500 ਕਰੋੜ ਰੁਪਏ ਕੈਂਸਰ ਮਰੀਜ਼ਾ ਦਾ ਦਬੀ ਬੈਠੀ ਐ ਕਾਂਗਰਸ ਸਰਕਾਰ, ਮਰੀਜ਼ ਬੇਹਾਲ

Cancer Patients

ਤਿੰਨ ਸਾਲ ਤੋਂ ਕੈਂਸਰ ਦੇ ਮਰੀਜ਼ਾ ਦਾ ਪੈਸਾ ਜਾਰੀ ਨਹੀਂ ਕਰ ਰਹੀ ਐ ਸਰਕਾਰ, ਇਲਾਜ ਦੌਰਾਨ ਵਿਕ ਜਾਂਦੇ ਹਨ ਘਰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਕੈਂਸਰ ਦੇ ਮਰੀਜ਼ਾ ਨੂੰ ਕੈਂਸਰ ਰਾਹਤ ਫੰਡ ਰਾਹੀਂ ਪੈਸਾ ਹੀ ਜਾਰੀ ਨਹੀਂ ਹੋ ਰਿਹਾ। ਇਸ ਵਿੱਚ ਹੁਣ ਕੈਂਸਰ ਦੇ ਮਰੀਜ਼ਾ ਦਾ 500 ਕਰੋੜ ਰੁਪਏ ਦੇ ਲਗਭਗ ਬਕਾਇਆ ਖੜਾ ਹੋ ਗਿਆ ਹੈ ਪਰ ਸਰਕਾਰ ਇਸ ਪਾਸੇ ਧਿਆਨ ਤੱਕ ਨਹੀਂ ਦੇ ਰਹੀਂ ਹੈ। ਇਹ ਮੁੱਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਜ਼ੀਰੋ ਕਾਲ ਦੌਰਾਨ ਚੁੱਕਦੇ ਹੋਏ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ।

ਜ਼ੀਰੋ ਕਾਲ ਦੌਰਾਨ ਬੋਲਦੇ ਹੋਏ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਸਿਹਤ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਕੈਂਸਰ ਦੇ ਮਰੀਜ਼ਾ ਦਾ ਹੁਣ ਸਰਕਾਰ ਵਲ ਪੈਂਡਿੰਗ ਹੋ ਗਿਆ ਹੈ। ਕੈਂਸਰ ਦੇ ਮਰੀਜ਼ਾ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਰਾਹੀਂ ਡੇਢ ਲੱਖ ਰੁਪਏ ਇਲਾਜ ਲਈ ਮਿਲਦਾ ਹੈ ਪਰ ਪਿਛਲੇ ਤਿੰਨ ਸਾਲ ਤੋਂ ਇਹ ਫੰਡ ਰਾਹੀਂ ਜ਼ਿਆਦਾਤਰ ਲੋਕਾਂ ਨੂੰ ਪੈਸਾ ਜਾਰੀ ਹੀ ਨਹੀਂ ਹੋ ਰਿਹਾ ਹੈ।

ਸਿਫ਼ਰ ਕਾਲ ‘ਚ ‘ਆਪ’ ਨੇ ਉਠਾਏ ਰੇਤ ਮਾਫ਼ੀਆ ਇੰਟਰਲੌਕ ਟਾਈਲ ਮਾਫ਼ੀਆ ਤੇ ਆਂਗਣਵਾੜੀ ਵਰਕਰਾਂ ਦੇ ਮੁੱਦੇ

ਬਜਟ ਇਜਲਾਸ ਦੇ ਆਖਰੀ ਦਿਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਜ਼ੀਰੋ ਕਾਲ ਦੌਰਾਨ ਰੇਤ ਮਾਫ਼ੀਆ, ਇੰਟਰਲੌਕ ਟਾਈਲ ਮਾਫ਼ੀਆ, ਆਈਲੈਟਸ ਫ਼ੀਸਾਂ, ਆਂਗਣਵਾੜੀ ਵਰਕਰਾਂ ਅਤੇ ਫ਼ਰਜ਼ੀ ਅਤੇ ਡੰਮੀ ਦਾਖ਼ਲਿਆਂ ਵਰਗੇ ਮੁੱਦੇ ਉਠਾਏ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਦਨ ‘ਚ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਸਰਕਾਰ ਇੱਕ ਪਾਸੇ ਖ਼ਜ਼ਾਨਾ ਖ਼ਾਲੀ-ਖ਼ਾਲੀ ਕਹਿੰਦੀ ਹੈ, ਦੂਜੇ ਪਾਸੇ ਖ਼ਜ਼ਾਨਾ ਭਰਨ ਵਾਲੇ ਸਰੋਤਾਂ ਨੂੰ ਮਾਫ਼ੀਆ ਹਵਾਲੇ ਕਰ ਰੱਖਿਆ ਹੈ। ਚੀਮਾ ਨੇ ਰੋਪੜ ਜ਼ਿਲੇ ਦੀਆਂ ਸਵਾੜਾ, ਬੇਈਹਾਰਾ ਅਤੇ ਹਰਸ਼ਾ ਬੇਲਾ ਖੱਡਾਂ ਲਈ ਠੇਕੇਦਾਰਾਂ ਕੋਲੋਂ ਵਸੂਲੀ ਜਾਣ ਵਾਲੀ 632 ਕਰੋੜ ਦੀ ਰਿਕਵਰੀ ਪਿਛਲੇ 2 ਸਾਲਾਂ ਤੋਂ ਵਸੂਲ ਨਹੀਂ ਰਹੀ।
ਹਰਪਾਲ ਸਿੰਘ ਚੀਮਾ ਨੇ ਸੜਕਾਂ ਅਤੇ ਗਲੀਆਂ ਪੱਕੀਆਂ ਕਰਨ ਲਈ ਵਰਤੀਆਂ ਜਾਂਦੀਆਂ ਇੰਟਰਲੌਕ ਟਾਈਲਾਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇੱਕ ਹੋਰ ਨਵੀਂ ਕਿਸਮ ਦਾ ‘ਇੰਟਰਲੌਕ ਟਾਈਲ ਮਾਫ਼ੀਆ’ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ।

