ਕਿਸਾਨ ਸੰਮੇਲਨ ’ਚ ਸ਼ਿਰਕਤ ਕਰਕੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਨਿਬੇੜੇ ਦੀ ਕੀਤੀ ਅਪੀਲ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਿਸਾਨ ਸਮਝ ਚੁੱਕੇ ਹਨ ਕਿ ਪਰਾਲੀ ਉਨ੍ਹਾਂ ਲਈ ਵਰਦਾਨ ਹੈ, ਜਿਸ ਨੂੰ ਖੇਤ ’ਚ ਹੀ ਵਾਹੁਣ ਨਾਲ ਧਰਤੀ ਨੂੰ ਅਨੇਕਾਂ ਤੱਤ ਮਿਲਦੇ ਹਨ ਤੇ ਉਪਜਾਊ ਸ਼ਕਤੀ ’ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਅਗਲੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਨੂੰ ਵਿਹਲਾ ਕਰਨ ਲਈ ਵੀ ਪਰਾਲੀ ਹੋਰ ਕਈ ਕੰਮਾਂ ’ਚ ਵਰਤੀ ਜਾਣ ਲੱਗੀ ਹੈ। ਜਿਸ ਨਾਲ ਪਰਾਲੀ ਨੂੰ ਸਾੜਨ ਦਾ ਰੁਝਾਨ ਕਾਫ਼ੀ ਘਟ ਗਿਆ ਹੈ। ਇਹ ਗੱਲ ਇੱਥੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਪੀਏਯੂ ਵਿਖੇ ਕਰਵਾਏ ਗਏ ਕਿਸਾਨ ਸੰਮੇਲਨ ਦੌਰਾਨ ਮੀਡੀਆਂ ਨਾਲ ਗੱਲਬਾਤ ਕਰਦਿਆਂ ਆਖੀ।
ਖੁੱਡੀਆਂ ਨੇ ਕਿਹਾ ਕਿ ਬਹੁਤੇ ਕਿਸਾਨ ਹੁਣ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਬਾਇਓ ਥਰਮਲ, ਫੈਕਟਰੀ ਆਦਿ ਲਈ ਵਰਤਣ ਲੱਗੇ ਹਨ। ਜਿਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਨੂੰ ਥੋੜ੍ਹਾ ਆਰਥਿਕ ਧੱਕਾ ਲੱਗਦਾ ਹੈ ਸਗੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਵਾਤਾਵਰਣ ਤੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਵੀ ਬਚਾਅ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਸਾਂਭ- ਸੰਭਾਲ ਦੇ ਸਬੰਧ ’ਚ ਸਰਕਾਰ ਵੀ ਕਿਸਾਨਾਂ ਨੂੰ ਮਸ਼ੀਨਰੀ ’ਤੇ ਸਬਸਿਡੀ ਦੇ ਰੂਪ ’ਚ ਸਹਿਯੋਗ ਕਰ ਰਹੀ ਹੈ। ਜਿਸ ਤਹਿਤ ਹੀ ਪਰਾਲੀ ਦੇ ਸੁਚੱਜੇ ਨਿਪਟਾਰੇ ਲਈ ਪੰਜਾਬ ਸਰਕਾਰ ਵੱਲੋਂ ਸਾਢੇ 3 ਸੌ ਕਰੋੜ ਰੁਪਏ ਦੇ ਸੰਦ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ ਹਨ।
ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਨੇ ਮੁੜ ਲਾਈ ਅਗਾਊਂ ਜਮਾਨਤ ਦੀ ਅਰਜੀ
ਉਨ੍ਹਾਂ (Gurmeet Singh Khudian) ਦੱਸਿਆ ਕਿ 1 ਲੱਖ ਤੋਂ ਵੱਧ ਕਿਸਾਨਾਂ ਦੀਆਂ ਅਰਜ਼ੀਆਂ ਆਈਆਂ ਸਨ ਜਿੰਨ੍ਹਾਂ ਵਿੱਚੋਂ 24-25 ਹਜ਼ਾਰ ਕਿਸਾਨਾਂ ਨੂੰ ਲਾਟਰੀ ਸਿਸਟਮ ਰਾਹੀਂ ਮਸ਼ਨੀਰੀ ਦੀ ਵੰਡ ਕੀਤੀ ਗਈ ਹੈ। ਜਦਕਿ ਪਿਛਲੀਆਂ ਸਰਕਾਰਾਂ ਵੱਲੋਂ ਸਬਸਿਡੀ ਵਾਲੇ ਸੰਦ ਸਿਰਫ਼ ਆਪਣੇ ਚਹੇਤਿਆਂ ਨੂੰ ਹੀ ਮੁਹੱਈਆ ਕਰਵਾਏ ਜਾਂਦੇ ਸਨ। ਮੰਤਰੀ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਕੇਂਦਰ ਪਾਸੋਂ ਪ੍ਰਤੀ ਕਿਸਾਨ 15 ਸੌ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਹਾਲੇ ਤੱਕ ਕੇਂਦਰ ਸਰਕਾਰ ਨੇ ਬਾਂਹ ਨਹੀਂ ਫ਼ੜਾਈ। ਜਿਸ ਕਰਕੇ ਉਨ੍ਹਾਂ (ਪੰਜਾਬ ਸਰਕਾਰ) ਨੂੰ ਵੀ ਮੁਸ਼ਕਿਲ ਆ ਰਹੀ ਹੈ।
