ਮੱਧ ਪ੍ਰਦੇਸ਼ ਦੇ ਨਵੇਂ ਚੁਣੇ ਮੁੱਖ ਮੰਤਰੀ ਕਮਲਨਾਥ ਨੇ ਸਥਾਨਕ ਬਨਾਮ ਬਾਹਰੀ ਮੁੱਦਾ ਉਛਾਲ ਕੇ ‘ਆ ਬੈਲ ਮੁਝੇ ਮਾਰ’ ਵਾਲੀ ਕਹਾਵਤ ਨੂੰ ਸਾਰਥਿਕ ਕਰ ਦਿੱਤਾ ਹੈ ਕਮਲਨਾਥ ਨੇ ਉਦਯੋਗ ਪ੍ਰਮੋਸ਼ਨ ਨੀਤੀ ਦੇ ਤਹਿਤ ਕਿਹਾ ਹੈ ਕਿ ਹੁਣ ਮੱਧ ਪ੍ਰਦੇਸ਼ ‘ਚ ਲੱਗਣ ਵਾਲੇ ਨਵੇਂ ਉਦਯੋਗਾਂ ‘ਚ 70 ਫੀਸਦੀ ਨੌਕਰੀਆਂ ਸਥਾਨਕ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਕਮਲਨਾਥ ਇੱਥੇ ਹੀ ਰੁਕ ਜਾਂਦੇ ਤਾਂ ਇਹ ਮਾਮਲਾ ਨਾ ਵਧਦਾ, ਪਰ ਉਨ੍ਹਾਂ ਨੇ ਅੱਗੇ ਵਧ ਕੇ ਇਹ ਵੀ ਕਹਿ ਦਿੱਤਾ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਲੋਕ ਇੱਥੋਂ ਦੀਆਂ ਨੌਕਰੀਆਂ ਹੜੱਪ ਲੈਂਦੇ ਹਨ, ਨਤੀਜਨ ਸਥਾਨਕ ਨੌਜਵਾਨ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਬਿਆਨ ਦੇ ਚਰਚਾ ‘ਚ ਆਉਂਦੇ ਹੀ ਭਾਜਪਾ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਕਮਲਨਾਥ ਨੂੰ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਹੈ ਭਾਜਪਾ ਨੇ ਇਸ ਨੂੰ ਵੰਡਕਾਰੀ ਬਿਆਨ ਦਾ ਦਰਜ਼ਾ ਦਿੱਤਾ ਹੈ ਪਰ ਕਮਲਨਾਥ ਨੇ ਕਿਸਾਨਾਂ ਦੀ ਕਰਜ਼ਮਾਫੀ ਦੇ ਨਾਲ ਜੋ ਸਕਾਰਾਤਮਕ ਵਾਤਾਵਰਨ ਰਚਿਆ ਸੀ, ਉਸ ਨੂੰ ਇਸ ਬਿਆਨ ਨੇ ਧੁੰਧਲਾ ਕਰ ਦਿੱਤਾ ਹੈ ਕਿਉਂਕਿ ਕਮਲਨਾਥ ਇੱਕ ਸੀਨੀਅਰ ਤੇ ਵਜ਼ਨਦਾਰ ਆਗੂ ਹਨ, ਇਸ ਲਈ ਉਨ੍ਹਾਂ ਤੋਂ ਇਲਾਕਾਵਾਦ ਨੂੰ ਹਵਾ ਦੇਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ ਬਾਵਜ਼ੂਦ ਉਨ੍ਹਾਂ ਨੇ ਉਹੀ ਕੀਤਾ ਜੋ ਇਲਾਕਾਵਾਦ ਦੇ ਅਧਾਰ ‘ਤੇ ਪਿਛਲੇ ਕੁਝ ਸਮੇਂ ਤੋਂ ਮਹਾਂਰਾਸ਼ਟਰ, ਗੁਜਰਾਤ ਤੇ ਕਰਨਾਟਕ ‘ਚ ਵੇਖਣ ‘ਚ ਆਉਂਦਾ ਰਿਹਾ ਹੈ ਦਰਅਸਲ ਇਸ ਬਿਆਨ ਨਾਲ ਅਜਿਹਾ ਲੱਗਦਾ ਹੈ ਕਿ ਅਜੇ ਕਮਲਨਾਥ ਨੂੰ ਸਥਾਨਕ ਨੀਤੀਆਂ ਦਾ ਪੂਰਾ ਗਿਆਨ ਨਹੀਂ ਹੈ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਸੂਬਿਆਂ ‘ਚ ਸਥਾਨਕ ਲੋਕਾਂ ਨੂੰ ਰੁਜ਼ਗਾਰ ‘ਚ ਪ੍ਰਮੁੱਖਤਾ ਦੇਣ ਦੀ ਤਜਵੀਜ਼ ਪਹਿਲਾਂ ਤੋਂ ਹੀ ਹੈ ਉਨ੍ਹਾਂ ਨੇ ਵੀ ਆਪਣੇ ਬਿਆਨ ‘ਚ 70 ਫੀਸਦੀ ਰੁਜ਼ਗਾਰ ਸਥਾਨਕ ਲੋਕਾਂ ਨੂੰ ਦੇਣ ਦੀ ਗੱਲ ਕਹੀ ਹੈ ਜਦੋਂਕਿ ਬਾਕੀ ਬਚੇ ਜੋ 30 ਫੀਸਦੀ ਰੁਜ਼ਗਾਰ ਹਨ, ਉਨ੍ਹਾਂ ਨੂੰ ਹੋਰ ਸੂਬੇ ਦੇ ਨੌਜਵਾਨਾਂ ਨਾਲ ਹੀ ਭਰਿਆ ਜਾਣਾ ਹੈ ਕਮਲਨਾਥ ਦਾ ਇਹ ਬਿਆਨ ਇਸ ਲਈ ਵੀ ਸ਼ਰਮਨਾਕ ਹੈ, ਕਿਉਂਕਿ ਉਹ ਕਾਂਗਰਸ ਨਾਂਅ ਦੇ ਜਿਸ ਅਖਿਲ ਭਾਰਤੀ ਦਲ ਨਾਲ ਜੁੜੇ ਹੋਏ ਹਨ, ਉਹ ਕੋਈ ਖੇਤਰੀ ਪਾਰਟੀ ਨਹੀਂ ਹੈ, ਇਸ ਲਈ ਇਹ ਮੰਨਣਾ ਬੇਮਾਨੀ ਹੋਵੇਗਾ ਕਿ ਕਾਂਗਰਸ ਸੌੜੀ ਸੋਚ ਪ੍ਰਗਟ ਕਰੇ? ਕਮਲਨਾਥ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਮੁੱਖ ਮੰਤਰੀ ਦੀ ਸਹੁੰ ਲੈਣ ਦੌਰਾਨ ਉਨ੍ਹਾਂ ਨੇ ਲਗਭਗ ਸਾਰੀਆਂ ਖੇਤਰੀ ਪਾਰਟੀਆਂ ਦੇ ਮੁਖੀਆਂ ਨੂੰ ਸਮਾਰੋਹ ‘ਚ ਸੱਦਾ ਦਿੱਤਾ ਸੀ ਕਾਂਗਰਸ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਲੋਕ ਸਭਾ ਚੋਣਾਂ ਲਈ ਮਹਾਂ ਗਠਜੋੜ ਨੂੰ ਹੋਂਦ ‘ਚ ਲਿਆਉਣ ਦੀ ਭੂਮਿਕਾ ਦੇ ਰੂਪ ‘ਚ ਵੀ ਵੇਖਿਆ ਜਾਂਦਾ ਰਿਹਾ ਹੈ ਸਾਫ ਹੈ, ਕਾਂਗਰਸ ਨੂੰ ਆਮ ਚੋਣਾਂ ‘ਚ ਸਪਾ, ਬਸਪਾ, ਤੇਲਗੁਦੇਸ਼ਸ਼ਮ ਅਤੇ ਤ੍ਰਿਣਮੂਲ ਪਾਰਟੀਆਂ ਦੇ ਨਾਲ ਹੀ ਲੜਨਾ ਹੈ ਅਜਿਹੇ ‘ਚ ਇਹ ਬਿਆਨ ਭੇਦਭਾਵ ਨੂੰ ਰੇਖਾਂਕਿਤ ਕਰਦਿਆਂ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਵੱਟਾ ਲਾ ਸਕਦਾ ਹੈ ਲਿਹਾਜ਼ਾ ਕਮਲਨਾਥ ਵਰਗੇ ਜ਼ਿੰਮੇਵਾਰ ਲੋਕਾਂ ਨੂੰ ਅਜਿਹੇ ਵਿਗੜੇ ਬੋਲ ,ਬੋਲਣ ਤੋਂ ਬਚਨਾ ਚਾਹੀਦਾ ਹੈ, ਜੋ ਖੇਤਰੀ ਜਾਂ ਜਾਤੀ ਦੇ ਅਧਾਰ ‘ਤੇ ਵੱਖ ਹੋਣ ਦਾ ਕਾਰਨ ਬਣੇ ਇਸ ਤੋਂ ਇਲਾਵਾ 9 ਵਾਰ ਸਾਂਸਦ ਰਹਿ ਚੁੱਕੇ ਕਮਲਨਾਥ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਆਪਣੇ ਖਿਲਾਫ ਵੰਡਣ ਦੀ ਰਾਜਨੀਤੀ ਖੇਡਣ ਦੇ ਦੋਸ਼ ਲਾਉਣ ਦਾ ਭਖਵਾਂ ਮੁੱਦਾ ਦੇ ਦਿੱਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।