਪਵਾ ਰਹੀਆਂ ਜਾਂ ਫਿਰ ਗੁੱਤਾ ਨਾਲ ਸੱਪਾਂ ਨੂੰ ਡੰਗ ਮਾਰਨੇ ਸਿਖਾਉਣ ਵੱਲ ਤੁਰ ਪਾਈਆਂ ਹਨ। ਇਨ੍ਹਾਂ ਨੂੰ ਸ਼ਾਇਦ ਅਮ੍ਰਿਤਾ ਪ੍ਰੀਤਮ ਦਾ ਪੰਜਾਬੀ ਬੋਲੀ ਵਿਚ ਪਾਇਆ ਯੋਗਦਾਨ ਵੀ ਚੇਤੇ ਨਹੀਂ।

ਪੰਜਾਬ ਦਾ ਅਸਲ ਸੱਭਿਆਚਾਰ ਅਜਿਹੇ ਨੀਵੇਂ ਦਰਜੇ ਦੀ ਨਹੀਂ ਸਗੋਂ ਮਹਾਨ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਗਦਰੀ ਬਾਬਿਆਂ ਵਰਗੇ ਅਜਾਦੀ ਦੇ ਦੀਵਾਨਿਆਂ ਦੇ ਨਾਲੋ-ਨਾਲ Àੁੱਚ ਕੋਟੀ ਦੇ ਲੇਖਕਾਂ ਜਿਵੇਂ ਪ੍ਰੋ. ਮੋਹਨ ਸਿੰਘ ਜਿਨ੍ਹਾਂ ਫੁੱਲਾਂ ਦੀ ਕਿਆਰੀ ਨੂੰ ਮਹਿਕਾਂ ਵੰਡਣ ਵਾਲੀ ਹੱਟ ਨਾਲ ਤੁਲਨਾ ਕਰ ਕੁਦਰਤ ਨੂੰ ਨਿਹਾਰਿਆ, ਸ਼ਿਵ ਕੁਮਾਰ ਬਟਾਲਵੀ, ਵਾਰਸ ਸ਼ਾਹ ਤੇ ਬੁੱਲ੍ਹੇ ਸ਼ਾਹ ਨੇ ਗੁਰੂ-ਪੀਰਾਂ ਦੀ ਬਾਣੀ ਰਾਹੀਂ ਚਾਨਣ ਵੰਡਿਆ, ਪਾਸ਼ ਵਰਗੇ ਕ੍ਰਾਂਤੀਕਾਰੀ ਗੀਤਕਾਰਾਂ ਨੇ ਸੁਪਨੇ ਦੇ ਮਰਨ ਨੂੰ ਖਤਰਨਾਕ ਦੱਸ ਕੇ ਜਿਉਣ ਦੇ ਅਸਲ ਮਕਸਦ ਲਈ ਪ੍ਰੇਰਿਆ ਜੋ ਸਾਨੂੰ ਵਿਰਸੇ ਦੇ ਦਾਇਰੇ ਵਿੱਚ ਰਹਿ ਕੇ ਅੱਗੇ ਵਧਣ ਦਾ ਹੌਂਸਲੇ ਦਿੰਦੇ ਹਨ।

ਸੋ ਆਉ! ਇਸ ਮਹਾਨ ਪੰਜਾਬੀ ਵਿਰਸੇ ਵਿਚ ਮਿਲੇ ਲੇਖਕਾਂ, ਯੋਧਿਆਂ, ਗੁਰੂਆਂ-ਪੀਰਾਂ ਦੇ ਯੋਗਦਾਨ ਦਾ ਸਤਿਕਾਰ  ਕਰਦਿਆਂ ਸੇਧਦਾਇਕ, ਵਜਨੀ ਤੇ ਅਸਲੀਅਤ ਨੇੜੇ ਢੁੱਕਵਾਂ ਗੀਤ-ਸੰਗੀਤ ਤੇ ਨਾਟ ਕਲਾ ਵਾਲੇ ਨਰੋਏ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਦੇ ਹੋਏ ਪੰਜਾਬੀਅਤ ਤੇ ਪੰਜਾਬੀ ਭਾਸ਼ਾ ਨੂੰ ਬੁਲੰਦੀਆਂ ਵੱਲ ਲਿਜਾਈਏ ।
ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ
ਮੋ. 78374-90309
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.