ਆਓ! ਕਰੀਏ ਬਚਪਨ ਯਾਦ

ਆਓ! ਕਰੀਏ ਬਚਪਨ ਯਾਦ

ਕਦੇ-ਕਦੇ ਪੁਰਾਣੇ ਸਮੇਂ ਯਾਦ ਕਰਦਿਆਂ ਬਹੁਤ ਹਾਸਾ ਵੀ ਆਉਂਦਾ ਹੈ ਤੇ ਮਨ ਭਰਨਾ ਵੀ ਸੁਭਾਵਿਕ ਹੁੰਦਾ ਹੈ ਕਿਉਂਕਿ ਓਹ ਸਮੇਂ ਵਾਪਿਸ ਤਾਂ ਕਦੇ ਆ ਨਹੀਂ ਸਕਦੇ ਪਰ ਯਾਦਾਂ ਤਾਂ ਆਪਾਂ ਸਾਂਝੀਆਂ ਕਰ ਹੀ ਸਕਦੇ ਹਾਂ ਓਹ ਗੱਲ ਅਲਹਿਦਾ ਹੈ ਕਿ ਅਜੋਕੀ ਪੀੜ੍ਹੀ ਨੂੰ ਬੇਸ਼ੱਕ ਇਹ ਗੱਲਾਂ ਚੰਗੀਆਂ ਨਾ ਲੱਗਣ ਪਰ ਜਿਹੜੇ ਮੇਰੇ ਹਮਉਮਰ ਜਾਂ ਸੱਤਰ-ਅੱਸੀ ਸਾਲ ਦੇ ਹੋਣਗੇ।  ਓਹ ਜਰੂਰ ਇਹੋ-ਜਿਹੀਆਂ ਗੱਲਾਂ ਗਹੁ ਨਾਲ ਪੜ੍ਹਦੇ ਵੀ ਹਨ। ਪੁਰਾਤਨ ਸਮਿਆਂ ਵਿੱਚ ਜੇਕਰ ਕਿਸੇ ਨੂੰ ਬੁਖਾਰ ਹੋ ਜਾਣਾ ਤਾਂ ਅਕਸਰ ਹੀ ਪੁਰਾਣੇ ਬਜੁਰਗਾਂ ਨੇ ਕਹਿਣਾ ਕਿ ਮਿੱਟੀ ਵਿੱਚ ਲਿਟੋ ਤਾਂ ਕਿ ਇਹ ਬੁਖਾਰ ਫਿਰ ਨਾ ਆਵੇ।

ਇਹ ਹਕੀਕੀ ਗੱਲਾਂ ਨੇ ਹਰ ਘਰ ਵਿੱਚ ਪਸ਼ੂ-ਡੰਗਰ ਰੱਖਣ ਕਰਕੇ ਨਿੱਕੇ ਹੁੰਦਿਆਂ ਕਟਰੂ ਜਾਂ ਵਛਰੂ ਨਾਲ ਹੀ ਖੇਡੀ ਜਾਣਾ, ਗੁੱਲੀ ਡੰਡਾ ਖੇਡ ਵੀ ਬਹੁਤ ਪਿਆਰੀ ਸੀ ਜਿਸ ਨਾਲ ਪੂਰੀ ਵਰਜਿਸ਼ ਹੋ ਜਾਂਦੀ ਸੀ ਤੇ ਕੋਈ ਹਿੰਗ ਫਟਕੜੀ ਵੀ ਨਹੀਂ ਸੀ ਲੱਗਦੀ ਪਿੰਡ ਦੇ ਤਰਖ਼ਾਣ ਤੋਂ ਹੀ ਬਾਬਾ/ਚਾਚਾ ਜਾਂ ਤਾਇਆ ਕਹਿ ਕੇ ਬਣਾ ਲੈਣਾ ਗੁੱਲੀ ਡੰਡਾ ਇਸੇ ਤਰ੍ਹਾਂ ਸਾਈਕਲ ਦੇ ਟਾਇਰਾਂ ਨੂੰ ਇੱਕ ਛੋਟੀ ਜਿਹੀ ਸੋਟੀ ਦੇ ਅਗਲੇ ਪਾਸੇ ਲੋਹੇ ਦੇ ਸਰੀਏ ਦੀ ਕੁੰਡੀ ਬਣਾ ਕੇ ਸਾਰਾ-ਸਾਰਾ ਦਿਨ ਘੁਮਾਈ ਫਿਰਨਾ ਨਾ ਕਦੇ ਥੱਕਣਾ ਤੇ ਨਾ ਕਦੇ ਅੱਕਣਾ ਵਾਰੋ-ਵਾਰੀ ਇਹ ਖੇਡ ਵੀ ਬਹੁਤ ਖੇਡਿਆ ਕਰਦੇ ਸਾਂ।

