ਸਾਰੇ ਦੇਸ਼ਾਂ ਨੇ ਜਤਾਈ ਏਜੰਡੇ ‘ਤੇ ਸਹਿਮਤੀ
- ਹੁਣ ਸਾਲ ਭਰ ਏਜੰਡੇ ਨੂੰ ਲੈ ਕੇ ਹੋਏਗਾ ਕੰਮ, ਵੱਖ-ਵੱਖ ਦੇਸ਼ ਰੱਖਣਗੇ ਆਪਣੀ ਸੁਝਾਅ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰਡੀਗੜ੍ਹ ਵਿਖੇ ਸ਼ੁਰੂ ਹੋਈ ਜੀ-20 ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੀ 2 ਦਿਨਾਂ ਬੈਠਕ ਦਾ ਮੰਗਲਵਾਰ ਨੂੰ ਸਮਾਪਨ ਹੋ ਗਿਆ ਹੈ। (Chandigarh G20 Summit) ਜੀ-20 ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਵਿੱਚ ਸ਼ਾਮਲ ਸਾਰੇ ਦੇਸ਼ਾਂ ਵੱਲੋਂ ਵਿੱਤੀ ਆਰਕੀਟੈਕਚਰ ’ਤੇ ਰੱਖੇ ਗਏ ਏਜੰਡੇ ਨੂੰ ਪਾਸ ਕਰ ਦਿੱਤਾ ਗਿਆ ਹੈ। ਹੁਣ ਸਾਲ ਭਰ ਪਾਸ ਹੋਏ ਏਜੰਡੇ ਅਨੁਸਾਰ ਹੀ ਸਾਰੇ ਦੇਸ਼ ਚਰਚਾ ਕਰਨ ਦੇ ਨਾਲ ਹੀ ਆਪਣੇ ਆਪਣੇ ਸੁਝਾਅ ਵੀ ਰੱਖਣਗੇ।
ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੀ 2 ਦਿਨਾਂ ਬੈਠਕ ਵਿੱਚ ਕਾਲੇ ਪੈਸੇ ਅਤੇ ਹਵਾਲਾ ਰਾਹੀਂ ਹੋਣ ਵਾਲੇ ਲੈਣ ਦੇਣ ਨੂੰ ਲੈ ਕੇ ਵੀ ਕਾਫ਼ੀ ਜਿਆਦਾ ਚਰਚਾ ਹੋਈ ਹੈ ਅਤੇ ਇਹ ਮੁੱਦਾ ਕਾਫ਼ੀ ਜਿਆਦਾ ਗੰਭੀਰ ਮੰਨਦੇ ਹੋਏ ਇਸ ਨੂੰ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੇ ਤੱਕ ਕਿ ਕੁਝ ਦੇਸ਼ਾਂ ਨੇ ਦੱਸਿਆ ਕਿ ਉਨਾਂ ਵੱਲੋਂ ਕਿਸ ਤਰੀਕੇ ਨਾਲ ਹਵਾਲਾ ਦੇ ਪੈਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।
-
ਕਾਲੇ ਪੈਸੇ ਅਤੇ ਹਵਾਲਾ ਨੂੰ ਲੈ ਕੇ ਸਾਰੇ ਦੇਸ਼ ਚਿੰਤਤ, ਬੈਠਕ ਵਿੱਚ ਬਣਿਆ ਰਿਹਾ ਮੁੱਦਾ : ਅਨੁ ਪੀ ਮੀਥਾਈ
