ਕਰੀਅਰ ਵਜੋਂ ਚੁਣੋ ਸਪੀਚ ਥੈਰੇਪਿਸਟ

ਚਾਈਲਡ ਕਾਊਂਸਲਰ, ਚਾਈਲਡ ਡਿਵੈਲਪਮੈਂਟ

ਇੱਕ ਪੁਰਾਣੀ ਕਹਾਵਤ ਹੈ ਕਿ ਬੱਚਿਆਂ ਦਾ ਸਾਥ ਜ਼ਿੰਦਗੀ ਨੂੰ ਬਿਹਤਰ ਬਣਾ ਦਿੰਦਾ ਹੈ। ਜੇ ਤੁਸੀਂ ਵੀ ਅਜਿਹਾ ਮਹਿਸੂਸ ਕਰਦੇ ਹੋ ਤਾਂ ਬੱਚਿਆਂ ਨਾਲ ਜੁੜੇ ਕੰਮ ਦੇ ਖੇਤਰ ’ਚ ਵਧੀਆ ਭਵਿੱਖ ਬਣਾ ਸਕਦੇ ਹੋ। ਜੇ ਤੁਹਾਡੇ ’ਚ ਹੌਂਸਲਾ, ਸੰਵੇਦਨਸ਼ੀਲਤਾ ਤੇ ਭਰਪੂਰ ਊਰਜਾ ਹੈ ਤਾਂ ਤੁਸੀਂ ਆਪਣੀ ਵਿੱਦਿਅਕ ਯੋਗਤਾ ਅਨੁਸਾਰ ਕਰੀਅਰ ਦਾ ਰਾਹ ਚੁਣ ਸਕਦੇ ਹੋ। ਤੁਹਾਡੇ ਲਈ ਸਕੂਲ ਅਧਿਆਪਕ, ਸਪੀਚ ਥੈਰੇਪਿਸਟ, ਚਾਈਲਡ ਕਾਊਂਸਲਰ, ਚਾਈਲਡ ਡਿਵੈਲਪਮੈਂਟ ਅਫ਼ਸਰ, ਬਾਲ ਸਾਹਿਤ ਲੇਖਕ, ਕਿਡਜ਼ ਅਪੇਰਲ ਡਿਜ਼ਾਈਨਰ ਆਦਿ ਕਈ ਕਰੀਅਰ ਬਦਲ ਮੁਹੱਈਆ ਹਨ। ਤੁਸੀਂ ਪਲੇਅ ਸਕੂਲ, ਡੇ-ਕੇਅਰ ਜਾਂ ਕਿੰਡਰ ਗਾਰਡਨ ਸ਼ੁਰੂ ਕਰ ਕੇ ਸਵੈ-ਰੁਜ਼ਗਾਰ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹੋ।

ਕੋਰਸ ਬਾਰੇ ਜਾਣੋ

ਤੁਸੀਂ ਐਡਵਾਂਸ ਡਿਪਲੋਮਾ ਇਨ ਚਾਈਲਡ ਗਾਈਡੈਂਸ ਐਂਡ ਕਾਊਂਸਲਿੰਗ ਕੋਰਸ ਕਰ ਕੇ ਚਾਈਲਡ ਕਾਊਂਸਲਰ ਵਜੋਂ ਕਰੀਅਰ ਸ਼ੁਰੂ ਕਰ ਸਕਦੇ ਹੋ। ਇਹ ਦੋ ਸਾਲਾ ਕੋਰਸ ਹੈ, ਜਿਸ ’ਚ ਦੋ ਮਹੀਨੇ ਦੀ ਇੰਟਰਨਸ਼ਿਪ ਵੀ ਸ਼ਾਮਲ ਹੈ। ਇਸ ਕੋਰਸ ਲਈ ਸੋਸ਼ਲ ਵਰਕ, ਸਾਈਕੋਲੋਜੀ, ਚਾਈਲਡ ਡਿਵੈਲਪਮੈਂਟ ’ਚ ਮਾਸਟਰ ਡਿਗਰੀ ਜਾਂ ਸਬੰਧਤ ਵਿਸ਼ੇ ’ਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਗ੍ਰੈਜੂਏਟ ਵਿਦਿਆਰਥੀਆਂ ਕੋਲ ਬੱਚਿਆਂ ਨਾਲ ਕੰਮ ਕਰਨ ਦਾ ਘੱਟੋ-ਘੱਟ ਪੰਜ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਬੀਐੱਡ ਨਾਲ ਚਾਰ ਸਾਲ ਦਾ ਤਜਰਬਾ ਰੱਖਣ ਵਾਲੇ ਇਹ ਕੋਰਸ ਕਰ ਸਕਦੇ ਹਨ। ਕੋਰਸ ’ਚ ਦਾਖ਼ਲਾ ਪ੍ਰੀਖਿਆ ਤੇ ਇੰਟਰਵਿਊ ਜ਼ਰੀਏ ਮਿਲਦਾ ਹੈ।

Choose a Speech Therapist as a Career

Speech Therapist Career

ਚਾਈਲਡ ਕਾਊਂਸਲਰ

ਪਿਛਲੇ ਕੁਝ ਸਾਲਾਂ ਤੋਂ ਭਾਰਤ ’ਚ ਚਾਈਲਡ ਕਾਊਂਸਲਰ ਦੀ ਲੋੜ ਮਹਿਸੂਸ ਕੀਤੀ ਗਈ। ਇਸ ਦੇ ਮੱਦੇਨਜ਼ਰ ਕੁਝ ਪ੍ਰਮੁੱਖ ਸੰਸਥਾਵਾਂ ’ਚ ਚਾਈਲਡ ਗਾਈਡੈਂਸ ਤੇ ਕਾਊਂਸਲਿੰਗ ਨਾਲ ਸਬੰਧਤ ਕੋਰਸ ਸ਼ੁਰੂ ਕੀਤੇ ਗਏ ਹਨ। ਚਾਈਲਡ ਕਾਊਂਸਲਰ ਬੱਚਿਆਂ ਦੇ ਹੁਨਰ ਨੂੰ ਪਛਾਣਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਉਨ੍ਹਾਂ ਨੂੰ ਵਿਸ਼ਾਲ ਪੱਧਰ ’ਤੇ ਸਲਾਹ ਦੇਣ ਦਾ ਕੰਮ ਕਰਦੇ ਹਨ।

ਨੌਕਰੀ ਦੇ ਮੌਕੇ

ਚਾਈਲਡ ਕਾਊਂਸਲਰ ਨੂੰ ਬੱਚਿਆਂ ਨੂੰ ਉਤਸ਼ਾਹਿਤ, ਮੁੜ-ਵਸੇਬਾ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕਰਨ ਤੋਂ ਲੈ ਕੇ ਉਨ੍ਹਾਂ ਨਾਲ ਸਬੰਧਤ ਮੁੱਦਿਆਂ ’ਤੇ ਡਾਟਾਬੇਸ ਵਿਕਸਿਤ ਕਰਨਾ ਹੁੰਦਾ ਹੈ। ਇਹ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਲਾਹ ਦਿੰਦੇ ਹਨ। ਤੁਸੀਂ ਚਾਈਲਡ ਕਾਊਂਸਲਰ ਦੇ ਤੌਰ ’ਤੇ ਚਾਈਲਡ ਕੇਅਰ ਸੈਂਟਰ, ਕਾਊਂਸਲਿੰਗ ਸੈਂਟਰ ਤੇ ਬੱਚਿਆਂ ਦੇ ਹਸਪਤਾਲ ’ਚ ਨੌਕਰੀ ਕਰ ਸਕਦੇ ਹੋ। ਸਰਕਾਰੀ ਵਿਭਾਗਾਂ ਤੇ ਐੱਨਜੀਓ ’ਚ ਵੀ ਨੌਕਰੀ ਕਰ ਸਕਦੇ ਹੋ।

ਕੋਰਸ

ਸਪੀਚ ਥੈਰੇਪੀ ’ਚ ਡਿਗਰੀ ਤੇ ਡਿਪਲੋਮਾ ਦੋਵੇਂ ਤਰ੍ਹਾਂ ਦੇ ਕੋਰਸ ਹਨ। ਇਨ੍ਹਾਂ ’ਚ ਦਾਖ਼ਲੇ ਲਈ ਸਾਇੰਸ ਨਾਲ 12ਵੀਂ ਪਾਸ ਹੋਣਾ ਜ਼ਰੂਰੀ ਹੈ। ਤੁਸੀਂ ਆਡੀਓਲੋਜੀ ਐਂਡ ਸਪੀਚ ਲੈਂਗੁਏਜ ਪੈਥੋਲੋਜੀ ’ਚ ਚਾਰ ਸਾਲਾ ਬੈਚਲਰ ਡਿਗਰੀ, ਦੋ ਸਾਲਾ ਮਾਸਟਰ ਡਿਗਰੀ ਕੋਰਸ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਸਾਲਾ ਡਿਪਲੋਮਾ ਇਨ ਹਿਅਰਿੰਗ, ਲੈਂਗੁਏਜ ਐਂਡ ਸਪੀਚ ਜਾਂ ਛੇ ਮਹੀਨੇ ਦਾ ਪੋਸਟ ਗ੍ਰੈਜੂਏਟ ਸਰਟੀਫਿਕੇਟ ਕੋਰਸ ਕਰ ਕੇ ਆਡੀਟੋਰੀ ਵਰਬਲ ਥੈਰੇਪੀ ਕਰਨ ਤੋਂ ਬਾਅਦ ਵੀ ਇਸ ਖੇਤਰ ’ਚ ਕਰੀਅਰ ਬਣਾ ਸਕਦੇ ਹੋ।

ਨੌਕਰੀ ਦੇ ਮੌਕੇ

ਕੋਰਸ ਕਰਨ ਤੋਂ ਬਾਅਦ ਤੁਸੀਂ ਸਪੀਚ ਥੈਰੇਪਿਸਟ, ਆਡੀਓਲੋਜਿਸਟ, ਸਪੀਚ ਪੈਥੋਲੋਜੀ ਰੀਡਰ, ਕਲੀਨੀਕਲ ਸੁਪਰਵਾਈਜ਼ਰ, ਸਪੈਸ਼ਲ ਸਕੂਲ ’ਚ ਅਧਿਆਪਕ ਵਜੋਂ ਕਰੀਅਰ ਸ਼ੁਰੂ ਕਰ ਸਕਦੇ ਹੋ।
ਸਪੀਚ ਥੈਰੇਪਿਸਟ ਲਈ ਸਰਕਾਰੀ ਹਸਪਤਾਲ, ਪ੍ਰਾਈਵੇਟ ਹਸਪਤਾਲ, ਹਿਅਰਿੰਗ ਐਂਡ ਇੰਡਸਟਰੀ, ਐੈੱਨਜੀਓ ’ਚ ਵੀ ਨੌਕਰੀ ਦੇ ਮੌਕੇ ਮੁਹੱਈਆ ਹਨ।