Childhood

ਲੰਮੀ ਰੱਸੀ ਲੈ ਕੇ ਦੋਨੋਂ ਹੱਥਾਂ ਨਾਲ ਓਹਦਾ ਮੋਰ ਪੰਖ ਬਣਾਉਣਾ

ਤੂਤ ਦੀਆਂ ਛਿਟੀਆਂ ਦੇ ਟੋਕਰੇ ਥੱਲੇ ਚਿੜੀਆਂ-ਕਬੂਤਰ ਤਾੜਨ ਦਾ ਵੀ ਇੱਕ ਅਲੱਗ ਕਿਸਮ ਦਾ ਮਜ਼ਾ ਸੀ ਟੋਕਰੇ ਥੱਲੇ ਛੋਟੀ ਜਿਹੀ ਸੋਟੀ ਨਾਲ ਲੰਮੀ ਰੱਸੀ ਬੰਨ੍ਹ ਕੇ ਦੂਰ ਬੈਠੇ ਰਹਿਣਾ ਟੋਕਰੇ ਥੱਲੇ ਰੋਟੀ ਦੇ ਟੁਕੜੇ ਪਾ ਦੇਣੇ ਜਿਉਂ ਹੀ ਕਿਸੇ ਚਿੜੀ ਜਾਂ ਘੁੱਗੀ ਨੇ ਰੋਟੀ ਖਾਣ ਆਉਣਾ ਝੱਟ ਰੱਸੀ ਖਿੱਚ ਲੈਣੀ ਚਿੜੀਆਂ ਘੁੱਗੀਆਂ ਨੂੰ ਟੋਕਰੇ ਅੰਦਰ ਤਾੜ ਦੇਣਾ ਪਰ ਓਹਨਾਂ ਨੂੰ ਮਾਰਦੇ ਨਹੀਂ ਸਾਂ ਇਹ ਸਿਰਫ਼ ਮਨ ਪ੍ਰਚਾਵੇ ਲਈ ਹੀ ਖੇਡਿਆ ਕਰਦੇ ਸਾਂ।  ਇਸੇ ਤਰ੍ਹਾਂ ਲੰਮੀ ਰੱਸੀ ਲੈ ਕੇ ਦੋਨੋਂ ਹੱਥਾਂ ਨਾਲ ਓਹਦਾ ਮੋਰ ਪੰਖ ਬਣਾਉਣਾ ਤੇ ਵਾਰ-ਵਾਰ ਦੁਹਰਾਈ ਜਾਣਾ ਤੇ ਫਿਰ ਇਸੇ ਤਰ੍ਹਾਂ ਇਹ ਵਾਰੀ ਦੂਜੇ ਸਾਥੀ ਨੂੰ ਦੇਣੀ।