ਚੰਡੀਗੜ੍ਹ ਵਿਖੇ ਇਸ ਬੈਠਕ ਦੇ ਸਮਾਪਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਇਕਨਾਮਿਕ ਸਲਾਹਕਾਰ ਅਨੁ ਪੀ ਮੀਥਾਈ ਵੱਲੋਂ ਦੱਸਿਆ ਗਿਆ ਕਿ ਜੀ-20 ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਵੱਲੋਂ ਵਿੱਤੀ ਆਰਕੀਟੈਕਚਰ ਏਜੰਡੇ ਨੂੰ ਕੇ ਕਾਫ਼ੀ ਜਿਆਦਾ ਚਰਚਾ ਕੀਤੀ ਗਈ ਹੈ ਅਤੇ ਹੁਣ ਇਸ ਏਜੰਡੇ ’ਤੇ ਅੱਗੇ ਸਾਰਾ ਸਾਲ ਕੰਮ ਹੋਏਗਾ। ਉਨ੍ਹਾਂ ਦੱਸਿਆ ਕਿ ਇਸ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਵਿੱਚ ਕਿਹੜੇ ਕਿਹੜੇ ਏਜੰਡੇ ਚਰਚਾ ਦਾ ਵਿਸ਼ਾ ਰਹੇ ਜਾਂ ਫਿਰ ਕਿਹੜੇ ਦੇਸ਼ ਵੱਲੋਂ ਕੀ-ਕੀ ਬੋਲਿਆ ਗਿਆ, ਇਸ ਬਾਰੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਹਰ ਦੇਸ਼ ਨਾਲ ਮਾਮਲਾ ਜੁੜਿਆ ਹੋਣ ਕਰਕੇ ਇਸ ਨੂੰ ਬੰਦ ਕਮਰਾ ਹੀ ਰੱਖਿਆ ਜਾਏਗਾ। ਉਨਾਂ ਦੱਸਿਆ ਕਿ ਜਿਹੜਾ ਵੀ ਮੁੱਦਾ ਮੀਡੀਆ ਵਿੱਚ ਦੱਸਣਯੋਗ ਹੈ, ਉਸ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਮੀਡੀਆ ਵਿੱਚ ਰੱਖਿਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ (Chandigarh G20 Summit) ਜੀ-20 ਦੀ ਬੈਠਕਾਂ ਦਾ ਦੌਰ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਹੀ ਚਲਦਾ ਰਹੇਗਾ। ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਵਰਕਿੰਗ ਗਰੁੱਪ ਦੀ ਬੈਠਕਾਂ ਹੋਣ ਦੇ ਨਾਲ ਹੀ ਮਾਰਚ ਵਿੱਚ ਅੰਮਿ੍ਰਤਸਰ ਅਤੇ ਚੰਡੀਗੜ ਵਿਖੇ ਮੁੜ ਤੋਂ ਬੈਠਕ ਕੀਤੀ ਜਾਏਗੀ ਪਰ ਇਸ ਦੇ ਵਰਕਿੰਗ ਗਰੁੱਪ ਅਤੇ ਏਜੰਡਾ ਵੱਖਰਾ ਹੋਏਗਾ।
ਜੰਮੂ ਕਸ਼ਮੀਰ ਵਿਖੇ ਬੈਠਕ ਹੋਏਗੀ ਜਾਂ ਫਿਰ ਨਹੀਂ, ਕੇਂਦਰ ਕਰੇਗਾ ਫੈਸਲਾ : ਬੀ ਪੁਰੂਸ਼ਾਰਥਾ
