(charpai knitting is also an art) ਮੰਜਾ ਬੁਣਨਾ ਵੀ ਇੱਕ ਕਲਾ
ਵਾਣ ਦੇ ਮੰਜਿਆਂ ਦਾ ਰਿਵਾਜ਼ ਕਿਸੇ ਸਮੇਂ ਪੰਜਾਬ ਵਿੱਚ ਸਿਖਰਾਂ ’ਤੇ ਰਿਹਾ ਹੈ ਘਰਾਂ ਵਿੱਚ ਘੱਟੋ-ਘੱਟ ਦਸ/ਦਸ ਮੰਜੇ ਹੋਇਆ ਕਰਦੇ ਸਨ ਘਰ ਵਿੱਚ ਆਏ ਪ੍ਰਾਹੁਣਿਆਂ ਤੋਂ ਜੇਕਰ ਆਂਢ-ਗੁਆਂਢ ’ਚੋਂ ਮੰਜਾ ਲੈਣ ਜਾਣਾ ਤਾਂ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਓਹ ਗੱਲ ਅਲਹਿਦਾ ਹੈ ਕਿ ਜਵਾਬ ਕਦੇ ਵੀ ਕਿਸੇ ਨੂੰ ਕੋਈ ਵੀ ਨਹੀਂ ਸੀ ਦਿੰਦਾ ਬੇਸ਼ੱਕ ਚਾਰ ਦਿਨ ਮੰਜਾ ਲਿਆ ਕੇ ਨਾ ਮੋੜਦੇ ਕੋਈ ਵੀ ਆਪਣਾ ਮੰਜਾ ਮੰਗਣ ਨਹੀਂ ਸੀ ਆਉਂਦਾ ਪਰ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ ਮੰਜੇ ਕਿਸੇ ਵਿਰਲੇ ਘਰੀਂ ਹੀ ਥੋੜੇ੍ਹ ਮੰਜੇ ਹੁੰਦੇ ਸਨ ਮੰਗਦਿਆਂ ਨੂੰ ਉਂਜ ਹੀ ਕਈਆਂ ਨੂੰ ਸੰਗ ਮਹਿਸੂਸ ਹੁੰਦੀ ਸੀ ਭਾਵੇਂ ਜਵਾਬ ਕਦੇ ਵੀ ਕਿਸੇ ਨੂੰ ਵੀ ਕੋਈ ਵੀ ਨਹੀਂ ਦਿੰਦਾ ਸੀ।
charpai knitting Art
ਨਵੇਂ ਮੰਜਿਆਂ ਦੇ ਸੇਰੂ, ਬਾਹੀਆਂ, ਪਾਵੇ ਅਲੱਗ-ਅਲੱਗ ਸ਼ਹਿਰ ਵਿਚੋਂ ਲੈ ਆਉਣੇ ਤੇ ਪਿੰਡ ਦੇ ਤਰਖ਼ਾਣ ਤੋਂ ਜੜਵਾ ਲੈਣੇ ਅਜੋਕੇ ਸਮੇਂ ਵਾਂਗ ਨਕਦ ਕੋਈ ਪੈਸਾ-ਧੇਲਾ ਨਹੀਂ ਸੀ ਦਿੱਤਾ ਜਾਂਦਾ ਸਿਰਫ਼ ਹਾੜੀ-ਸਾਉਣੀ ਸੇਪੀ ਹੁੰਦੀ ਸੀ ਤੇ ਸਾਰਾ ਸਾਲ ਭਾਵੇਂ ਕੋਈ ਵੀ ਕੰਮ ਕਰਵਾਈ ਜਾਣਾ ਫਿਰ ਮੰਜਿਆਂ ਨੂੰ ਬੁਣਨ ਦੀ ਵਾਰੀ ਆਉਣੀ ਦਰੱਖਤਾਂ ਦੀ ਛਾਵੇਂ ਬੈਠ ਕੇ ਮੰਜੇ ਬੁਣਨੇ ਪਰ ਮੰਜੇ ਬੁਣਨ ਦੀ ਕਲਾ ਹਰ ਇੱਕ ਨੂੰ ਨਹੀਂ ਸੀ ਆਉਂਦੀ। ਕੋਈ ਵਿਰਲਾ ਹੀ ਬਜ਼ੁਰਗ ਜਾਂ ਬੀਬੀ ਮੰਜਾ ਬੁਣਦੀ ਹੁੰਦੀ ਸੀ, ਹਾਂ ਆਸੇ-ਪਾਸੇ ਬੈਠ ਕੇ ਰੱਸੀਆਂ ਬੇਸ਼ੱਕ ਸਾਰੇ ਹੀ ਲੰਘਾ ਲੈਂਦੇ ਸਨ।
