ਡੋਰ ਟੂ ਡੋਰ ਰਾਹੀਂ ਸੰਗਰੂਰ ਦੇ ਲੋਕਾਂ ਤੋਂ ਮੁੜ ਪੰਜ ਸਾਲ ਲਈ ਮੰਗਿਆ ਸਹਿਯੋਗ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ (Vijay Inder Singla) ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੱਲ੍ਹ ਤੋਂ ਆਰੰਭ ਕੀਤੇ ਡੋਰ ਟੂ ਡੋਰ ਮੁਹਿੰਮ ਤਹਿਤ ਅੱਜ ਉਨ੍ਹਾਂ ਦਾ ਕਾਫ਼ਲਾ ਸੰਗਰੂਰ ਵਿਖੇ ਪੁੱਜਿਆ ਅਤੇ ਉਨ੍ਹਾਂ ਸੰਗਰੂਰ ਸ਼ਹਿਰ ਵਾਸੀਆਂ ਤੋਂ ਮੁੜ ਪੰਜ ਸਾਲਾਂ ਲਈ ਸਹਿਯੋਗ ਮੰਗਿਆ। ਸੰਗਰੂਰ ਦੇ ਲੋਕਾਂ ਵੱਲੋਂ ਜਿੱਥੇ ਵਿਜੈ ਇੰਦਰ ਸਿੰਗਲਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਉਥੇ ਇਹ ਪੱਕਾ ਵਿਸ਼ਵਾਸ ਦਿਵਾਇਆ ਕਿ 20 ਫਰਵਰੀ ਵਾਲੇ ਦਿਨ ਸਮੁੱਚੇ ਹਲਕੇ ਵਿੱਚੋਂ ਕਾਂਗਰਸ ਨੂੰ ਬੇਅਥਾਹ ਵੋਟਾਂ ਪੈਣਗੀਆਂ ਅਤੇ ਸਿੰਗਲਾ ਵੱਲੋਂ ਹਲਕੇ ਵਿੱਚ ਕਰਵਾਏ ਵਿਕਾਸ ਕਾਰਜਾਂ ਦੀ ਸ਼ਾਹਦੀ ਭਰਨਗੀਆਂ। ਸ੍ਰੀ ਸਿੰਗਲਾ ਨੇ ਵੋਟਰਾਂ ਨਾਲ ਸੰਪਰਕ ਸਾਧਦਿਆਂ ਕਿਹਾ ਕਿ ਪਿਛਲੇ ਪੰਜ ਸਾਲ ਜਿਸ ਤਰ੍ਹਾਂ ਉਹਨਾਂ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ, ਲੋਕ ਵੀ ਉਸ ਸੇਵਾ ਦਾ ਮੁੱਲ ਮੋੜਨਗੇ ਜਿਸਦਾ ਉਨ੍ਹਾਂ ਨੂੰ ਇਸ ਅਭਿਆਨ ਵਿੱਚ ਅਹਿਸਾਸ ਵੀ ਹੋ ਰਿਹਾ ਹੈ ਕਿਉਂਕਿ ਹਲਕੇ ਵਿੱਚ ਵੱਡੀ ਗਿਣਤੀ ਲੋਕ ਆਪ ਮੁਹਾਰੇ ਹੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ।
ਸ੍ਰੀ ਸਿੰਗਲਾ (Vijay Inder Singla) ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਪਾਰਟੀਆਂ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗ ਰਹੀਆਂ ਹਨ। ਮੈਂਬਰ ਪਾਰਲੀਮੈਂਟ ਹੁੰਦਿਆਂ ਭਗਵੰਤ ਮਾਨ ਨੇ ਪਿਛਲੇ ਅੱਠ ਸਾਲ ਵਿੱਚ ਸੰਗਰੂਰ ਲਈ ਕੀ ਕੁਝ ਕੀਤਾ, ਇਹ ਜ਼ਰੂਰ ਦੱਸਿਆ ਜਾਵੇ। ਅਕਾਲੀ ਦਲ ਨੇ ਆਪਣੇ ਸਮੇਂ ਜਿਸ ਨਾਲ ਲੋਕਾਂ ਨੂੰ ਲੁੱਟਿਆ, ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਲੋਕਾਂ ਨੇ ਅਕਾਲੀ ਸਰਕਾਰ ਤੋਂ ਮਸਾਂ ਖਹਿੜਾ ਛੁਡਵਾਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜਿਸ ਤਰ੍ਹਾਂ ਦਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਉਸ ਤੋਂ ਅਹਿਸਾਸ ਹੋ ਰਿਹਾ ਹੈ ਕਿ ਹਲਕਾ ਸੰਗਰੂਰ ਵਿੱਚ ਕਾਂਗਰਸ ਇੱਕ ਵੱਡੀ ਜਿੱਤ ਵੱਲ ਵਧ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸੰਗਰੂਰ ਦੇ ਵੱਡੀ ਗਿਣਤੀ ਕਾਂਗਰਸੀ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