ਕਿਹਾ, ਸਰਹੱਦ ‘ਤੇ ਵਿਗੜ ਸਕਦੇ ਹਨ ਹਾਲਾਤ
ਬੀਜਿੰਗ (ਏਜੰਸੀ)। ਭਾਰਤ ਦੇ ਫੌਜ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਅੱਜ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ ਚੀਨ ਦਾ ਪਾਰਾ ਚੜ੍ਹ ਗਿਆ ਹੈ। ਚੀਨ ਨੇ ਗੁੱਸੇ ਵਿੱਚ ਲਾਲ-ਪੀਲਾ ਹੁੰਦਿਆਂ ਕਿਹਾ ਕਿ ਭਾਰਤੀ ਫੌਜ ਮੁਖੀ ਦਾ ਬਿਆਨ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਨੂੰ ਹੋਰ ਵਧਾਏਗਾ। ਚੀਨ ਨੇ ਦੋਸ਼ ਲਾਇਆ ਕਿ ਅਜਿਹੇ ਬਿਆਨਾਂ ਨਾਲ ਸਰਹੱਦ ‘ਤੇ ਹਾਲਾਤ ਹੋਰ ਤਣਾਅਪੂਰਨ ਹੋਣਗੇ। ਸ੍ਰੀ ਰਾਵਤ ਨੇ ਆਪਣੀ ਟਿੱਪਣੀ ਵਿੱਚ ਡੋਕਲਾਮ ਨੂੰ ਵਿਵਾਦਿਤ ਇਲਾਕਾ ਦੱਸਿਆ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਲੂ ਕਾਂਗ ਨੇ ਜਨਰਲ ਬਿਪਨ ਰਾਵਤ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੀਤੇ ਇੱਕ ਸਾਲ ਵਿੱਚ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਕਾਫ਼ੀ ਉਥਲ-ਪੁਥਲ ਰਹੀ ਹੈ। ਪਿਛਲੇ ਸਾਲ ਭਾਰਤ-ਚੀਨ ਦੇ ਰਿਸ਼ਤਿਆਂ ਨੇ ਕੁਝ ਉਤਰਾਅ-ਚੜ੍ਹਾਅ ਵੇਖੇ ਹਨ। ਪਰ ਪਿਛਲੇ ਸਾਲ ਸਤੰਬਰ ਵਿੱਚ ਬ੍ਰਿਕਸ ਸਮਾਰੋਹ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਵਿੱਚ ਰਿਸ਼ਤਿਆਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਉਨ੍ਹਾਂ ‘ਚ ਆਮ ਰਾਇ ਬਣੀ ਸੀ।
ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਪੰਜਾਬ ਲਈ ਲਿਆ ਫ਼ੈਸਲਾ, ਤਿਆਰੀਆਂ ਸ਼ੁਰੂ
ਦਰਅਸਲ, ਦੋ ਦਿਨ ਪਹਿਲਾਂ ਫੌਜ ਮੁਖੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਨੂੰ ਆਪਣਾ ਫੋਕਸ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਹਟਾ ਕੇ ਚੀਨ ਸਰਹੱਦ ‘ਤੇ ਕੇਂਦਰਿਤ ਕਰਨ ਦੀ ਲੋੜ ਹੈ। ਇਸ ‘ਤੇ ਚੀਨ ਨੇ ਕਿਹਾ ਕਿ ਆਰਮੀ ਚੀਫ਼ ਦਾ ਬਿਆਨ ਦੋਵੇਂ ਦੇਸ਼ਾਂ ਦੇ ਨੇਤਾਵਾਂ ਦਰਮਿਆਨ ਰਿਸ਼ਤਿਆਂ ਨੂੰ ਵਾਪਸ ਲੀਹ ‘ਤੇ ਲਿਆਉਣ ਅਤੇ ਸਰਹੱਦ ‘ਤੇ ਸ਼ਾਂਤੀ ਕਾਇਮ ਰੱਖਣ ਲਈ ਬਣੀ ਆਮ ਸਹਿਮਤੀ ਦੇ ਖਿਲਾਫ਼ ਹੈ।
ਜ਼ਿਕਰਯੋਗ ਹੈ ਕਿ ਫੌਜ ਮੁਖੀ ਰਾਵਤ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਚੀਨ ਤਾਕਤਵਰ ਦੇਸ਼ ਹੋਵੇਗਾ, ਪਰ ਭਾਰਤ ਵੀ ਕਮਜ਼ੋਰ ਦੇਸ਼ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਕਿਸੇ ਨੂੰ ਵੀ ਆਪਣੇ ਇਨਾਕੇ ਵਿੱਚ ਘੁਸਪੈਠ ਦੀ ਆਗਿਆ ਨਹੀਂ ਦੇਵੇਗਾ। ਆਰਮੀ ਚੀਫ਼ ਨੇ ਚੀਨ ਵੱਲੋਂ ਮਿਲਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਫੌਜ ਦੀ ਰਣਨੀਤੀ ‘ਤੇ ਵੀ ਜ਼ੋਰ ਦਿੱਤਾ ਸੀ। ਜਨਰਲ ਰਾਵਤ ਨੇ ਇਹ ਵੀ ਕਿਹਾ ਸੀ ਕਿ ਅਸਲ ਕੰਟਰੋਲ ਲਾਈਨ ‘ਤੇ ਚੀਨ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਾਇਦ, ਇਸੇ ਬਿਆਨ ਤੋਂ ਚੀਨ ਦੀ ਬੌਖਲਾਹਟ ਵਧ ਗਈ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਡੋਕਲਾਮ ਵਿੱਚ ਚੀਨੀ ਫੌਜੀਆਂ ਦੀ ਸੜਕ ਬਣਾਉਣ ਦੀ ਕੋਸ਼ਿਸ਼ ਨੂੰ ਭਾਰਤ ਫੌਜ ਨੇ ਨਾਕਾਮ ਕਰ ਦਿੱਤਾ ਸੀ। ਇਸ ਤੋਂ ਬਾਅਦ ਪਿਛਲੇ ਮਹੀਨੇ ਹੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਵੜ ਆਏ ਚੀਨੀ ਫੌਜੀਆਂ ਨੂੰ ਵਾਪਸ ਜਾਣ ਲਈ ਮਜ਼ਬੂਰ ਕੀਤਾ ਸੀ। ਅਜਿਹੇ ਵਿੱਚ ਆਰਮੀ ਚੀਫ਼ ਨੇ ਚੀਨ ਨੂੰ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ।