ਕੋਵਿਡ ਮਰੀਜਾਂ ਦਾ ਮਹਿੰਗੇ ਤੋਂ ਮਹਿੰਗਾ ਬਿਹਤਰ ਇਲਾਜ ਰਾਜਿੰਦਰਾ ਹਸਪਤਾਲ ‘ਚ ਮੁਫ਼ਤ ਉਪਲਬਧ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਵਿਡ-19 ਦੇ ਮੌਜੂਦਾ ਦੌਰ ‘ਚ ਸਾਹ ਚੜਨ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਮ ਲੋਕਾਂ ਨੂੰ ਇਸ ਗੱਲ ਦੇ ਭੁਲੇਖੇ ‘ਚ ਨਹੀਂ ਰਹਿਣਾ ਚਾਹੀਦਾ ਕਿ ਸਾਹ ਔਖਾ ਆਉਣ ‘ਤੇ ਉਹ ਆਪਣੇ ਘਰ ‘ਚ ਹੀ ਆਕਸੀਜਨ ਲਗਾ ਲੈਣਗੇ। ਇਹ ਪ੍ਰਗਟਾਵਾ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੇ ਰਜਿੰਦਰਾ ਹਸਪਤਾਲ ਦੇ ਪ੍ਰੋਫੈਸਰ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਰਾਮਿੰਦਰ ਪਾਲ ਸਿੰਘ ਸਿਬੀਆ ਨੇ ਕੀਤਾ। ਉਨ੍ਹਾਂ ਕਿਹਾ ਕਿ 85 ਫੀਸਦੀ ਲੋਕਾਂ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਆਉਂਦੇ ਪਰੰਤੂ ਬਾਕੀਆਂ ‘ਚ ਗੰਭੀਰ ਅਲਾਮਤਾਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ‘ਚ ਸਾਹ ਚੜਨ, ਬੁਖਾਰ ਤੇ ਹੋਰ ਕਈ ਕਿਸਮ ਦੇ ਲੱਛਣ ਸ਼ਾਮਲ ਹਨ, ਜਿਸ ਲਈ ਇਨ੍ਹਾਂ ਨੂੰ ਅੱਖੋਂ ਪਰੋਖੇ ਕਰਨਾ ਜਾਨ ਲੇਵਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਬੇਸ਼ੱਕ ਲਾਇਲਾਜ ਹੈ
ਪਰੰਤੂ ਇਸ ਦੀ ਲਾਗ ਹੋਣ ‘ਤੇ ਮਰੀਜ ਨੂੰ ਹੋਰ ਕਈ ਤਰ੍ਹਾਂ ਦੀਆਂ ਅਲਾਮਤਾ ਮੌਤ ਦੇ ਮੂੰਹ ‘ਚ ਪਾ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਵਿਸ਼ਵਾਸ਼ ਕਰਨ ਅਤੇ ਘਰੇਲੂ ਓਹੜ-ਪੋਹੜ ਕਰਨ ਦੀ ਜਗ੍ਹਾ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵਧੇਰੇ ਮੌਤਾਂ ਹੋਣ ਦਾ ਇੱਕੋ-ਇੱਕ ਕਾਰਨ ਹੈ ਕਿ ਜਦੋਂ ਤੱਕ ਮਰੀਜ ਹਸਪਤਾਲ ਆਉਂਦਾ ਹੈ, ਉਸ ਸਮੇਂ ਤੱਕ ਉਸ ਦਾ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਮੈਡੀਸਨ ਵਿਭਾਗ ਦੇ ਮੁੱਖੀ ਨੇ ਸਪੱਸ਼ਟ ਕੀਤਾ ਕਿ ਸਾਹ ਔਖਾ ਆਉਣ ਵਾਲੇ ਮਰੀਜਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਆਕਸੀਜਨ ਲਗਾਈ ਜਾਂਦੀ ਹੈ, ਜੋਕਿ ਘਰ ‘ਚ ਕਰਨਾ ਆਸਾਨ ਕੰਮ ਨਹੀਂ ਹੈ।
ਡਾ. ਆਰ.ਪੀ.ਐਸ. ਸਿਬੀਆ, ਜੋ ਕਿ ਆਪਣੀ ਧਰਮ ਪਤਨੀ ਅਤੇ ਗਾਇਨੀ ਦੇ ਮਾਹਰ ਡਾਕਟਰ ਪ੍ਰੀਤਕੰਵਲ ਸੰਧੂ ਸਿਬੀਆ ਸਮੇਤ ਕੋਵਿਡ ਪਾਜਿਟਿਵ ਆਏ ਸਨ ਅਤੇ ਸਿਹਤਯਾਬ ਹੋਣ ਮਗਰੋਂ ਆਪਣੀ ਡਿਊਟੀ ‘ਤੇ ਪਰਤ ਆਏ ਹਨ, ਦਾ ਕਹਿਣਾ ਸੀ ਕਿ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਕੋਵਿਡ ਬਲਾਕ ‘ਚ ਮਰੀਜਾਂ ਦੇ ਹਰ ਤਰ੍ਹਾਂ ਦੇ ਇਲਾਜ ਦੀਆਂ ਪੂਰੀਆਂ ਸਹੂਲਤਾਂ ਮੁਫ਼ਤ ਉਪਲਬੱਧ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਮਰੀਜਾਂ ਲਈ ਮਹਿੰਗੇ ਟੈਸਟ, ਜਿਨ੍ਹਾਂ ‘ਚ ਡੀ-ਡਾਇਮਰ, ਪ੍ਰੋਕੈਲਸੀਟੋਨਐਨ, ਐਕਸਰੇ, ਸੀਟੀ ਸਕੈਨ, ਡਾਇਲੇਸਿਸ, ਮਹਿੰਗੇ ਟੀਕੇ ਟੂਸੀ ਆਦਿ, ਖ਼ੂਨ ਪਤਲਾ ਕਰਨ ਦੀ ਦਵਾਈ ਸਮੇਤ ਮੁਫ਼ਤ ਖਾਣਾ ਪੀਣਾ ਮੁਹੱਈਆ ਕਰਵਾਇਆ ਜਾਂਦਾ ਹੈ। ਡਾ. ਸਿਬੀਆ ਨੇ ਅਖੀਰ ‘ਚ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਮਰੀਜਾਂ ਮਰੀਜਾਂ ਨੂੰ ਉਪਚਾਰ ਦੀ ਲੋੜ ਦੇ ਮੱਦੇਨਜ਼ਰ ਹਸਪਤਾਲ ਤੁਰੰਤ ਇਲਾਜ ਲਈ ਦਾਖਲ ਕਰਵਾਇਆ ਜਾਵੇ ਨਾ ਕਿ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਕਰਕੇ ਆਪਣੀ ਜਾਨ ਨੂੰ ਖ਼ਤਰੇ ‘ਚ ਪਾਇਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.