ਡਾ. ਸਵਾਮੀਨਾਥਨ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਡਾ. ਸਵਾਮੀਨਾਥਨ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਸਵਾਮੀਨਾਥਨ ਨੂੰ ਵੱਡੀ ਸਰਧਾਂਜ਼ਲੀ ਕੇਂਦਰ ਸਰਕਾਰ ਦੇ ਸਕਦੀ ਹੈ ਜੇਕਰ ਉਹ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰੇ। ਜਿਸ ਨਾਲ ਖੇਤੀ ਨਾਲ ਜੁੜੇ ਅਨੇਕਾਂ ਮਸ਼ਲੇ ਹੱਲ ਹੋ ਜਾਣਗੇ। ਉਨ੍ਹਾਂ ਪੀਏਯੂ ਦੀ ਸਲਾਘਾ ਕਰਦਿਆਂ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਵਿੱਚ ਖੇਤੀਬਾੜੀ ਯੂਨੀਵਰਸਿਟੀ ਸੁਚੱਜਾ ਯੋਗਦਾਨ ਪਾ ਰਹੀ ਹੈ, ਜਿਸ ਨੂੰ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਨਾਲ ਕਿਸਾਨ ਸੇਖਾ ਕਮਿਸ਼ਨਰ ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਇੰਦਰਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ, ਡਾ. ਨਿਰਮਲ ਸਿੰਘ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਪੀਏਯੂ ਤੇ ਡਾ. ਤੇਜਿੰਦਰ ਸਿੰਘ ਰਿਆੜ ਵੀ ਮੌਜੂਦ ਸਨ।
‘ਕਿਸਾਨ ਵੀ ਭੁੱਲ ਜਾਂਦਾ ਸੀ’
ਚੋਣਾਂ ਦੇ ਮੁੱਦੇ ’ਤੇ ਸਵਾਲ ਦੇ ਜਵਾਬ ’ਚ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ‘ਉਹ ਖੇਤੀਬਾੜੀ ਵਾਲੇ ਹਨ, ਉਹ ਜਦੋਂ ਆਉਣਗੇ ਉਨ੍ਹਾਂ ਨੂੰ ਪੁੱਛ ਲਿਓ।’ ਉਨਾਂ ਅੱਗੇ ਕਿਹਾ ਕਿ ਜਿਹੜੇ ਵਿਰੋਧੀ ਧਿਰ ’ਚ ਬੈਠ ਕੇ ਗੱਲਾਂ ਕਰਦੇ ਹਨ, ਉਹ ਪੰਜ-ਪੰਜ, ਸੱਤ- ਸੱਤ ਸਾਲ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੇ ਸਨ। ਇਸ ਦੌਰਾਨ ਸਬੰਧਿਤ ਕਿਸਾਨ ਵੀ ਭੁੱਲ ਜਾਂਦਾ ਸੀ ਕਿ ਉਸਦੀ ਫ਼ਸਲ ਕਿਹੜੇ ਸਾਲ ਖ਼ਰਾਬ ਹੋਈ ਸੀ। ਜਦਕਿ ‘ਆਪ’ ਸਰਕਾਰ ਕੁੱਝ ਦਿਨਾਂ ਹੀ ’ਚ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ। ਉਨਾਂ ਪੁਸ਼ਟੀ ਕੀਤੀ ਕਿ ਅੱਧ ਦੇ ਕਰੀਬ ਕਿਸਾਨਾਂ ਦਾ ਵੱਖ ਵੱਖ ਤਰਾਂ ਦਾ ਮੁਆਵਜ਼ਾ ਬਕਾਇਆ ਹੈ ਜੋ ਥੋੜੇ ਹੀ ਦਿਨਾਂ ’ਚ ਰਹਿੰਦੇ ਕਿਸਾਨਾਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।