ਸਪੀਚ ਥੈਰੇਪਿਸਟ

ਬੱਚੇ ਹੌਲੀ-ਹੌਲੀ ਅੱਖਰ, ਸ਼ਬਦ ਤੇ ਵਾਕ ਬੋਲਣਾ ਸਿੱਖਦੇ ਹਨ। ਉਮਰ ਵਧਣ ਨਾਲ ਹੀ ਉਨ੍ਹਾਂ ਦਾ ਭਾਸ਼ਾ ਗਿਆਨ ਵਧਦਾ ਹੈ ਤੇ ਉਨ੍ਹਾਂ ਦੀ ਬੋਲਚਾਲ ਸਾਫ਼ ਤੇ ਸ਼ੁੱਧ ਹੋਣ ਲੱਗਦੀ ਹੈ। ਇਹ ਇੱਕ ਸਧਾਰਨ ਪ੍ਰਕਿਰਿਆ ਹੈ ਪਰ ਕੁਝ ਬੱਚੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਬੋਲਣ ’ਚ ਔਖ ਹੁੰਦੀ ਹੈ। ਸਪੀਚ ਥੈਰੇਪਿਸਟ ਅਜਿਹੇ ਬੱਚਿਆਂ ਦੀ ਮੱਦਦ ਕਰਦੇ ਹਨ। ਸਪੀਚ ਥੈਰੇਪੀ ਤੇ ਆਡੀਓਲੋਜੀ ਹਾਲ ਹੀ ਦੇ ਦਿਨਾਂ ’ਚ ਬਿਹਤਰ ਕਰੀਅਰ ਬਦਲ ਬਣ ਕੇ ਉੱਭਰ ਰਿਹਾ ਹੈ।

Choose a Speech Therapist as a Career

Speech Therapist Career

ਰੁਜ਼ਗਾਰ ਦੇ ਮੌਕੇ

ਤੁਸੀਂ ਚਾਹੋ ਤਾਂ ਇੱਕ ਸਾਲਾ ਫੁੱਲ ਟਾਈਮ ਡਿਪਲੋਮਾ ਇਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਕਰ ਕੇ ਆਪਣਾ ਪ੍ਰੀ ਸਕੂਲ, ਕਿੰਡਰ ਗਾਰਡਨ, ਡੇ-ਕੇਅਰ ਸੈਂਟਰ ਖੋਲ੍ਹ ਸਕਦੇ ਹੋ। ਇਹ ਕੋਰਸ ਛੋਟੇ ਬੱਚਿਆਂ ਨਾਲ ਕੰਮ ਕਰਨ ਲਈ ਤੁਹਾਡੇ ਦ੍ਰਿਸ਼ਟੀਕੋਣ, ਗਿਆਨ ਤੇ ਕੁਸ਼ਲ ਨੂੰ ਵਿਕਸਿਤ ਕਰਨ ’ਚ ਮੱਦਦ ਕਰੇਗਾ।

ਕਿਡਜ਼ ਅਪੇਰਲ ਡਿਜ਼ਾਈਨਰ

ਜੇ ਤੁਸੀਂ ਬੱਚਿਆਂ ਦੇ ਕੱਪੜਿਆਂ ਤੇ ਫੈਸ਼ਨ ’ਚ ਸ਼ੌਂਕ ਰੱਖਦੇ ਹੋ ਤਾਂ ਤੁਸੀਂ ਕਿਡਜ਼ ਅਪੇਰਲ ਡਿਜ਼ਾਈਨਰ ਵਜੋਂ ਕਰੀਅਰ ਨੂੰ ਵਿਸਥਾਰ ਦੇ ਸਕਦੇ ਹੋ। ਇਸ ਪ੍ਰੋਫੈਸ਼ਨ ’ਚ ਤੁਹਾਨੂੰ ਨਵਜੰਮੇ ਬੱਚੇ, ਟੌਡਲਰ ਤੇ ਵੱਡੇ ਹੋ ਰਹੇ ਬੱਚਿਆਂ ਲਈ ਕੱਪੜਿਆਂ ਦੇ ਡਿਜ਼ਾਈਨ ਤਿਆਰ ਕਰਨੇ ਹੋਣਗੇ।

