Dussehra 2024: ਸਤੰਬਰ ਮਹੀਨਾ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਅਲਵਿਦਾ ਹੋਣ ਨਾਲ ਅਕਤੂਬਰ ਮਹੀਨਾ ਦਸਤਕ ਦੇ ਕੇ ਮੇਲੇ ਅਤੇ ਤਿਉਹਾਰਾਂ ਦਾ ਚੇਤਾ ਕਰਵਾ ਰਿਹਾ ਹੈ। ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਸਰਾਧ ਖਤਮ ਹੋ ਕੇ ਨਵਰਾਤਰੇ ਸ਼ੁਰੂ ਹੋ ਗਏ ਹਨ। ਨਵਰਾਤਰੇ ਮਾਤਾ ਦੇ ਨੌਂ ਰੂਪਾਂ ਦੀ ਮਹਿਮਾ ਹਨ ਹਰ ਰੋਜ਼ ਮਾਤਾ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਹ ਪੂਜਾ ਨੌਂ ਦਿਨਾਂ ਤੱਕ ਚੱਲਦੀ ਹੈ।
ਇਨ੍ਹਾਂ ਨੌਂ ਦਿਨਾਂ ਵਿੱਚ ਰਾਮ ਲੀਲ੍ਹਾ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਭਗਵਾਨ ਰਾਮ ਚੰਦਰ ਜੀ ਦੀ ਰਾਮ ਚਰਿੱਤਰ ਮਾਨਸ ’ਤੇ ਆਧਾਰਿਤ ਝਾਕੀਆਂ ਕੱਢੀਆਂ ਜਾਂਦੀਆਂ ਹਨ। ਨੌਂ ਦਿਨਾਂ ਤੋਂ ਬਾਅਦ ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਆਉਂਦਾ ਹੈ ਜਿਸਨੂੰ ਵਿਜੈ ਦਸਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਬਜ਼ਾਰਾਂ ਵਿੱਚ ਜਿੱਥੇ ਚਹਿਲ-ਪਹਿਲ ਹੁੰਦੀ ਹੈ, ਉੱਥੇ ਸ਼ਾਮ ਨੂੰ ਬੱਚਿਆਂ ਦੇ ਨਾਲ-ਨਾਲ ਹਰ ਇੱਕ ਵਰਗ ਦੇ ਵਿਅਕਤੀਆਂ ਨੂੰ ਉਡੀਕ ਹੁੰਦੀ ਹੈ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਦੇ ਦਹਿਨ ਦੀ, ਜਿਨ੍ਹਾਂ ਨੂੰ ਸ਼ਹਿਰ ਤੋਂ ਦੂਰ ਕਿਤੇ ਖੁੱਲ੍ਹੀ ਜਗ੍ਹਾ ’ਤੇ ਇਨ੍ਹਾਂ ਦੇ ਬੁੱਤ ਬਣਾ ਕੇ ਸਾੜ ਦਿੱਤਾ ਜਾਂਦਾ ਹੈ।
Dussehra 2024
ਬਲਦੇ-ਸੜਦੇ ਤਿੰਨੋਂ ਬੁੱਤ ਇਸ ਗੱਲ ਦੀ ਗਵਾਹੀ ਭਰਦੇ ਦਿਖਾਈ ਦਿੰਦੇ ਹਨ ਕਿ ਬੁਰਾਈ ਦੀ ਰਾਤ ਚਾਹੇ ਕਿੰਨੀ ਵੀ ਲੰਮੀ ਕਿਉਂ ਨਾ ਹੋਵੇ ਉਹ ਸੱਚਾਈ ਦਾ ਸੂਰਜ ਚੜ੍ਹਨ ਤੋਂ ਰੋਕ ਨਹੀਂ ਸਕਦੀ। ਬੁਰਾਈ ਦਾ ਇੱਕ ਨਾ ਇੱਕ ਅੰਤ ਜ਼ਰੂਰ ਹੁੰਦਾ ਹੈ। ਜਦੋਂ ਜ਼ੁਲਮ ਦੀ ਇੰਤਹਾ ਹੋ ਜਾਂਦੀ ਹੈ ਤਾਂ ਉਸ ਨੂੰ ਖ਼ਤਮ ਕਰਨ ਲਈ ਪਰਮਾਤਮਾ ਖੁਦ ਧਰਤੀ ’ਤੇ ਪ੍ਰਗਟ ਹੋ ਕੇ ਜ਼ੁਲਮ ਦੀ ਹਕੂਮਤ ਨੂੰ ਮਿਟਾ ਕੇ ਸੱਚਾਈ ਅਤੇ ਅੱਛਾਈ ਦਾ ਰਾਜ ਕਾਇਮ ਕਰਦਾ ਹੈ।
Dussehra 2024
ਕਦੋਂ ਤੋਂ ਰਾਵਣ ਦੇ ਪੁਤਲੇ ਫੂਕਣੇ ਸ਼ੁਰੂ ਹੋਏ ਇਸ ਬਾਰੇ ਤਸੱਲੀਬਖਸ਼ ਜਵਾਬ ਦੇਣਾ ਮੁਸ਼ਕਿਲਾਂ ਭਰਪੂਰ ਹੈ ਪਰੰਤੂ ਇਹ ਹਰ ਸਾਲ ਸਦੀਆਂ ਤੋਂ ਸਾੜੇ ਜਾਂਦੇ ਰਹੇ ਹਨ। ਹਰ ਸਾਲ ਰਾਵਣ ਸਾੜੇ ਜਾਂਦੇ ਹਨ ਪਰੰਤੂ ਇਹ ਸਿਰਫ ਪੁਤਲੇ ਹਨ ਅਸਲੀ ਰਾਵਣ ਜੋ ਸਮਾਜ ਨੂੰ ਖੋਖਲਾ ਕਰ ਰਹੇ ਹਨ ਉਹ ਤਾਂ ਦਿਨੋ-ਦਿਨ ਵਧ-ਫੁੱਲ ਰਹੇ ਹਨ। ਉਨ੍ਹਾਂ ਦਾ ਤਾਂ ਵਾਲ ਵੀ ਵਿੰਗਾ ਨਹੀਂ ਹੋ ਰਿਹਾ। ਅੱਜ ਔਰਤ, ਜਿਸ ਦੀ ਨਰਾਤਿਆਂ ਵਿੱਚ ਦੁਰਗਾ, ਦੇਵੀ ਅਤੇ ਹੋਰ ਕਿੰਨੇ ਨਾਵਾਂ ਨਾਲ ਪੂਜਾ ਕੀਤੀ ਜਾਂਦੀ ਹੈ, ਕੀ ਉਹ ਸਕੂਲ ਜਾਂਦੀ, ਘਰ ਜਾਂਦੀ ਜਾਂ ਦਫਤਰ ਜਾਂਦੀ ਸੁਰੱਖਿਅਤ ਹੈ।
ਚੈਨ, ਕਾਂਟੇ ਜਾਂ ਆਬਰੂ ਨੂੰ ਹੱਥ ਪਾਉਣ ਵਾਲੇ ਰਾਵਣ ਕਦੋਂ ਅਚਾਨਕ ਆ ਜਾਣ ਇਸ ਦਾ ਤਾਂ ਕੋਈ ਪਤਾ ਨਹੀਂ ਲੱਗਦਾ। ਇੱਕ ਪਾਸੇ ਤਾਂ ਛੋਟੀਆਂ ਬੱਚੀਆਂ ਨੂੰ ਕੰਜਕਾਂ ਖਵਾ ਕੇ ਉਨ੍ਹਾਂ ਦੇ ਪੈਰ ਧੋਂਦੇ ਹੋਏ ਪੂਜਾ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਹੀ ਕੰਜਕਾਂ ਨੂੰ ਪਤਾ ਨਹੀਂ ਕਿੰਨੇ ਸਮਾਜ ਵਿੱਚ ਘੁੰਮਦੇ ਦਹਿਸ਼ਤ ਫੈਲਾ ਰਹੇ ਰਾਵਣ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ। ਨੌਂ ਦਿਨ ਜਿਨ੍ਹਾਂ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ, ਜੇ ਉਹੀ ਬੇਟੀ ਜਾਂ ਧੀ ਬਣ ਕੇ ਜਨਮ ਲੈ ਲਵੇ ਤਾਂ ਸਾਡੇ ਚਿਹਰੇ ’ਤੇ ਉਦਾਸੀਆਂ ਛਾਂ ਜਾਂਦੀਆਂ ਹਨ। ਅਸਲੀਅਤ ਤਾਂ ਇਹ ਹੈ ਕਿ ਹਾਥੀ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਦੰਦ ਹੋਰ ਹਨ।
Read Also : Fazilka News: ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ ਦੀ ਫਾਜ਼ਿਲਕਾ ਡਵੀਜ਼ਨ ਦੀ ਚੋਣ
ਅਸੀਂ ਚਾਹੁੰਦੇ ਹਾਂ ਭਗਤ ਸਿੰਘ ਜੰਮੇ ਤਾਂ ਸਹੀ ਪਰ ਜੰਮੇ ਗੁਆਂਢੀਆਂ ਦੇ। ਕੰਜਕਾਂ ਤਾਂ ਪੂਜਣਾ ਚਾਹੁੰਦੇ ਹਾਂ ਪਰੰਤੂ ਇੱਕ ਦਿਨ ਉਹ ਵੀ ਫਾਰਮੈਲਿਟੀ ਵਾਸਤੇ ਤਾਂ ਕਿ ਅਸੀਂ ਦਿਖਾ ਸਕੀਏ ਕਿ ਅਸੀਂ ਵੀ ਧੀਆਂ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਹਾਂ। ਕੀ ਇਹ ਹੋ ਸਕਦਾ ਹੈ ਕਿ ਅਸੀਂ ਧੀਆਂ ਅਤੇ ਕੰਜਕਾਂ ਪ੍ਰਤੀ ਪੂਰਾ ਸਾਲ ਤਾਂ ਬੇਰੁਖੀ ਦਿਖਾਈਏ ਤੇ ਇੱਕ ਦਿਨ ਪੂਜਾ ਕਰੀਏ, ਇਸ ਤਰ੍ਹਾਂ ਮਾਤਾ ਖੁਸ਼ ਹੋ ਜਾਵੇਗੀ? ਕਦੇ ਵੀ ਨਹੀਂ। ਸਾਨੂੰ ਆਪਣਾ ਉੱਲੂ ਸਿੱਧਾ ਕਰਨ ਦੀ ਪਿਰਤ ਨੂੰ ਛੱਡਣਾ ਹੋਵੇਗਾ।
ਅਸੀਂ ਹਰ ਸਾਲ ਰਾਵਣ ਫੂਕਦੇ ਹਾਂ ਪਰੰਤੂ ਆਪਣੇ ਅੰਦਰਲਾ ਰਾਵਣ, ਜੋ ਸਾਨੂੰ ਬੁਰਾਈ ਵੱਲ ਜਾਣ ਦੀ ਪ੍ਰੇਰਨਾ ਦਿੰਦਾ ਸਾਡੇ ਮਨ ਨੂੰ ਉਕਸਾਉਂਦਾ ਹੈ, ਉਸ ਨੂੰ ਕਦੋਂ ਸਾੜਾਂਗੇ। ਜਿੰਨਾ ਸਮਾਂ ਅਸੀਂ ਆਪਣੇ ਅੰਦਰਲੇ ਹੰਕਾਰੀ, ਮਤਲਬਖੋਰੀ, ਝੂਠੇ ਅਤੇ ਨੈਤਿਕਤਾ ਤੋਂ ਵਿਹੂਣੇ ਰਾਵਣ ਨੂੰ ਸਾੜਾਂਗੇ ਨਹੀਂ ਉਦੋਂ ਤੱਕ ਰਾਮ ਰਾਜ ਕਾਇਮ ਕਰਨਾ ਮੁਸ਼ਕਿਲ ਹੀ ਨਹੀਂ ਅਸੰਭਵ ਹੈ।
ਰਜਵਿੰਦਰ ਪਾਲ ਸ਼ਰਮਾ
ਮੋ. 70873-67969