ਗੀਟਿਆਂ ਦੀ ਖੇਡ

ਗੀਟਿਆਂ ਦੀ ਖੇਡ ਵੀ ਬਹੁਤ ਪਿਆਰੀ ਖੇਡ ਹੋਇਆ ਕਰਦੀ ਸੀ ਬੇਸ਼ੱਕ ਬਹੁਤ ਸਾਰੀਆਂ ਐਸੀਆਂ ਖੇਡਾਂ ਸਨ। ਜਿਨ੍ਹਾਂ ਨੂੰ ਕੁੜੀਆਂ ਤੇ ਮੁੰਡੇ ਰਲ-ਮਿਲ ਕੇ ਖੇਡਦੇ ਰਹੇ ਹਨ ਕਦੇ ਕਿਸੇ ਵੀ ਪਰਿਵਾਰ ਨੂੰ ਕੋਈ ਸ਼ਿਕਾਇਤ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਹੁੰਦੀ ਸਮੇਂ ਬਹੁਤ ਭਲੇ ਸਨ, ਇਸ ਕਰਕੇ ਆਂਢ-ਗੁਆਂਢ ਵਿੱਚ ਰਲ-ਮਿਲ ਕੇ ਖੇਡਦੇ ਰਹਿਣਾ। ਜਿੱਥੇ ਇਨ੍ਹਾਂ ਖੇਡਾਂ ਨਾਲ ਮਨ ਪ੍ਰਚਾਵਾ ਹੁੰਦਾ ਸੀ, ਉੱਥੇ ਸਰੀਰ ਦੇ ਵਿਕਾਸ ਲਈ ਵੀ ਇਹ ਖੇਡਾਂ ਅਤਿ ਜ਼ਰੂਰੀ ਹੋਇਆ ਕਰਦੀਆਂ ਸਨ ਤੇ ਹੈਰਾਨੀ ਵਾਲੀ ਗੱਲ ਕਿ ਇਹ ਸਾਰੀਆਂ ਹੀ ਖੇਡਾਂ ਖੇਡਣ ਤੇ ਬਣਾਉਣ ‘ਤੇ ਇੱਕ ਪੈਸਾ ਵੀ ਖਰਚ ਨਹੀਂ ਸੀ ਆਉਂਦਾ। ਜੇਕਰ ਅਜੋਕੇ ਸਮਿਆਂ ਨਾਲ ਓਹਨਾਂ ਸਮਿਆਂ ਦੀ ਤੁਲਨਾ ਕਰੀਏ ਤਾਂ ਜ਼ਮੀਨ-ਅਸਮਾਨ ਦਾ ਅੰਤਰ ਆ ਚੁੱਕਾ ਹੈ।

ਖੇਡਾਂ ਦੀ ਜਗ੍ਹਾ ਮੋਬਾਇਲਾਂ ਤੇ ਇੰਟਰਨੈੱਟ ਤੇ ਐਲ ਸੀ ਡੀਆਂ, ਟੀ ਵੀਆਂ ਤੇ ਮੀਡੀਏ ਦੇ ਯੁੱਗ ਨੇ ਲੈ ਲਈ ਹੈ

ਅਜੋਕੀਆਂ ਖੇਡਾਂ ਵਿੱਚ ਕਿਉਂਕਿ ਅੱਜ ਅਸੀਂ ਬਹੁਤ ਪੈਸੇ ਵਾਲੇ ਧਨਾਢ ਲੋਕ ਹੋ ਚੁੱਕੇ ਹਾਂ ਇਸ ਕਰਕੇ ਸਾਡੇ ਕੋਲ ਬਹੁਤ ਨੋਟਾਂ ਦੇ ਗੱਫ਼ੇ ਆ ਗਏ ਹਨ ਸਾਡੀ ਅਜੋਕੀ ਪੀੜ੍ਹੀ ਨੂੰ ਹੁਣ ਇਹ ਉਪਰੋਕਤ ਸਾਰੀਆਂ ਹੀ ਖੇਡਾਂ ਹੀ ਨਹੀਂ ਬਲਕਿ ਉਨ੍ਹਾਂ ਦੇ ਨਾਂਅ ਤੱਕ ਵੀ ਯਾਦ ਨਹੀਂ ਤੇ ਖੇਡਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਹਨ ।  ਹੁਣ ਇਨ੍ਹਾਂ ਖੇਡਾਂ ਦੀ ਜਗ੍ਹਾ ਮੋਬਾਇਲਾਂ ਤੇ ਇੰਟਰਨੈੱਟ ਤੇ ਐਲ ਸੀ ਡੀਆਂ, ਟੀ ਵੀਆਂ ਤੇ ਮੀਡੀਏ ਦੇ ਯੁੱਗ ਨੇ ਲੈ ਲਈ ਹੈ ਜਿਵੇਂ ਕਿ ਆਮ ਕਹਾਵਤ ਵੀ ਹੈ ਕਿ ਨਵੇਂ-ਨਵੇਂ ਮਿੱਤ ਤੇ ਪੁਰਾਣੇ ਕੀਹਦੇ ਚਿੱਤ।