ਕੋਰਸ

ਕਿਡਜ਼ ਅਪੇਰਲ ਡਿਜ਼ਾਈਨਰ ਬਣਨ ਲਈ ਕਿਸੇ ਵੀ ਸਟ੍ਰੀਮ ’ਚ 12ਵੀਂ ਪਾਸ ਕਰਨ ਤੋਂ ਬਾਅਦ ਤੁਸੀਂ ਬੈਚਲਰ ਆਫ ਡਿਜ਼ਾਈਨ, ਬੈਚਲਰ ਆਫ ਫੈਸ਼ਨ ਤਕਨਾਲੋਜੀ, ਬੈਚਲਰ ਆਫ ਸਾਇੰਸ ਤੇ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ ਇਨ ਡਿਜ਼ਾਈਨ ਲਈ ਅਪਲਾਈ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਏਆਈਈਈਡੀ, ਸੀਡ, ਨਿਫਟ ਤੇ ਐੱਨਆਈਡੀ ਪ੍ਰੀਖਿਆਵਾਂ ਜ਼ਰੀਏ ਡਿਜ਼ਾਈਨਿੰਗ ’ਚ ਕਰੀਅਰ ਦੇ ਮੁਕੰਮਲ ਰਾਹ ਭਾਲ ਸਕਦੇ ਹੋ।

ਨੌਕਰੀ ਦੇ ਮੌਕੇ

ਕਿਡਜ਼ ਅਪੇਰਲ ਡਿਜ਼ਾਈਨਰ ਦੇ ਰੂਪ ’ਚ ਤੁਹਾਨੂੰ ਐਕਸਪੋਰਟ ਹਾਊਸਿਜ਼ ਤੇ ਗਾਰਮੈਂਟ ਸਟੋਰ ’ਚ ਕੰਮ ਕਰਨ ਦਾ ਮੌਕਾ ਮਿਲੇਗਾ। ਤੁਸੀਂ ਇੱਥੇ ਕਾਸਟਿਊਮ ਡਿਜ਼ਾਈਨਰ, ਗ੍ਰਾਫਿਕ ਡਿਜ਼ਾਈਨਰ, ਪ੍ਰੋਡਕਸ਼ਨ ਪੈਟਰਨ ਮੇਕਰ ਆਦਿ ਵਜੋਂ ਆਪਣੀ ਪਛਾਣ ਬਣਾ ਸਕਦੇ ਹੋ। ਤੁਸੀਂ ਚਾਹੋ ਤਾਂ ਇੰਟਰਪ੍ਰੇਨਿਓਰ ਬਣ ਕੇ ਖ਼ੁਦ ਦਾ ਕੰਮ ਸ਼ੁਰੂ ਕਰ ਸਕਦੇ ਹੋ।

ਬਾਲ ਸਾਹਿਤ ਲੇਖਕ

ਬੱਚਿਆਂ ਨਾਲ ਸਬੰਧਤ ਲਿਖਣ ਤੇ ਬਾਲ ਸਾਹਿਤ ਪ੍ਰਕਾਸ਼ਨ ਦੇ ਖੇਤਰ ’ਚ ਵੀ ਵਧੀਆ ਕਰੀਅਰ ਮੌਜੂਦ ਹੈ। ਦੁਨੀਆ ਦੀ ਹਰ ਭਾਸ਼ਾ ’ਚ ਬਾਲ ਸਾਹਿਤ ਰਚਿਆ ਜਾਂਦਾ ਹੈ ਤੇ ਉਸ ਨੂੰ ਬਹੁਤ ਮਹੱਤਵਪੂਰਨ ਦਰਜਾ ਹਾਸਲ ਹੈ। ਜੇ ਤੁਸੀਂ ਬੱਚਿਆਂ ਲਈ ਕਵਿਤਾ, ਕਾਰਟੂਨ, ਕਹਾਣੀਆਂ ਲਿਖਣ ਦਾ ਸ਼ੌਂਕ ਰੱਖਦੇ ਹੋ ਤਾਂ ਬਾਲ ਸਾਹਿਤ ਲੇਖਕ ਬਣ ਸਕਦੇ ਹੋ।
ਬੱਚਿਆਂ ਦੇ ਸਰਵਪੱਖੀ ਵਿਕਾਸ, ਭਾਸ਼ਾ ਕੌਸ਼ਲ ਅਤੇ ਵਿੱਦਿਅਕ ਵਿਕਾਸ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਤੇ ਖਿਡੌਣਿਆਂ ਦੇ ਨਿਰਮਾਣ ਖੇਤਰ ’ਚ ਵਧੀਆ ਮੌਕੇ ਹਨ। ਇਸ ਲਈ ਕੋਈ ਡਿਗਰੀ ਨਹੀਂ ਚਾਹੀਦੀ ਪਰ ਸ਼ਬਦਾਂ ਨੂੰ ਰਚਣ ਦਾ ਹੁਨਰ, ਪੜ੍ਹਨ ਦਾ ਸ਼ੌਂਕ ਤੇ ਰਚਨਾਤਮਿਕਤਾ ਜ਼ਰੂਰੀ ਹੈ।

