(ਸੱਚ ਕਹੂੰ ਨਿਊਜ਼)
ਚੰਡੀਗੜ੍ਹ । ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਜ਼ਿੰਦਗੀ ਵਿੱਚ ਸੁਧਾਰ ਕਰਨ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਜਨੂੰਨ ਨੂੰ ਉਤਸ਼ਾਹਿਤ ਕਰਕੇ ਮੁੱਖ ਧਾਰਾ ਵਿੱਚ ਲਿਆਉਣ ਲਈ ਕੈਦੀਆਂ ਨੂੰ ਵਿਦਿਅਕ ਮਾਹੌਲ ਪ੍ਰਦਾਨ ਕਰਨ ਲਈ ਹਰੇਕ ਜੇਲ੍ਹ ਵਿੱਚ 50 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਕਲਾਸਰੂਮ ਸ਼ੁਰੂ ਕਰਨ ਦੀ ਯੋਜਨਾ ਹੈ।
ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅਜਿਹੇ ਕੈਦੀਆਂ ਨੂੰ ਜੇਲ੍ਹ ‘ਚ ਸਿੱਖਿਆ ਪ੍ਰਾਪਤ ਕਰਨ ਲਈ ਚੰਗੇ ਵਿਵਹਾਰ, ਸਜ਼ਾਵਾਂ ਲਈ ਤੈਅ ਮਾਪਦੰਡਾਂ ‘ਚ ਸ਼ਾਮਲ ਕਰਕੇ ਉਨ੍ਹਾਂ ਨੂੰ ਲਾਭ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪਹਿਲਾਂ ਸੂਬੇ ਵਿੱਚ ਬਣਨ ਵਾਲੀ ਹਰੇਕ ਜੇਲ੍ਹ ਵਿੱਚ ਪੰਜਾਹ ਵਿਦਿਆਰਥੀਆਂ ਦੀ ਸਮਰੱਥਾ ਵਾਲੇ ਦੋ ਤੋਂ ਤਿੰਨ ਕਮਰੇ ਬਣਾਏ ਜਾਣਗੇ ਅਤੇ ਜੇਕਰ ਭਵਿੱਖ ਵਿੱਚ ਹੋਰ ਕਮਰਿਆਂ ਦੀ ਲੋੜ ਪਈ ਤਾਂ ਜਗ੍ਹਾ ਵੀ ਪਹਿਲਾਂ ਹੀ ਨਿਰਧਾਰਤ ਕੀਤੀ ਜਾਵੇਗੀ। ਜੇਲ੍ਹਾਂ ਵਿੱਚ ਬੰਦ ਕੈਦੀਆਂ ਲਈ ਲਾਇਬ੍ਰੇਰੀ ਸਹੂਲਤਾਂ ਦਾ ਵਿਸਤਾਰ ਕੀਤਾ ਗਿਆ ਹੈ।
ਕੀ ਹੈ ਮਾਮਲਾ
ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਮਾਰਗ ‘ਤੇ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਵਿਚ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਵਿਦਿਅਕ ਯੋਗਤਾ ‘ਏ’, ‘ਬੀ’ ਅਤੇ ‘ਸੀ’ ਦੇ ਆਧਾਰ ‘ਤੇ ਕੀਤੀ ਗਈ ਹੈ। ਵਿਦਿਅਕ ਯੋਗਤਾ ‘ਏ’ ਅਧੀਨ ਕੁੱਲ 271 ਕੈਦੀ ਆਉਂਦੇ ਹਨ, ਜੋ ਕਿ ਪੂਰੀ ਤਰ੍ਹਾਂ ਅਨਪੜ੍ਹ ਹਨ, ਜਿਨ੍ਹਾਂ ਨੂੰ ਐੱਸ.ਓ. ਸੀ.ਈ.ਆਰ. ਟੀ. ਪ੍ਰੋਗਰਾਮ ਰਾਹੀਂ ਜੇਲ੍ਹ ਵਿੱਚ ਹੀ ਪੜ੍ਹਣ-ਲਿਖਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਉਨ੍ਹਾਂ ਕੈਦੀਆਂ ਨੂੰ ‘ਬੀ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਜੋ 10ਵੀਂ ਅਤੇ 12ਵੀਂ ਕਰਨ ਦੇ ਇੱਛੁਕ ਹਨ।
ਇਨ੍ਹਾਂ ਕੈਦੀਆਂ ਦੇ ਨਾਂ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲ ਕੋਲ ਦਰਜ ਕਰਵਾਏ ਗਏ ਹਨ, ਇਨ੍ਹਾਂ ਕੈਦੀਆਂ ਦੀ ਗਿਣਤੀ 75 ਹੈ। ਇਸੇ ਤਰ੍ਹਾਂ ਸ਼੍ਰੇਣੀ ‘ਸੀ’ ਅਧੀਨ ਕੁੱਲ 49 ਕੈਦੀ ਹਨ, ਇਹ ਉਹ ਕੈਦੀ ਹਨ ਜੋ 12ਵੀਂ ਪਾਸ ਹਨ ਅਤੇ ਗ੍ਰੈਜੂਏਸ਼ਨ ਅਤੇ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਹਨ। ਇਨ੍ਹਾਂ ਦੇ ਨਾਮ ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ, ਪਟਿਆਲਾ ਦੇ ਵੱਖ-ਵੱਖ ਕੋਰਸਾਂ ਵਿੱਚ ਦਰਜ ਹਨ। ਇਸ ਤੋਂ ਇਲਾਵਾ ਇਨ੍ਹਾਂ ਕੈਦੀਆਂ ਨੂੰ ਇਗਨੂ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਦੇ ਮੌਕੇ ਵੀ ਦਿੱਤੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