Come on! Let’s remember childhood

ਗੱਲ ਸਮੇਂ-ਸਮੇਂ ਦੀ ਹੁੰਦੀ ਹੈ ਅਸੀਂ ਤਾਂ ਇਹ ਸਾਰੇ ਸਮੇਂ ਆਪਣੇ ਸਰੀਰ ਨਾਲ ਹੰਢਾਏ ਹਨ ਭਾਵ ਇਨ੍ਹਾਂ ਖੇਡਾਂ ਨਾਲ ਖੇਡਦੇ ਰਹੇ ਹਾਂ, ਇਸੇ ਕਰਕੇ ਹੀ ਕਦੇ ਕਦੇ ਇਹੋ-ਜਿਹੀਆਂ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਕੇ ਆਪਣੇ ਅਤੀਤ ਨੂੰ ਯਾਦ ਕਰ ਲਈਦਾ ਹੈ ਬਦਲੇ ਸਮੇਂ ਨਾਲ ਆਪਾਂ ਨੂੰ ਬਦਲਣਾ ਪਵੇਗਾ ਇਹ ਬਿਲਕੁਲ ਸੱਚ ਹੈ ਪਰ ਆਪਣੇ ਅਤੀਤ ਨਾਲ ਜੁੜ ਕੇ ਰਹੀਏ ਝੂਠ ਇਹ ਵੀ ਨਹੀਂ ਹੈ । ਸਾਡੇ ਪੁਰਾਤਨ ਬਜ਼ੁਰਗਾਂ ਨੂੰ ਇਹ ਗੱਲਾਂ ਅਜੋਕੀ ਪੀੜ੍ਹੀ ਨੂੰ ਦੱਸਦੇ ਰਹਿਣਾ ਚਾਹੀਦਾ ਹੈ। ਪਰ ਜੇਕਰ ਸੁਣਨ ਤਾਂ ਹੀ ਦੱਸ ਸਕਦੇ ਹਾਂ ਕਿਉਂਕਿ ਉਨ੍ਹਾਂ ਕੋਲ ਕੰਪਿਊਟਰ, ਮੋਬਾਇਲ, ਇੰਟਰਨੈੱਟ ਵਿਚੋਂ ਸਮਾਂ ਹੀ ਨਹੀਂ ਨਿੱਕਲ਼ਦਾ ਬਾਕੀ ਰੂਚੀ ਵੀ ਹੋਣੀ ਚਾਹੀਦੀ ਹੈ । ਇਹ ਵੀ ਨਹੀਂ ਕਿ ਕਿਸੇ ਨੂੰ ਰੂਚੀ ਨਹੀਂ, ਕੋਈ-ਕੋਈ ਬੱਚਾ ਤਾਂ ਇਹ ਗੱਲਾਂ ਪੁੱਛਦਾ ਵੀ ਹੈ ਸਮਝਦਾ ਵੀ ਹੈ ਤੇ ਗੌਰ ਵੀ ਕਰਦਾ ਹੈ ਪਰ ਜ਼ਿਆਦਾਤਰ ਨਾਂਹ-ਪੱਖੀ ਬੱਚੇ ਜਿਨ੍ਹਾਂ ਨੂੰ ਇਨ੍ਹਾਂ ਖੇਡਾਂ ਨਾਲ ਕੋਈ ਵੀ ਸਰੋਕਾਰ ਨਹੀਂ ਹੈ ਤੇ ਨਾ ਹੀ ਕੋਈ ਦਿਲਚਸਪੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.