ਚੌਖੜੇ ਜਾਂ ਨੌਖੜੇ ਦਾ ਮੰਜਾ
ਵਾਣ ਮੁੰਜ ਦਾ ਹੋਣਾ, ਸੂਤ ਦਾ ਬੁਣਨਾ ਜਾਂ ਫਿਰ ਘਰ ਦੇ ਵਿੱਚ ਫਟੇ-ਪੁਰਾਣੇ ਕੱਪੜੇ ਹੋਣੇ ਉਨ੍ਹਾਂ ਨੂੰ ਵੀ ਵੱਟ ਚਾੜ੍ਹ ਕੇ ਮੇਲ ਕੇ ਮੰਜੇ ਬੁਣੇ ਜਾਂਦੇ ਰਹੇ ਹਨ ਚੌਖੜਾ, ਨੌਖੜਾ ਮਤਲਬ ਚਾਰ ਰੱਸੀਆਂ ਲੰਘਾ ਕੇ ਸੰਘਾ ਭੰਨ੍ਹਣਾ ਜਾਂ ਫਿਰ ਨੌਂ ਰੱਸੀਆਂ ਲੰਘਾ ਕੇ ਸੰਘਾ ਭੰਨ੍ਹਣ ਨਾਲ ਹੀ ਇਸ ਮੰਜੇ ਦੀ ਬਣਤਰ ਬਣਦੀ ਸੀ ਉਸੇ ਹਿਸਾਬ ਨਾਲ ਹੀ ਇਸ ਨੂੰ ਚੌਖੜੇ ਜਾਂ ਨੌਖੜੇ ਦਾ ਮੰਜਾ ਕਿਹਾ ਜਾਂਦਾ ਸੀ ਹਿੰਮਤ ਨਾਲ ਬੁਣਨਾ ਤਾਂ ਇੱਕ ਦਿਨ ਵਿੱਚ ਹੀ ਮੰਜਾ ਬੁਣਿਆ ਜਾ ਸਕਦਾ ਸੀ, ਜੇਕਰ ਥੋੜ੍ਹੇ-ਜਿਹੇ ਆਰਾਮ ਨਾਲ ਬੁਣਨਾ ਤਾਂ ਇੱਕ-ਦੋ ਦਿਨ ਵੀ ਲੱਗ ਜਾਇਆ ਕਰਦੇ ਸਨ।
ਸਿਆਣੇ ਬਜ਼ੁਰਗ ਜਾਂ ਫਿਰ ਸਿਆਣੀ ਉਮਰ ਦੀਆਂ ਸੁਆਣੀਆਂ ਨੂੰ ਵਧੀਆ ਮੰਜੇ ਬੁਣਨ ਦਾ ਤਜ਼ਰਬਾ ਹੁੰਦਾ ਸੀ ਵਧੀਆ ਸੂਤ ਦਾ ਮੰਜਾ ਬੁਣ ਕੇ ਉੱਤੇ ਕੱਪੜਾ ਸਿਉਣ ਦਾ ਰਿਵਾਜ ਵੀ ਰਿਹਾ ਹੈ ਤਾਂ ਕਿ ਸੂਤ ਜਲਦੀ ਮੈਲਾ ਜਾਂ ਧੁੱਪ ਵਗੈਰਾ ’ਚ ਖ਼ਰਾਬ ਨਾ ਹੋਵੇ ਧੁੱਪ ਵਿਚ ਮੰਜਾ ਨਹੀਂ ਸੀ ਰੱਖਿਆ ਜਾਂਦਾ ਮੰਜੇ ਦੇ ਇੱਕ ਪਾਸੇ ਦੌਣ ਪਾਈ ਜਾਂਦੀ ਸੀ ਜਿਸ ਤੋਂ ਮੰਜੇ ਨੂੰ ਲੋੜ ਅਨੁਸਾਰ ਕੱਸ ਲਿਆ ਜਾਂਦਾ ਸੀ।
