ਆਓ! ਹਰ ਦਿਨ ਤੋਂ ਨਵੀਂ ਸ਼ੁਰੂਆਤ ਕਰੀਏ

Positive Attitude Sachkahoon

ਆਓ! ਹਰ ਦਿਨ ਤੋਂ ਨਵੀਂ ਸ਼ੁਰੂਆਤ ਕਰੀਏ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਡੀ ਜਿੰਦਗੀ ਵਿੱਚ ਬਹੁਤ ਉਤਾਰ-ਚੜ੍ਹਾਅ ਆਉਂਦੇ ਹਨ। ਇਹ ਉਤਾਰ-ਚੜ੍ਹਾਅ ਸਾਨੂੰ ਜਿੰਦਗੀ ਨੂੰ ਹੋਰ ਵਧੀਆ ਜਿਉਣ ਲਈ ਪ੍ਰੇਰਿਤ ਕਰਦੇ ਹਨ। ਜੋ ਇਨਸਾਨ ਅਜਿਹੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦਾ ਹੈ, ਉਹ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ। ਕਦੇ ਵੀ ਉਦਾਸ ਨਾ ਬੈਠੋ। ਕਦੇ ਵੀ ਇਹ ਨਾ ਸੋਚੋ ਕਿ ਮੇਰੀ ਕਿਸਮਤ ਬਹੁਤ ਮਾੜੀ ਹੈ। ਜੇ ਜਿੰਦਗੀ ਵਿੱਚ ਕਿਸੇ ਮੁਕਾਮ ’ਤੇ ਸਫਲਤਾ ਨਹੀਂ ਮਿਲਦੀ ਤਾਂ ਉਸ ’ਤੇ ਵਿਚਾਰ ਕਰੋ। ਸਾਡੀ ਕਿਹੜੀ ਅਜਿਹੀ ਕਮੀ ਰਹਿ ਗਈ ਕਿ ਸਾਨੂੰ ਉਹ ਟੀਚਾ ਹਾਸਲ ਨਾ ਹੋ ਸਕਿਆ। ਆਪਣੇ-ਆਪ ਨੂੰ ਹੋਰ ਮਜ਼ਬੂਤ ਕਰੋ। ਗਲਤੀਆਂ ਤੋਂ ਸਿੱਖੋ। ਆਪਣੇ ਅੰਦਰ ਅਜਿਹਾ ਜਨੂੰਨ ਪੈਦਾ ਕਰੋ ਕਿ ਮੈਂ ਇਹ ਟੀਚਾ ਹਾਸਲ ਕਰ ਸਕਦਾ ਹਾਂ। ਮੈਂ ਇਹ ਮੰਜ਼ਿਲ ਸਰ ਕਰ ਸਕਦਾ ਹਾਂ। ਵੱਡਾ ਟੀਚਾ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਸ ਮੰਜਿਲ ਵੱਲ ਵਧਦੇ ਹੋਏ ਤੁਹਾਨੂੰ ਨਕਾਰਾਤਮਕ ਸੋਚ ਵਾਲੇ ਬੰਦੇ ਵੀ ਮਿਲਣਗੇ। ਉਹ ਤੁਹਾਨੂੰ ਕਈ ਵਾਰ ਇਹ ਗੱਲ ਵੀ ਕਹਿਣਗੇ, ਛੱਡ ਪਰ੍ਹੇ! ਤੂੰ ਇਹ ਟੀਚਾ ਨਹੀਂ ਹਾਸਲ ਕਰ ਸਕਦਾ, ਅਤੇ ਤੁਹਾਡੇ ਅੰਦਰ ਨਕਾਰਾਤਮਕ ਊਰਜਾ ਪੈਦਾ ਕਰ ਦੇਣਗੇ।