ਪ੍ਰੀ ਸਕੂਲ ਅਧਿਆਪਕ

ਛੋਟੇ ਬੱਚਿਆਂ ਨੂੰ ਪੜ੍ਹਾਉਣਾ ਸੌਖਾ ਨਹੀਂ ਪਰ ਰੋਚਕ ਤੇ ਖ਼ੁਸ਼ਨੁਮਾ ਜ਼ਰੂਰ ਹੈ। ਤੁਸੀਂ ਜੇ ਨਰਸਰੀ ਸਕੂਲ, ਪ੍ਰਾਇਮਰੀ, ਐਲੀਮੈਂਟਰੀ ਸਕੂਲ ’ਚ ਅਧਿਆਪਕ ਬਣਨਾ ਚਾਹੁੰਦੇ ਹੋ ਤਾਂ 10+2 ਤੋਂ ਬਾਅਦ ਐੱਨਟੀਟੀ ਕਰਕੇ ਅਗਲੇ ਰਾਹ ਬਣਾ ਸਕਦੇ ਹੋ। ਐੱਨਟੀਟੀ ਦੋ ਸਾਲ ਦਾ ਕੋਰਸ ਹੈ।
ਕੁਝ ਸੰਸਥਾਵਾਂ 12ਵੀਂ ਦੇ ਅੰਕਾਂ ਤੇ ਕਈ ਦਾਖ਼ਲਾ ਪ੍ਰੀਖਿਆਵਾਂ ਦੇ ਆਧਾਰ ’ਤੇ ਇਸ ਕੋਰਸ ’ਚ ਦਾਖ਼ਲਾ ਦਿੰਦੀਆਂ ਹਨ। ਪ੍ਰਾਇਮਰੀ ਅਧਿਆਪਕ ਬਣਨ ਲਈ ਡਿਪਲੋਮਾ ਇਨ ਐਜੂਕੇਸ਼ਨ (ਡੀਐੱਡ) ਜੂਨੀਅਰ ਟੀਚਰ ਟ੍ਰੇਨਿੰਗ (ਜੇਬੀਟੀ) ਕੋਰਸ ਵੀ ਅਹਿਮ ਹੈ। ਇਸ ਕੋਰਸ ਲਈ ਘੱਟੋ-ਘੱਟ ਯੋਗਤਾ 12ਵੀਂ ਹੈ ਤੇ ਇਸ ਕੋਰਸ ’ਚ ਦਾਖ਼ਲਾ ਕਿਤੇ ਮੈਰਿਟ ਤੇ ਕਿਤੇ ਦਾਖ਼ਲਾ ਪ੍ਰੀਖਿਆ ਦੇ ਆਧਾਰ ’ਤੇ ਮਿਲਦਾ ਹੈ। ਉਥੇ ਹੀ ਮਿਡਲ ਸਕੂਲ ਦੀਆਂ ਕਲਾਸਾਂ ’ਚ ਪੜ੍ਹਾਉਣ ਲਈ ਘੱਟੋ-ਘੱਟ ਯੋਗਤਾ 10+2 ਤੇ ਟੀਚਰਜ਼ ਟ੍ਰੇਨਿੰਗ ਸਰਟੀਫਿਕੇਟ ਤੇ ਗ੍ਰੈਜੂਏਸ਼ਨ ਨਾਲ ਬੀਐੱਡ ਹੈ।
ਵਿਜੈ ਗਰਗ,
ਸਾਬਕਾ ਪ੍ਰਿੰਸੀਪਲ, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.