ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸੇ ਲਈ ਉਹ ਸਮਾਜ ਅਤੇ ਰਿਸ਼ਤੇ-ਨਾਤਿਆਂ (Relationships) ਦੇ ਤਾਣੇ-ਬਾਣੇ ਵਿਚ ਬੱਝਿਆ ਹੋਇਆ ਹੈ। ਸਮਾਂ ਬਦਲਣ ਦੇ ਨਾਲ ਰਿਸ਼ਤਿਆਂ ’ਚ ਵੀ ਬਹੁਤ ਤਬਦੀਲੀ ਆ ਚੁੱਕੀ ਹੈ। ਇਹ ਨਿਘਰਦੇ ਜਾ ਰਹੇ ਹਨ। ਜ਼ਿਆਦਾਤਰ ਰਿਸ਼ਤੇ ਸਿਰਫ਼ ਕਿਸੇ ਲੋੜ ਦੀ ਪੂਰਤੀ, ਕਿਸੇ ਮਜ਼ਬੂਰੀ ਜਾਂ ਡਰ ਕਾਰਨ ਹੋਂਦ ’ਚ ਰਹਿੰਦੇ ਹਨ। ਅੱਜ-ਕੱਲ੍ਹ ਤਿੜਕ ਰਹੇ ਰਿਸ਼ਤਿਆਂ ਪਿੱਛੇ ਕਈ ਕਾਰਨ ਹਨ। ਰਿਸ਼ਤਿਆਂ ਵਿਚ ਬਨਾਵਟੀਪਣ ਆ ਚੁੱਕਾ ਹੈ।
ਬਹੁਤੀ ਵਾਰ ਤਾਂ ਸਿਰਫ਼ ਲੋਕ-ਲਾਜ ਲਈ ਹੀ ਰਿਸ਼ਤੇ (Relationships) ਨਿਭਾਏ ਜਾਂਦੇ ਹਨ, ਉਨ੍ਹਾਂ ਵਿਚ ਨਿੱਘ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ। ਜ਼ਮੀਨਾਂ-ਜਾਇਦਾਦਾਂ ਤੇ ਪੈਸੇ ਲਈ ਭਰਾ ਆਪਣੇ ਹੀ ਭਰਾ ਜਾਂ ਭੈਣ ਨੂੰ ਮਾਰਨ ਤੋਂ ਸੰਕੋਚ ਨਹੀਂ ਕਰਦਾ। ਪਤੀ-ਪਤਨੀ ਦੇ ਰਿਸ਼ਤੇ ਲਾਲਚ ਤੇ ਹੰਕਾਰ ਕਾਰਨ ਧੜਾਧੜ ਟੁੱਟ ਰਹੇ ਹਨ। ਹਰ ਇਨਸਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ। ਉਹ ਦੂਜੇ ਤੋਂ ਆਪਣੀਆਂ ਇੱਛਾਵਾਂ ਦੀ ਪੂਰਤੀ ਚਾਹੁੰਦਾ ਹੈ ਪਰ ਆਪਣੇ ਫ਼ਰਜ਼ਾਂ ਤੋਂ ਸੁਚੇਤ ਨਹੀਂ। ਉਹ ਖ਼ੁਦ ਦੂਜੇ ਲਈ ਕੁਝ ਨਹੀਂ ਕਰਨਾ ਚਾਹੁੰਦਾ। ਇਸੇ ਕਾਰਨ ਹਰ ਰਿਸ਼ਤੇ ’ਚ ਪਿਆ ਪਾੜਾ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ।