ਜੁਆਇੰਟ ਸਕੱਤਰ ਕੇਂਦਰ ਸਰਕਾਰ ਬੀ. ਪੁਰੂਸ਼ਾਰਥਾ ਨੇ ਦੱਸਿਆ ਕਿ ਜੀ-20 ਵਰਕਿੰਗ ਗਰੁੱਪ ਦੀ ਬੈਠਕ ਜੰਮੂ ਕਸ਼ਮੀਰ ਵਿਖੇ ਵੀ ਕੀਤੀ ਜਾਏਗੀ ਜਾਂ ਫਿਰ ਨਹੀਂ ਕੀਤੀ ਜਾਏਗੀ, ਇਸ ਬਾਰੇ ਕੇਂਦਰ ਸਰਕਾਰ ਅਤੇ ਜੀ-20 ਦਾ ਪ੍ਰੋਗਰਾਮ ਫਾਈਨਲ ਕਰਨ ਵਾਲੀ ਅਥਾਰਿਟੀ ਨੇ ਫੈਸਲਾ ਕਰਨਾ ਹੈ। ਫਿਲਹਾਲ ਜੀ-20 ਵਰਕਿੰਗ ਗਰੁੱਪ ਦੀ ਬੈਠਕਾਂ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ, ਉਸ ਅਨੁਸਾਰ ਹੀ ਬੈਠਕਾਂ ਜਾਰੀ ਰਹਿਣਗੀਆਂ ਪਰ ਇਹ ਬੈਠਕਾਂ ਦਾ ਦੌਰ ਸਾਲ ਭਰ ਚਲਣਾ ਹੈ ਤਾਂ ਕੇਂਦਰ ਸਰਕਾਰ ਨੇ ਅਗਲੇ ਪ੍ਰੋਗਰਾਮ ਵਿੱਚ ਕਿਸੇ ਸੂਬੇ ਵਿੱਚ ਬੈਠਕ ਕਰਵਾਉਣੀ ਹੈ ਜਾਂ ਫਿਰ ਨਹੀਂ ਕਰਵਾਉਣੀ ਹੈ, ਇਹ ਫੈਸਲੇ ਵੱਡੇ ਪੱਧਰ ’ਤੇ ਹੀ ਹੁੰਦੇ ਹਨ। ਇਸ ਲਈ ਮੌਜੂਦਾ ਅਧਿਕਾਰੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਸਕਦੇ ਹਨ।
ਸਥਾਨਕ ਕਲਚਰ ਤੋਂ ਪ੍ਰਭਾਵਿਤ ਹੋਏ ਦੇਸ਼, ਲੋਕਲ ਖਾਣੇ ਨਾਲ ਭੰਗੜਾ ਵੀ ਪਾਇਆ
ਪੈ੍ਰਸ ਕਾਨਫਰੰਸ ਦਰਮਿਆਨ ਅਧਿਕਾਰੀਆਂ ਨੇ ਦੱਸਿਆ ਕਿ ਜੀ-20 ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਵਿੱਚ ਸ਼ਾਮਲ ਦੇਸ਼ਾਂ ਦੇ 100 ਤੋਂ ਜਿਆਦਾ ਡੈਲੀਗੇਟਸ ਨੇ ਚੰਡੀਗੜ੍ਹ ਵਿਖੇ ਬੈਠਕ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਇਥੇ ਦੇ ਲੋਕਲ ਖਾਣੇ ਦਾ ਸੁਆਦ ਲਿਆ ਤਾਂ ਭੰਗੜਾ ਵੀ ਪਾਇਆ ਗਿਆ। ਇਥੇ ਦੇ ਕਲਚਰ ਨੂੰ ਦੇਖ ਕੇ ਜੀ-20 ਦੇਸ਼ ਕਾਫ਼ੀ ਜਿਆਦਾ ਪ੍ਰਭਾਵਿਤ ਹੋਏ ਹਨ ਅਤੇ ਉਨਾਂ ਨੂੰ ਕਾਫ਼ੀ ਜਿਆਦਾ ਚੰਗਾ ਵੀ ਲੱਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜੀ-20 ਵਰਕਿੰਗ ਗਰੁੱਪ ਦੀ ਬੈਠਕਾਂ ਵੱਖ-ਵੱਖ ਸੂਬਿਆਂ ਵਿੱਚ ਕਰਵਾਉਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਉਨਾਂ ਨੂੰ ਦੇਸ਼ ਦੇ ਹਰ ਕੋਨੇ ਦੇ ਕਲਚਰ ਨਾਲ ਜਾਣੂੰ ਕਰਵਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