ਸੋ ਜੋ ਨਕਾਰਾਤਮਕ ਵਿਚਾਰਾਂ ਵਾਲੇ ਇਨਸਾਨ ਹੁੰਦੇ ਹਨ, ਉਨ੍ਹਾਂ ਨੇ ਕਦੇ ਵੀ ਟੀਚਾ ਹਾਸਲ ਨਹੀਂ ਕੀਤਾ ਹੁੰਦਾ। ਨਾ ਉਹ ਕਦੇ ਇਸ ਮੁਕਾਮ ’ਤੇ ਪਹੁੰਚ ਸਕਦੇ ਹਨ। ਕੋਈ ਵੀ ਟੀਚਾ ਹਾਸਲ ਕਰਨ ਲਈ ਪਹਿਲਾਂ ਸਾਨੂੰ ਅੰਦਰੋਂ ਮਜ਼ਬੂਤ ਹੋਣਾ ਪੈਂਦਾ ਹੈ। ਆਪਣੇ ਅੰਦਰ ਧਾਰਨਾ ਬਣਾਉਣੀ ਪੈਂਦੀ ਹੈ ਕਿ ਮੈਂ ਇਹ ਮੁਕਾਮ ਹਰ ਕੀਮਤ ’ਤੇ ਹਾਸਲ ਕਰਨਾ ਹੈ। ਮਿਹਨਤ ਕਰਨੀ ਹੈ। ਜੇ ਵਾਰ-ਵਾਰ ਅਸਫਲ ਹੋ ਰਹੇ ਹੋ ਤਾਂ ਕਾਰਨਾਂ ਦਾ ਪਤਾ ਲਾਓ, ਕਿ ਕਿਉਂ ਅਸਫਲ ਹੋ ਰਹੇ ਹਾਂ। ਕਦੇ ਵੀ ਉਦਾਸ ਨਾ ਬੈਠੋ। ਠੀਕ ਹੈ, ਅਸਫਲ ਹੋਏ ਹੋ। ਅਸਫਲਤਾ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਯੋਜਨਾ ਮੁਤਾਬਕ ਵਧੀਆ ਢੰਗ-ਤਰੀਕੇ ਨਾਲ ਉਸ ਮੁਕਾਮ ਨੂੰ ਹਾਸਲ ਕਰਨ ਲਈ ਆਪਣਾ ਇਰਾਦਾ ਹੋਰ ਮਜ਼ਬੂਤ ਕਰੋ। ਮਾਹਿਰਾਂ ਦੀ ਸਲਾਹ ਲਵੋ। ਵਧੀਆ-ਵਧੀਆ ਲੋਕਾਂ ਦੀਆਂ ਜੀਵਨੀਆਂ ਪੜ੍ਹੋ। ਜੋ ਇਸ ਟੀਚੇ ’ਤੇ ਪਹੁੰਚੇ ਹਨ। ਜੇ ਅਸੀਂ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਤਾਂ ਪਰਮਾਤਮਾ ਸਾਨੂੰ ਫਲ ਜਰੂਰ ਦਿੰਦਾ ਹੈ।

ਅਜਿਹੀਆਂ ਉਦਾਹਰਨਾਂ ਸਾਡੇ ਸਾਹਮਣੇ ਬਹੁਤ ਹਨ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਫਿਰ ਅਸਫਲ ਹੋਏ, ਫਿਰ ਉਨ੍ਹਾਂ ਆਪਣਾ ਇਰਾਦਾ ਪੱਕਾ ਕਰਕੇ ਉਸ ਮੁਕਾਮ ਨੂੰ ਹਾਸਲ ਕੀਤਾ। ਅਬਰਾਹਿਮ ਲਿੰਕਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਵਾਰ-ਵਾਰ ਅਸਫਲ ਹੋਣ ਤੋਂ ਬਾਅਦ ਉਸ ਨੇ ਆਪਣਾ ਹੌਂਸਲਾ ਨਹੀਂ ਛੱਡਿਆ। ਇੱਕ ਦਿਨ ਮਿਹਨਤ ਕਰਕੇ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਕੇਰਲ ਦੀ 104 ਸਾਲਾਂ ਦੀ ਭਾਗੀਰਥੀ ਅੰਮਾਂ ਨੇ ਦਰਜਾ ਚਾਰ ਨੌਕਰੀ ਹਾਸਲ ਕੀਤੀ। ਹਾਲਾਂਕਿ ਪਿਛਲੇ ਮਹੀਨੇ ਹੀ ਉਹ ਸਵਰਗ ਸਿਧਾਰ ਗਏ ਹਨ। ਉਹਨਾਂ ਨੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕੀਤਾ ਸੀ ਤੇ ਹੌਂਸਲਾ ਕਦੇ ਨਹੀਂ ਛੱਡਿਆ। ਅਜਿਹੀਆਂ ਉਦਾਹਰਨਾਂ ਸਾਨੂੰ ਹੋਰ ਅੱਗੇ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਹਰ ਇੱਕ ਦਿਨ ਜਿੰਦਗੀ ਦੀ ਨਵੀਂ ਸ਼ੁਰੂਆਤ ਲੈ ਕੇ ਆਉਂਦਾ ਹੈ। ਕਦੇ ਵੀ ਆਪਣੇ ਕਰਮਾਂ ਨੂੰ ਨਾ ਕੋਸੀਏ। ਹਰ ਇੱਕ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ। ਯੋਜਨਾ ਮੁਤਾਬਕ ਸਾਰਾ ਦਿਨ ਵਧੀਆ ਨਿੱਕਲ ਜਾਂਦਾ ਹੈ। ਜਦੋਂ ਸ਼ਾਮ ਨੂੰ ਅਸੀਂ ਮੰਜੇ ’ਤੇ ਸੌਣ ਲਈ ਜਾ ਰਹੇ ਹੁੰਦੇ ਹਾਂ, ਤਾਂ ਪੂਰੇ ਦਿਨ ਦਾ ਮੁਲਾਂਕਣ ਕਰੀਏ। ਕਿ ਅੱਜ ਅਸੀਂ ਕੀ ਖੱਟਿਆ ਅਤੇ ਕੀ ਗੁਆਇਆ ਹੈ? ਹਰ ਇੱਕ ਦਿਨ ਜੀਵਨ ਨੂੰ ਸੇਧ ਦੇਣ ਵਾਲਾ ਹੁੰਦਾ ਹੈ। ਕਦੇ ਵੀ ਨਿਰਾਸ਼ ਨਾ ਹੋਵੋ। ਆਪਣੇ-ਆਪ ਦੀ ਕਦੇ ਵੀ ਦੂਜਿਆਂ ਨਾਲ ਬਰਾਬਰੀ ਨਾ ਕਰੋ। ਹਰ ਇੱਕ ਇਨਸਾਨ ਦੇ ਅੰਦਰ ਕੁੱਝ ਨਾ ਕੁੱਝ ਕਰਨ ਦੀ ਕਲਾ ਜ਼ਰੂਰ ਹੁੰਦੀ ਹੈ। ਆਪਣੀ ਕਲਾ ਨੂੰ ਨਿਖਾਰੋ। ਲੋਕਾਂ ਦੀਆਂ ਗੱਲਾਂ ਘੱਟ ਸੁਣੋ। ਜੋ ਵਿਦਿਆਰਥੀ ਸਿਵਲ ਸਰਵਿਸੇਜ਼ ਪ੍ਰੀਖਿਆ ਦੀ ਤਿਆਰੀ ਕਰਦੇ ਹਨ, ਅਕਸਰ ਉਨ੍ਹਾਂ ਨੂੰ ਸਫਲਤਾ ਬਹੁਤ ਦੇਰ ਬਾਅਦ ਮਿਲਦੀ ਹੈ।