ਰਿਸ਼ਤੇ ਇੰਨੇ ਗੂੜ੍ਹੇ ਹੁੰਦੇ ਸਨ ਕਿ ਹਰ ਦੁੱਖ ਨੂੰ ਫਿੱਕਾ ਕਰ ਦਿੰਦੇ ਸਨ | Relationships
ਗੁਜ਼ਰੇ ਜ਼ਮਾਨੇ ਵੱਲ ਝਾਤ ਮਾਰੀਏ ਤਾਂ ਉਦੋਂ ਲੋਕਾਂ ਦਾ ਜੀਵਨ-ਪੱਧਰ ਨੀਵਾਂ ਸੀ। ਗ਼ਰੀਬੀ ਇੰਨੀ ਸੀ ਕਿ ਮੁੱਢਲੀਆਂ ਲੋੜਾਂ ਵੀ ਨਹੀਂ ਸਨ ਪੂਰੀਆਂ ਹੰਦੀਆਂ ਪਰ ਰਿਸ਼ਤੇ ਇੰਨੇ ਗੂੜ੍ਹੇ ਹੁੰਦੇ ਸਨ ਕਿ ਹਰ ਦੁੱਖ ਨੂੰ ਫਿੱਕਾ ਕਰ ਦਿੰਦੇ ਸਨ। ਉਦੋਂ ਲੋਕ ਬੁਰੇ ਵਕਤ ’ਚ ਕੰਧ ਬਣ ਕੇ ਆਪਣਿਆਂ ਨਾਲ ਖੜ੍ਹਦੇ ਸਨ। ਬਹੁਤੇ ਲੋਕ ਪੜ੍ਹੇ-ਲਿਖੇ ਨਹੀਂ ਸਨ ਪਰ ਫਿਰ ਵੀ ਦਿਲਾਂ ’ਚ ਪਿਆਰ ਦਾ ਦਰਿਆ ਵਗਦਾ ਸੀ। ਜਿਵੇਂ-ਜਿਵੇਂ ਪੜ੍ਹਾਈ-ਲਿਖਾਈ ਦਾ ਪਸਾਰਾ ਵਧਿਆ, ਉਵੇਂ-ਉਵੇਂ ਰਿਸ਼ਤੇ ਇਸ ਕਦਰ ਰੁਲਣ ਲੱਗੇ ਕਿ ਬੱਚਿਆਂ ਨੂੰ ਇਨ੍ਹਾਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ। ਹੁਣ ਲੋਕ ਭੂਆ, ਮਾਮੀ, ਚਾਚੀ, ਤਾਈ ਤੇ ਮਾਸੀ ਆਦਿ ਸਾਰੇ ਰਿਸ਼ਤਿਆਂ ਨੂੰ ਆਂਟੀ ਅਤੇ ਫੁੱਫੜ, ਮਾਮਾ, ਮਾਸੜ, ਚਾਚਾ, ਤਾਇਆ ਸਭ ਨੂੰ ਅੰਕਲ ਕਹਿਣ ਲੱਗ ਪਏ ਹਨ। ਇਸ ਵਰਤਾਰੇ ਕਾਰਨ ਰਿਸ਼ਤਿਆਂ ਦੀ ਅਹਿਮੀਅਤ ਅਤੇ ਮਿਠਾਸ ਘਟ ਰਹੀ ਹੈ। ਕੋਈ ਵੀ ਰਿਸ਼ਤਾ ਕੁਦਰਤੀ ਮੌਤ ਨਹੀਂ ਮਰਦਾ ਸਗੋਂ ਕਿਸੇ ਸਾਜ਼ਿਸ਼ ਤਹਿਤ ਕਤਲ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਖਰੜ ਥਾਣੇ ’ਚ ਤਾਇਨਾਤ ਪੁਲਿਸ ਮੁਲਾਜ਼ਮ ਵਿਰੁੱਧ ਰਿਸ਼ਵਤ ਮੰਗਣ ’ਤੇ ਮਾਮਲਾ ਦਰਜ
ਕਦੇ ਉਹ ਵਕਤ ਵੀ ਸੀ ਜਦ ਘਰ ਦੇ ਦਸ ਜੀਅ ਹੁੰਦੇ ਸਨ ਪਰ ਕਮਰਾ ਇੱਕ ਜਾਂ ਦੋ ਹੁੰਦੇ ਸਨ। ਹੁਣ ਘਰ ’ਚ ਜੀਅ ਦੋ ਜਾਂ ਤਿੰਨ ਹੁੰਦੇ ਹਨ ਪਰ ਕਮਰੇ ਪੰਜ-ਛੇ ਹੁੰਦੇ ਹਨ। ਸਾਰੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ ਪਰ ਇਨਸਾਨ ਮਾਨਸਿਕ ਤੌਰ ’ਤੇ ਉਦਾਸ ਹੈ। ਭੱਜ-ਦੌੜ ਦੀ ਜ਼ਿੰਦਗੀ ’ਚ ਇਨਸਾਨ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਵਾਂਗ ਵਿਚਰਦਾ ਹੈ। ਹਰ ਇਨਸਾਨ ਦੇ ਦੋ ਚਿਹਰੇ ਹਨ, ਦਿਨ ਦਾ ਕੁਝ ਤੇ ਰਾਤ ਦਾ ਕੁਝ ਹੋਰ। ਹਾਲਾਤ ਨੇ ਇਨਸਾਨ ਨੂੰ ਚੰਗਾ ਅਦਾਕਾਰ ਬਣਾ ਦਿੱਤਾ ਹੈ। ਉਹ ਖ਼ੁਸ਼ ਹੋਣ ਦਾ ਨਾਟਕ ਕਰਦਾ ਹੈ ਪਰ ਅਸਲੋਂ ਨਾਖ਼ੁਸ਼ ਹੈ। ਮਨੁੱਖ ਪੈਸਾ ਇਸ ਲਈ ਕਮਾਉਂਦਾ ਹੈ ਕਿ ਖ਼ੁਸ਼ ਰਹੇ।
ਫਿਰ ਸਭ ਕੁਝ ਹੋਣ ਦੇ ਬਾਵਜੂਦ ਉਹ ਅੰਦਰੋਂ ਦੁਖੀ ਹੈ। ਕਿਉਂ? ਚਾਹੇ ਕੋਈ ਵੀ ਹੋਵੇ, ਉਹ ਭਾਵੇਂ ਤੁਹਾਡਾ ਦੋਸਤ ਹੋਵੇ, ਰਿਸ਼ਤੇਦਾਰ ਹੋਵੇ ਜਾਂ ਤੁਹਾਡੇ ਘਰ ਕੰਮ ਕਰਨ ਵਾਲਾ ਕੋਈ ਕਰਮਚਾਰੀ ਹੋਵੇ। ਹਰ ਕਿਸੇ ਦੀ ਈਗੋ ਯਾਨੀ ਆਕੜ ਬਹੁਤ ਵੱਡੀ ਹੋ ਗਈ ਹੈ। ਅੱਜ-ਕੱਲ੍ਹ ਕੋਈ ਝੁਕਣਾ ਪਸੰਦ ਨਹੀਂ ਕਰਦਾ। ਕੋਈ ਵੀ ਰਿਸ਼ਤਾ ਬਚਾਉਣ ਲਈ ਪਹਿਲ ਨਹੀਂ ਕਰਨਾ ਚਾਹੁੰਦਾ। ਇਹ ਬਹੁਤ ਬੁਰੀ ਗੱਲ ਹੈ। ਦੋਵਾਂ ’ਚੋਂ ਕੋਈ ਝੁਕ ਜਾਵੇਗਾ, ਤਾਂ ਰਿਸ਼ਤਾ ਬਚ ਜਾਵੇਗਾ, ਪਰ ਲੋਕ ਅਜਿਹਾ ਨਹੀਂ ਕਰਦੇ।
ਡਾ. ਵਨੀਤ ਕੁਮਾਰ ਸਿੰਗਲਾ
ਬੁਢਲਾਡਾ, ਮਾਨਸਾ