ਪੰਜਾਬ ਦੇ ਖਾਲੀ ਹੋਏ ਥਰਮਲ ਪਲਾਂਟਾਂ ‘ਚ ਕੋਲੇ ਦੀਆਂ ਗੱਡੀਆਂ ਪੁੱਜਣੀਆਂ ਸ਼ੁਰੂ

ਥਰਮਲ ਪਲਾਂਟ ਹੁਣ ਕੋਲੇ ਦੀ ਘਾਟ ਦਾ ਰਿਸਕ ਨਹੀਂ ਲੈਣਾ ਚਾਹੁੰਦੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਿਛਲੇ ਦਿਨਾਂ ਤੋਂ ਕੋਲੇ ਦੀ ਘਾਟ ਦਾ ਸੇਕ ਝੱਲ ਰਹੇ ਥਰਮਲ ਪਲਾਂਟਾਂ ‘ਚ ਕੋਲਾ ਪੁੱਜਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਵੱਲੋਂ ਰੇਲ ਲਾਈਨਾਂ ਤੋਂ ਮਾਲ ਗੱਡੀਆਂ ਨੂੰ ਦਿੱਤੇ ਗਏ ਰਸਤੇ ਤੋਂ ਬਾਅਦ ਹੀ ਇਹ ਸੰਭਵ ਹੋ ਸਕਿਆ ਹੈ। ਕੋਲੇ ਦੀ ਕਿੱਲਤ ਐਨੀ ਆ ਗਈ ਸੀ ਕਿ ਸੂਬੇ ਦੇ ਥਰਮਲ ਪਲਾਂਟ ਦੇ ਧੂਏ ਨਿਕਲਣੇ ਬੰਦ ਹੋ ਗਏ ਸਨ। ਕੋਲਾ ਪੁੱਜਣ ਕਾਰਨ ਅਧਿਕਾਰੀਆਂ ਅਤੇ ਸਰਕਾਰ ਨੂੰ ਵੀ ਰਾਹਤ ਮਿਲੀ ਹੈ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਅੱਜ ਸ਼ਾਮ 4 ਵਜੇਂ ਦੇ ਕਰੀਬ ਰਾਜਪੁਰਾ ਪ੍ਰਾਈਵੇਟ ਥਰਮਲ ਪਲਾਂਟ ਵਿੱਚ ਕੋਲੇ ਦੀ ਪਹਿਲੀ ਗੱਡੀ ਪਹੁੰਚ ਗਈ ਸੀ। ਜਦਕਿ ਬਾਕੀ ਕੋਲੇ ਦੀਆਂ ਗੱਡੀਆਂ ਰਸਤੇ ਵਿੱਚ ਹਨ। ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਸੀ ਜਦਕਿ ਦੂਜਾ ਯੂਨਿਟ ਅੱਧੀ ਮਾਤਰਾ ਤੇ ਬਿਜਲੀ ਪੈਦਾ ਕਰ ਰਿਹਾ ਸੀ। ਸ਼ਾਮ ਨੂੰ ਅੱਧੀ ਮਾਤਰਾ ਦੇ ਚੱਲ ਰਹੇ ਉਕਤ ਯੂਨਿਟ ਨੂੰ ਫੁੱਲ ਕੰਪੈਸਟੀ ਤੇ ਭਖਾ ਦਿੱਤਾ ਗਿਆ ਹੈ।

