ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ
ਚੰਡੀਗੜ (ਅਸ਼ਵਨੀ ਚਾਵਲਾ)। ਕਰਫਿਊ ਦੌਰਾਨ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਲੋਕਾਂ ਨੂੰ ਵਿੱਤੀ ਲੈਣ-ਦੇਣ ਦੀ ਸਹੂਲਤ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ 30 ਅਤੇ 31 ਮਾਰਚ, 2020 ਨੂੰ ਸੂਬਾ ਭਰ ਵਿੱਚ ਬੈਂਕਾਂ ਖੁੱਲ੍ਹੀਆਂ ਰਹਿਣਗੀਆਂ। ਇਸੇ ਤਰ੍ਹਾਂ 3 ਅਪ੍ਰੈਲ ਤੋਂ ਵਾਰੋ-ਵਾਰੀ (ਰੋਟੇਸ਼ਨ) ਦੇ ਆਧਾਰ ‘ਤੇ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾਂ ਹਫ਼ਤੇ ਵਿੱਚ ਦੋ ਦਿਨ ਲਈ ਖੁੱਲ੍ਹਿਆ ਕਰਨਗੀਆਂ।
ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਕੋਵਿਡ-19 ਤਹਿਤ ਲੱਗੇ ਕਰਫਿਊ ਦੌਰਾਨ 30 ਅਤੇ 31 ਮਾਰਚ, 2020 ਅਤੇ ਉਸ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਖੋਲ੍ਹਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਅਤੇ ਯੂ.ਟੀ. ਚੰਡੀਗੜ ਦੇ ਡਿਪਟੀ ਕਮਿਸ਼ਨਰਾਂ ਨੂੰ ਬੈਂਕਾਂ ਦੇ ਸਟਾਫ ਵਿੱਚ ਢਿੱਲ ਦੇਣ ਲਈ ਲੋੜੀਂਦੀ ਸਹਾਇਤਾ ਦੇਣ ਅਤੇ ਹੋਰ ਸਬੰਧਤ ਵਸਤਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ।
ਐਡਵਾਈਜ਼ਰੀ ਮੁਤਾਬਕ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੀਆਂ ਬੈਂਕ ਬ੍ਰਾਂਚਾਂ, ਏ.ਟੀ.ਐਮਜ਼, ਬੈਂਕਿੰਗ ਕਾਰਸਪੋਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਅਤੇ ਇੰਜਨੀਅਰਿੰਗ ਸਹਾਇਤਾ ਦੇਣ ਵਾਲੇ 30 ਤੇ 31 ਮਾਰਚ, 2020 ਨੂੰ ਕੰਮ ਕਰਨਗੇ। ਇਸੇ ਤਰ੍ਹਾਂ ਸੂਬੇ ਅਤੇ ਯੂ.ਟੀ. ਚੰਡੀਗੜ ਦੇ ਡਿਪਟੀ ਕਮਿਸ਼ਨਰਾਂ ਨੂੰ ਪਾਸ ਜਾਰੀ ਕਰਨ ਅਤੇ ਕਰਫਿਊ ਵਿੱਚ ਲੋੜੀਂਦੀ ਢਿੱਲ ਦੇਣ ਲਈ ਬਣਦੀ ਸਹਾਇਤਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
31 ਮਾਰਚ ਨੂੰ ਸਾਰੇ ਸਰਕਾਰੀ ਚੈੱਕਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ। ਪਹਿਲੀ ਅਪ੍ਰੈਲ, 2020 ਨੂੰ ਬੈਂਕਾਂ ਜਨਤਕ ਕਾਰਜ ਨਹੀਂ ਨਿਪਟਾਉਂਦੀਆਂ ਪਰ ਸੂਬੇ ਅਤੇ ਯੂ.ਟੀ. ਚੰਡੀਗੜ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਦਿਨ ਵੀ ਬੈਂਕ ਸਟਾਫ ਨੂੰ ਲੋੜੀਂਦੇ ਪਾਸ ਕਰਨ ਲਈ ਆਖਿਆ ਗਿਆ ਹੈ।
ਇਸੇ ਤਰ੍ਹਾਂ 3 ਅਪ੍ਰੈਲ, 2020 ਤੋਂ ਬਾਅਦ ਸਾਰੀਆਂ ਬੈਂਕ ਬ੍ਰਾਂਚਾਂ, ਏ.ਟੀ.ਐਮਜ਼, ਬੈਂਕਿੰਗ ਕਾਰਸਪੋਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਅਤੇ ਇੰਜਨੀਅਰਿੰਗ ਸਹਾਇਤਾ ਦੇਣ ਵਾਲੇ ਸਟਾਫ ਦੀ ਥੋੜ੍ਹੀ ਗਿਣਤੀ ਨਾਲ ਕੰਮ ਕਰਨਗੇ।
ਬੈਂਕਾਂ ਇਹ ਯਕੀਨੀ ਬਣਾਉਣਗੀਆਂ ਕਿ ਏ.ਟੀ.ਐਮ. 24 ਘੰਟੇ ਕੰਮ ਕਰਨ ਅਤੇ ਬੈਂਕਿੰਗ ਕਾਰਸਪੌਡੈਂਟ ਸੁਰੱਖਿਆ ਕਰਮੀਆਂ ਨਾਲ ਪੇਂਡੂ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ। ਉਨ੍ਹਾਂ ਨੇ ਸਮਾਜਿਕ ਦੂਰੀ ਅਤੇ ਸਫਾਈ ਦੇ ਧਿਆਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਇਸੇ ਤਰ੍ਹਾਂ ਵਪਾਰਕ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਲੀਹ ‘ਤੇ ਬੈਂਕਾਂ ਖੱਲਣ ਲਈ ਉਪਰੋਕਤ ਨੂੰ ਅਮਲ ਵਿੱਚ ਲਿਆਉਣ ਵਾਸਤੇ ਘੱਟ ਸਟਾਫ, ਸਮਾਜਿਕ ਦੂਰੀ ਅਤੇ ਸਫਾਈ ਸਬੰਧੀ ਗ੍ਰਹਿ ਵਿਭਾਗ/ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਇਹ ਹੁਕਮ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ 24 ਮਾਰਚ 2020 ਨੂੰ ਸਾਰੀਆਂ ਕਮਰਸ਼ੀਅਲ ਤੇ ਪ੍ਰਾਈਵੇਟ ਸੰਸਥਾਵਾਂ ਤੇ ਕੁਝ ਕਮਰਸ਼ੀਅਲ ਤੇ ਪ੍ਰਾਈਵੇਟ ਸੰਸਥਾਵਾਂ ਜਿਨਾਂ ਵਿੱਚ ਬੈਂਕ ਤੇ ਏ.ਟੀ.ਐਮ. ਸ਼ਾਮਲ ਸਨ, ਨੂੰ ਬੰਦ ਕਰਨ ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਕੀਤੇ ਗਏ ਹਨ। ਇਸ ਦਾ ਪਾਲਣ ਵਿੱਤ ਮੰਤਰਾਲੇ, ਭਾਰਤ ਸਰਕਾਰ ਤੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 27 ਮਾਰਚ 2020 ਨੂੰ ਜਾਰੀ ਕੀਤੇ ਆਦੇਸ਼ਾਂ ਨਾਲ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।