ਬੀਐੱਸਐੱਫ਼ ਦੀ ਸਮਝਦਾਰੀ

BSF

ਬੀਤੇ ਦਿਨੀਂ ਗਲਤੀ ਨਾਲ ਭਾਰਤ ’ਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਸਰਹੱਦੀ ਸੁਰੱਖਿਆ ਬਲਾਂ (BSF) ਨੇ ਪੁੱਛ-ਪੜਤਾਲ ਕਰਕੇ ਵਾਪਸ ਭੇਜ ਦਿੱਤਾ। ਬੀਐਸਐਫ਼ ਅਧਿਕਾਰੀਆਂ ਨੇ ਬੜੀ ਚੌਕਸੀ ਤੇ ਸੂਝਬੂਝ ਤੋਂ ਕੰਮ ਲਿਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਦੋਵਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀਂ। ਇਸ ਦੇ ਬਾਵਜ਼ੂਦ ਸਰਹੱਦਾਂ ’ਤੇ ਤੈਨਾਤ ਸੁਰੱਖਿਆ ਬਲਾਂ ਨੇ ਚੌਕਸੀ, ਡਿਊਟੀ ਤੇ ਜ਼ਜ਼ਬੇ ਦਾ ਤਾਲਮੇਲ ਰੱਖਦਿਆਂ ਸੁਰੱਖਿਆ ਤੇ ਮਨੁੱਖਤਾ ਪ੍ਰਤੀ ਆਪਣੀ ਜ਼ਿਮੇਵਾਰੀ ਚੁਸਤੀ-ਫੁਰਤੀ ਤੇ ਸਿਆਣਪ ਨਾਲ ਨਿਭਾਈ ਹੈ।

ਕਈ ਵਾਰ ਤਾਂ ਕੁਝ ਘੰਟਿਆਂ ਅੰਦਰ ਹੀ ਬੀਐਸਐਫ਼ ਨੇ ਵਾਪਸੀ ਕਰਵਾ ਦਿੱਤੀ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ ਹਨ ਜੋ ਮਾਹੌਲ ਦੀ ਕੁੜੱਤਣ ਨੂੰ ਘਟਾਉਂਦੀਆਂ ਹਨ। ਇਹ ਮਸਲਾ ਇਸ ਕਰਕੇ ਵੀ ਗੰਭੀਰ ਹੈ ਕਿਉਂਕਿ ਤਾਰ ਸਿਰਫ ਭਾਰਤ ਵਾਲੇ ਪਾਸੇ ਹੈ ਤੇ ਕਈ ਵਾਰ ਪਾਕਿਸਤਾਨ ਦੇ ਆਮ ਸਿੱਧੇ-ਸਾਦੇ ਲੋਕ ਅਣਜਾਣੇ ’ਚ ਸਰਹੱਦ ਪਾਰ ਕਰ ਜਾਂਦੇ ਹਨ। ਕਈ ਰਸਤਾ ਭੁੱਲ ਜਾਣ ਕਰਕੇ ਸਰਹੱਦ ਪਾਰ ਕਰ ਜਾਂਦੇ ਹਨ।

ਸਰਹੱਦਾਂ ’ਤੇ ਮਾਹੌਲ | BSF

ਕਈ ਵਾਰ ਬਜ਼ੁਰਗ ਤੇ ਬੱਚੇ ਵੀ ਸਰਹੱਦ ਪਾਰ ਕਰ ਚੁੱਕੇ ਹਨ ਜਿਨ੍ਹਾਂ ਦੀ ਵਾਪਸੀ ਲੰਮੀ ਕਾਨੂੰਨੀ ਕਾਰਵਾਈ ਪਿੱਛੋਂ ਹੋਈ। ਸਰਹੱਦਾਂ ’ਤੇ ਚੌਕਸੀ ਜ਼ਰੂਰੀ ਹੈ ਪਰ ਸਰਹੱਦਾਂ ’ਤੇ ਅਜਿਹਾ ਮਾਹੌਲ ਵੀ ਜ਼ਰੂਰੀ ਹੈ ਕਿ ਨਿਰਦੋੋਸ਼ ਲੋਕ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨ। ਕਈ ਵਾਰ ਲੰਮੀ ਕਾਨੂੰਨੀ ਕਾਰਵਾਈ ਕਾਰਨ ਨਿਰਦੋਸ਼ ਵਿਅਕਤੀ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਨ 2016 ’ਚ ਗਲਤੀ ਨਾਲ ਪਾਕਿਸਤਾਨ ’ਚ ਚਲੇ ਗਏ ਇੱਕ ਭਾਰਤੀ ਨਾਗਰਿਕ ਨੂੰ ਭਾਰਤ ਵਾਪਸ ਆਉਣ ਤੱਕ 4 ਸਾਲ ਜੇਲ੍ਹ ਕੱਟਣੀ ਪਈ। ਇਹ ਭਾਰਤੀ ਸੁਰੱਖਿਆ ਬਲਾਂ ਦੀ ਕਾਬਲੀਅਤ ਦੀ ਹੀ ਨਿਸ਼ਾਨੀ ਹੈ ਕਿ ਉਹ ਆਮ ਨਾਗਰਿਕਾਂ ਬਾਰੇ ਸੋਚਣ ਦੀ ਹਿੰਮਤ ਰੱਖਦੇ ਹਨ। (BSF)

ਜੇਕਰ ਦੋਵੇਂ ਮੁਲਕ ਸਰਹੱਦਾਂ ’ਤੇ ਚੌਕਸੀ ਦੇ ਨਾਲ-ਨਾਲ ਇੱਕ-ਦੂਜੇ ਦੇਸ਼ ਦੇ ਨਾਗਰਿਕ ਪ੍ਰਤੀ ਸੰਵੇਦਨਸ਼ੀਲ ਰਵੱਈਆ ਇਸ ਤਰ੍ਹਾਂ ਅਪਣਾਈ ਰੱਖਣ ਤਾਂ ਟਕਰਾਅ ਦੇ ਹਾਲਾਤਾਂ ’ਚ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਰਹੱਦੀ ਪਿੰਡਾਂ-ਸ਼ਹਿਰਾਂ ਦੇ ਲੋਕ ਖਾਸ ਕਰਕੇ ਕੰਡਿਆਲੀ ਤਾਰ ਤੋਂ ਅੱਗੇ ਕੰਮ ਕਰਨ ਜਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਰਹੱਦੀ ਨਿਯਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਸਰਹੱਦਾਂ ਦੇਸ਼ਾਂ ਦੀ ਨਿਸ਼ਾਨਦੇਹੀ ਤੇ ਸੁਰੱਖਿਆ ਤਾਂ ਯਕੀਨੀ ਬਣਾਉਣ ਪਰ ਸੰਵੇਦਨਸ਼ੀਲਤਾ ਵੀ ਕਾਇਮ ਰਹੇ।