ਉਂਜ ਤਾਂ ਸਾਰੇ ਹੀ ਮੰਜੇ ਚੰਗੀ ਤਰ੍ਹਾਂ ਢੋਲ ਵਾਂਗ ਕੱਸੇ ਹੁੰਦੇ ਸਨ ਪਰ ਜੇ ਕਿਸੇ ਘਰ ਕੋਈ ਛੋਟਾ ਬੱਚਾ ਹੋਣਾ ਤਾਂ ਉਸ ਘਰ ਵਿੱਚ ਇੱਕ ਮੰਜਾ ਜ਼ਰੂਰ ਢਿੱਲਾ ਹੋਣਾ ਤਾਂ ਕਿ ਬੱਚਾ ਕੱਸੇ ਮੰਜੇ ਤੋਂ ਰਿੜ੍ਹ ਕੇ ਥੱਲੇ ਨਾ ਡਿੱਗ ਪਵੇ ਜੇਕਰ ਢਿੱਲੇ ਮੰਜੇ ਵਿੱਚ ਬੱਚੇ ਨੂੰ ਪਾ ਦੇਣਾ ਤਾਂ ਥੱਲੇ ਡਿੱਗਣ ਦਾ ਖ਼ਤਰਾ ਨਹੀਂ ਸੀ ਰਹਿੰਦਾ
ਪਰ ਅਜੋਕੇ ਬਦਲੇ ਸਮੇਂ ਤੇ ਅਗਾਂਹਵਧੂ ਜ਼ਮਾਨੇ ਵਿੱਚ ਵਾਣ ਦੇ ਮੰਜਿਆਂ ਦਾ ਰਿਵਾਜ ਬਹੁਤ ਘਟ ਗਿਆ ਹੈ, ਬਣੇ-ਬਣਾਏ ਨਵਾਰ ਦੇ ਮੰਜੇ ਜਾਂ ਫਿਰ ਫੋਲਡ ਹੋਣ ਵਾਲੇ ਲੋਹੇ ਦੇ ਬਣੇ ਹੋਏ ਮੰਜੇ ਆ ਗਏ ਹਨ।
ਪੁਰਾਣੀਆਂ ਸਿਆਣੀਆਂ ਸੁਆਣੀਆਂ ਨੇ ਆਪਣਾ ਵਿਰਸਾ ਜ਼ਰੂਰ ਸੰਭਾਲ ਕੇ ਰੱਖਿਆ ਹੋਇਆ
ਰਹਿੰਦੀ-ਖੂੰਹਦੀ ਕਸਰ ਡਬਲ ਬੈੱਡਾਂ ਨੇ ਕੱਢ ਦਿੱਤੀ ਹੈ ਹੁਣ ਕੋਸ਼ਿਸ਼ ਕਰਨ ’ਤੇ ਅਤੇ ਭਾਲਣ ’ਤੇ ਹੀ ਕਿਸੇ ਘਰ ’ਚ ਸੂਤ ਦੇ ਵਾਣ ਦੇ ਜਾਂ ਪਲੰਘ ਮਿਲਣਗੇ ਉਂਜ ਆਮ ਕਹਾਵਤ ਵੀ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ, ਬਿਲਕੁਲ ਇਸੇ ਤਰ੍ਹਾਂ ਪੁਰਾਣੀਆਂ ਸਿਆਣੀਆਂ ਸੁਆਣੀਆਂ ਨੇ ਆਪਣਾ ਇਹ ਜਾਨੋਂ ਪਿਆਰਾ ਵਿਰਸਾ ਜ਼ਰੂਰ ਸੰਭਾਲ ਕੇ ਰੱਖਿਆ ਹੋਇਆ ਹੋਵੇਗਾ ਉਂਜ ਜੇਕਰ ਵਾਣ ਸੂਤ ਜਾਂ ਫਿਰ ਘਰਾਂ ਦੇ ਫਟੇ-ਪੁਰਾਣੇ ਕੱਪੜਿਆਂ ਤੋਂ ਬਣਾਏ ਹੋਏ ਮੰਜੇ ਜਿਨ੍ਹਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਵਾਰਿਆ-ਸ਼ਿੰਗਾਰਿਆ ਹੋਇਆ ਹੁੰਦਾ ਹੈ ਓਹ ਅੱਜ-ਕੱਲ੍ਹ ਹਵੇਲੀ ਰੈਸਟੋਰੈਂਟ ਜਾਂ ਚੰਗੇ ਵਧੀਆ ਢਾਬਿਆਂ ਵਿਚ ਜ਼ਰੂਰ ਵੇਖਣ ਲਈ ਮਿਲ ਜਾਂਦੇ ਹਨ ਤੇ ਓਹਨਾਂ ਦੇ ਪਾਵਿਆਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਰੰਗ-ਰੋਗਨ ਵੀ ਕੀਤਾ ਹੋਇਆ ਆਮ ਹੀ ਵੇਖਣ ਨੂੰ ਮਿਲਦਾ ਹੈ।
ਪੈਸੇ ਦੀ ਦੌੜ ਵਿੱਚ ਅਜੋਕਾ ਮਨੁੱਖ ਆਪਣੇ ਅਤੀਤ ਨੂੰ ਭੁਲਦਾ ਜਾ ਰਿਹਾ ਹੈ
ਲੁਧਿਆਣਾ-ਦਿੱਲੀ ਜੀ ਟੀ ਰੋਡ ’ਤੇ ਸਮਾਲਖਾ ਦੇ ਢਾਬੇ ਬਹੁਤ ਮਸ਼ਹੂਰ ਹਨ, ਉੱਥੇ ਜਲੰਧਰ ਮੁੱਲਾਂਪੁਰ ਹਵੇਲੀ ਰੈਸਟੋਰੈਟਾਂ ਵਿੱਚ ਵੀ ਇਨ੍ਹਾਂ ਦੇ ਦੁਰਲੱਭ ਦਰਸ਼ਨ ਜ਼ਰੂਰ ਹੋ ਜਾਂਦੇ ਹਨ ਉਂਜ ਪੰਜਾਬ ਵਿੱਚ ਹੁਣ ਬਹੁਤ ਘੱਟ ਲੋਕ ਇਸ ਕਲਾ ਨੂੰ ਜਾਣਦੇ ਜਾਂ ਪਿਆਰ ਕਰਦੇ ਹਨ। ਆਮ ਕਹਾਵਤ ਹੈ ਕਿ ਨਵੇਂ-ਨਵੇਂ ਮਿੱਤ ਤੇ ਪੁਰਾਣੇ ਕੀਹਦੇ ਚਿੱਤ! ਨਵੇਂ-ਨਵੇਂ ਡਿਜ਼ਾਈਨਾਂ ਦੇ ਲੋਹੇ ਦੇ ਮੰਜੇ ਫੋਲਡ ਹੋਣ ਵਾਲੇ ਮੰਜੇ ਜਾਂ ਫਿਰ ਬਹੁਤ ਹੀ ਆਲੀਸ਼ਾਨ ਤੇ ਅਤਿਅੰਤ ਮਹਿੰਗੇ ਮੁੱਲ ਦੇ ਡਬਲ ਬੈੱਡ ਨੇ ਪੈਸੇ ਦੀ ਦੌੜ ਵਿੱਚ ਅਜੋਕਾ ਮਨੁੱਖ ਆਪਣੇ ਅਤੀਤ ਨੂੰ ਭੁਲਦਾ ਜਾ ਰਿਹਾ ਹੈ ਪਰ ਕੋਈ ਸਮਾਂ ਪੰਜਾਬ ਵਿੱਚ ਐਸਾ ਵੀ ਰਿਹਾ ਹੈ ਜਦੋਂ ਇਨ੍ਹਾਂ ਮੰਜਿਆਂ ਨਾਲ ਹਰ ਘਰ ਦੀ ਨਿਵੇਕਲੀ ਟੌਹਰ ਵੀ ਹੁੰਦੀ ਸੀ ਤੇ ਆਈ ਬਰਾਤ ਨੂੰ ਬਿਠਾਉਣ ਲਈ ਕਤਾਰ ਦੇ ਵਿੱਚ ਇਨ੍ਹਾਂ ਰੰਗ-ਬਿਰੰਗੇ ਵਾਣ ਦੇ ਮੰਜਿਆਂ ਨੂੰ ਡਾਹਿਆ ਜਾਂਦਾ ਰਿਹਾ ਹੈ ਤੇ ਉਸ ਦਾ ਵੱਖਰਾ ਨਜ਼ਾਰਾ ਵੇਖਿਆਂ ਹੀ ਬਣਦਾ ਸੀ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.