ਮੁਕਾਬਲੇ ਦੀਆਂ ਪ੍ਰੀਖਿਆ ’ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕਿਉਂਕਿ ਸਿਵਿਲ ਸੇਵਾ ਪ੍ਰੀਖਿਆ ਤਿੰਨ ਪੜਾਅ ਵਿੱਚ ਹੁੰਦੀ ਹੈ ਤੇ ਥੋੜ੍ਹੀ ਮੁਸ਼ਕਲ ਵੀ ਹੁੰਦੀ ਹੈ। ਜੋ ਲਗਾਤਾਰ ਮਿਹਨਤ ਕਰਕੇ ਇਹ ਪ੍ਰੀਖਿਆ ਪਾਸ ਕਰਦੇ ਹਨ, ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਹਮੇਸ਼ਾ ਆਪਣੀਆਂ ਗਲਤੀਆਂ ਤੋਂ ਸਿੱਖੋ। ਕੋਸ਼ਿਸ਼ ਕਰੋ ਕਿ ਭਵਿੱਖ ਵਿੱਚ ਉਹ ਗਲਤੀ ਨਾ ਦੁਹਰਾਓ। ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਸਕਾਰਾਤਮਕ ਵਿਚਾਰ ਰੱਖੋ। ਵਧੀਆ ਦੋਸਤਾਂ ਨਾਲ ਮਿੱਤਰਤਾ ਕਰੋ। ਜੋ ਮੁਸੀਬਤ ਵੇਲੇ ਹੌਂਸਲਾ ਦੇਣ। ਹੌਂਸਲਾ ਕਦੇ ਵੀ ਨਾ ਛੱਡੋ। ਸਹਿਣਸ਼ੀਲ ਹੋਣਾ ਬਹੁਤ ਜਰੂਰੀ ਹੁੰਦਾ ਹੈ। ਪਰਮਾਤਮਾ ਦੀ ਬੰਦਗੀ ਕਰੋ। ਅਜਿਹੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਆਪਣਾ ਹਰ ਦਿਨ ਵਧੀਆ ਗੁਜ਼ਾਰ ਸਕਦੇ ਹਾਂ।

ਸੰਜੀਵ ਸਿੰਘ ਸੈਣੀ , ਮੋਹਾਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