100 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ
-
ਗੀਤ-ਸੰਗੀਤ, ਭਾਸ਼ਣਾਂ ਅਤੇ ਨੁੱਕੜ ਨਾਟਕਾਂ ਨਾਲ ਸਿਰਜਿਆ ਦੇਸ਼ ਭਗਤੀ ਦਾ ਮਾਹੌਲ
(ਸੁਖਨਾਮ) ਬਠਿੰਡਾ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਆਜ਼ਾਦੀ ਦੇ ਪਰਵਾਨਿਆਂ ਅਤੇ ਕ੍ਰਾਂਤੀਕਾਰੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੋਸ਼ਲ ਵੈੱਲਫੇਅਰ ਵਿਭਾਗ ਵੱਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ’ਚ ਤਿੰਨ ਰੋਜ਼ਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦਾ ਥੀਮ ‘ਪ੍ਰਣਾਮ ਸ਼ਹੀਦਾਂ ਨੂੰ’ ਸੀ।
ਸਮਾਗਮ ਦੇ ਪਹਿਲੇ ਦਿਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਅੰਤਰ ਕਾਲਜ ਭਾਸ਼ਣ ਮੁਕਾਬਲੇ ਕਰਵਾਏ ਗਏ ਇਸ ਭਾਸ਼ਣ ਮੁਕਾਬਲੇ ਵਿਚ ਬੀ.ਬੀ.ਏ. ਦੇ ਵਿਦਿਆਰਥੀ ਭਾਰਤ ਭੂਸ਼ਣ ਨੇ ਪਹਿਲਾ, ਬੀ.ਐਸ.ਸੀ. (ਨਾਨ-ਮੈਡੀਕਲ) ਦੀ ਵਿਦਿਆਰਥਣ ਸਿਮਰਨ ਨੇ ਦੂਸਰਾ ਜਦੋਂ ਕਿ ਬੀ.ਏ.-ਬੀ.ਐਡ. ਦੀ ਵਿਦਿਆਰਥਣ ਜੂਹੀ ਨੇ ਤੀਸਰਾ ਸਥਾਨ ਹਾਸਲ ਕੀਤਾ।
ਸਮਾਗਮ ਦੇ ਦੂਸਰੇ ਦਿਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ 100 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਰੈੱਡ ਕਰਾਸ ਬਠਿੰਡਾ ਦੇ ਆਨਰੇਰੀ ਸੈਕਟਰੀ ਦਰਸ਼ਨ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਸਿਵਲ ਹਸਪਤਾਲ, ਬਠਿੰਡਾ ਤੋਂ ਡਾਕਟਰ ਰੀਚਿਕਾ ਗੁਪਤਾ ਅਤੇ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਨਰੇਸ਼ ਪਠਾਣੀਆ (ਫ਼ਸਟ ਏਡ ਮਾਸਟਰ ਟਰੇਨਰ) ਵੀ ਉਚੇਚੇ ਤੌਰ ’ਤੇ ਹਾਜ਼ਰ ਸਨ।
ਇਸ ਸਮਾਗਮ ਦੇ ਤੀਸਰੇ ਦਿਨ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਵੱਲੋਂ ਸਾਰੇ ਖ਼ੂਨਦਾਨੀਆਂ, ਗੀਤ-ਸੰਗੀਤ, ਨੁੱਕੜ ਨਾਟਕ ਅਤੇ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਵਿਦਿਆਰਥੀਆਂ ਨੇ ਸ. ਭਗਤ ਸਿੰਘ ਦੀ ਸਹੀ ਸੋਚ ਤੇ ਪਹਿਰਾ ਦਿੰਦਿਆਂ ਇੱਕ ਬਹੁਤ ਹੀ ਨੇਕ ਕਾਰਜ ਕੀਤਾ ਹੈ ਇਸ ਮੌਕੇ ਉਨ੍ਹਾਂ 50 ਵਾਰ ਖ਼ੂਨਦਾਨ ਕਰਨ ਵਾਲੇ ਕਾਲਜ ਦੀ ਕੰਟੀਨ ਦੇ ਇੰਚਾਰਜ ਸ੍ਰੀ ਪ੍ਰਕਾਸ਼ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ।
ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਤੋਂ ਇਲਾਵਾ ਬੀ.ਐਫ.ਜੀ.ਆਈ. ਦੇ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ, ਡੀਨ, ਵਿਭਾਗ ਮੁਖੀ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