ਰਾਜਪੁਰਾ ਥਰਮਲ ਪਲਾਂਟ ਵੱਲੋਂ ਲਗਭਗ 40 ਕਰੋੜ ਰੁਪਏ ਦਾ ਕੋਲਾ ਆਰਡਰ ਕੀਤਾ ਗਿਆ ਹੋਇਆ ਹੈ। ਇਸ ਦੇ ਨਾਲ ਹੀ ਪਾਰਵਕੌਮ ਦੇ ਸਰਕਾਰੀ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਪਲਾਂਟ ਵਿੱਚ ਵੀ ਰਾਤ  ਤੱਕ ਮਾਲ ਗੱਡੀਆਂ ਕੋਲਾ ਲੈ ਕੇ ਅੱਪੜ ਜਾਣਗੀਆਂ। ਪਾਵਰਕੌਮ ਵੀ 20-20 ਦਿਨ ਤੋਂ ਵੱਧ ਦਾ ਕੋਲਾ ਭੰਡਾਰ ਇਕੱਠਾ ਕਰਨ ਵਿੱਚ ਲੱਗ ਗਿਆ ਹੈ। ਉਂਜ ਪਾਵਰਕੌਮ ਵੱਲੋਂ ਦੋਂ ਦਿਨ ਪਹਿਲਾ ਹੀ ਆਪਣੇ ਥਰਮਲ ਪਲਾਂਟਾਂ ਦੇ ਯੂਨਿਟ ਭਖਾਏ ਸਨ ਕਿ ਕਿਉਂਕਿ ਪ੍ਰਾਈਵੇਟ ਥਮਰਲ ਪਲਾਂਟ ਕੋਲੇ ਦੀ ਘਾਟ ਕਰਨ ਬੰਦ ਹੋ ਗਏ ਸਨ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਜੋ ਕਿ ਕੋਲਾ ਖਤਮ ਹੋਣ ਮਗਰੋਂ ਸਭ ਤੋਂ ਪਹਿਲਾਂ ਬੰਦ ਹੋਇਆ ਸੀ, ਵੱਲੋਂ ਆਰਡਰ ਕੀਤੇ ਕੋਲੇ ਦੀਆਂ16 ਮਾਲ ਗੱਡੀਆਂ ਪੁੱਜਣ ਲੱਗੀਆਂ ਹਨ।

ਇਸ ਪਲਾਂਟ ਦੀ ਸਭ ਤੋਂ ਨੇੜਲੀ ਮਾਲ ਗੱਡੀ ਸਹਾਰਨਪੁਰ ਵਿਖੇ ਰੁਕੀ ਹੋਈ ਸੀ। ਇਸੇ ਤਰ੍ਹਾਂ ਹੀ ਤਲਵੰਡੀ ਸਾਬੋਂ ਥਰਮਲ ਪਲਾਂਟ ਕੋਲ ਵੀ ਰਾਤ ਨੂੰ ਕੋਲੇ ਦੀਆਂ ਗੱਡੀਆਂ ਪੁੱਜ ਜਾਣਗੀਆਂ। ਪੰਜਾਬ ਦੇ ਥਰਮਲ ਪਲਾਂਟ ਹੁਣ ਕੋਲੇ ਦੀ ਘਾਟ ਸਬੰਧੀ ਕੋਈ ਰਿਸਕ ਲੈਣਾ ਨਹੀਂ ਚਾਹੁਦੇ ਅਤੇ ਆਪਣੇ ਖਾਲੀ ਹੋਏ ਥਰਮਲ ਪਲਾਟਾਂ ਨੂੰ ਭਰਨ ਤੇ ਲੱਗ ਚੁੱਕੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 21 ਦਿਨਾਂ ਤੋਂ ਹੀ ਪੱਕੇ ਤੌਰ ਤੇ ਰੇਲ ਲਾਈਨਾਂ ਤੇ ਤੰਬੂ ਲਾਏ ਹੋਏ ਸਨ,

ਜਿਸ ਕਾਰਨ ਕੋਲੇ ਦੀਆਂ ਅਨੇਕਾਂ ਗੱਡੀਆਂ ਸਮੇਤ ਖਾਧ ਪਦਾਰਥਾਂ ਦੀਆਂ ਅਨੇਕਾਂ ਗੱਡੀਆਂ ਰਸਤਿਆਂ ‘ਚ ਹੀ ਖੜ੍ਹੀਆਂ ਸਨ। ਪੰਜਾਬ ਸਰਕਾਰ ਵੱਲੋਂ ਵਿਸ਼ੇਸ ਸ਼ੈਸ਼ਨ ‘ਚ ਖੇਤੀ ਕਾਨੂੰਨਾਂ ਵਿਰੁੱਧ ਪਾਏ ਮਤੇ ਅਤੇ ਬਿਲ ਲਿਆਉਣ ਤੋਂ ਬਾਅਦ ਹੀ ਪੰਜਾਬ ਦੇ ਕਿਸਾਨਾਂ ਵੱਲੋਂ 5 ਨਵੰਬਰ ਤੱਕ ਮਾਲ ਗੱਡੀਆਂ ਚਲਾਉਣ ਦੀ ਰਾਹਤ ਦਿੱਤੀ ਗਈ ਹੈ। ਜਿਸ ਤੋਂ ਬਾਅਦ ਕੋਲੇ ਦੀ ਘਾਟ ਕਾਰਨ ਖਾਲੀ ਖੜ੍ਹਕ ਰਹੇ ਥਰਮਲ ਪਲਾਟਾਂ ਵਿੱਚ ਕੋਲਾ ਪੁੱਜਣਾ ਸ਼ੁਰੂ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.