ਉਨਾਂ ਕਿਹਾ ਕਿ ਇੱਕ ਇੰਟਰਲੌਕ ਟਾਈਲ ਦੀ ਕੀਮਤ 5 ਰੁਪਏ ਬਣਦੀ ਹੈ ਜਦਕਿ 13 ਰੁਪਏ ਤੱਕ ਦਿੱਤੀ ਜਾ ਰਹੀ ਹੈ। ਚੀਮਾ ਨੇ ਇਸ ‘ਚ ਵਿਧਾਇਕਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਹੈ। ਉਨਾਂ ਕਿਹਾ ਕਿ ਪੂਰੇ ਦੇਸ਼ ‘ਚ ਓਨੀਆਂ ਆਈਐਸਆਈ ਮਾਰਕਾ ਟਾਈਲ ਫ਼ੈਕਟਰੀਆਂ ਨਹੀਂ ਜਿੰਨੀਆਂ ਪੰਜਾਬ ‘ਚ ਹਨ ਜਿੰਨਾ ‘ਚ ਬਹੁਤੀਆਂ ਵਿਧਾਇਕਾਂ ਅਤੇ ਸਾਥੀਆਂ ਦੀਆਂ ਹਨ।

ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਿਹਨਤਾਨੇ ਦਾ ਮੁੱਦਾ ਉਠਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਿਛਲੀ ਅਕਤੂਬਰ ਤੋਂ ਮਿਹਨਤਾਨਾ ਨਹੀਂ ਦੇ ਰਹੀ, ਜੋ ਤੁਰੰਤ ਦਿੱਤਾ ਜਾਣਾ ਚਾਹੀਦਾ ਹੈ।

ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਗੁਰੂ ਨਾਨਕ ਕਾਲਜ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਮਹਿਜ਼ 3 ਏਕੜ ਦੇ ਇਸ ਕਾਲਜ ‘ਚ ਕਰੀਬ 5600 ਵਿਦਿਆਰਥੀ ਦਾਖਲ ਹਨ ਜਦਕਿ 100 ਏਕੜ ‘ਚ ਬਣੀ ਪੰਜਾਬ ਯੂਨੀਵਰਸਿਟੀ ‘ਚ 4600 ਵਿਦਿਆਰਥੀ ਹਨ। ਉਨਾਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਦਾਖ਼ਲੇ ਫ਼ਰਜ਼ੀ ਅਤੇ ਡੰਮੀ ਹਨ ਅਤੇ ਵਿਦਿਆਰਥੀਆਂ ਨਾਲ ਧੋਖਾ ਹੈ।

ਕਦੇ ਕਮੇਟੀ ਬਣਾ ਦਿਓ, ਜਦੋਂ ਕੋਈ ਕੰਮ ਨਾ ਕਰਨਾ ਹੋਵੇ ਤਾਂ ਵਾਈਟ ਪੇਪਰ ਲੈ ਆਓ

ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਬਿਜਲੀ ਐਗਰੀਮੈਂਟ ਵਿੱਚ ਸਾਡੇ ਇਥੇ ਇਹੋ ਜਿਹੇ ਹਾਲਾਤ ਬਣ ਗਏ ਕਿ ਕਦੇ ਕਮੇਟੀ ਬਣਾ ਦਿਓ, ਕਦੇ ਸਬ ਕਮੇਟੀ ਬਣਾ ਦਿਓ, ਜਦੋਂ ਕੋਈ ਕੰਮ ਨਾ ਕਰਨਾ ਹੋਵੇ ਤਾਂ ਕਦੇ ਵਾਈਟ ਪੇਪਰ ਲੈ ਆਓ, ਜਿਹੜੀ ਸਰਕਾਰ ਇਹੋ ਐਗਰੀਮੈਂਟ ਕਰਕੇ ਗਈ ਸੀ, ਉਹ ਹੁਣ ਸੀਬੀਆਈ ਦੀ ਜਾਂਚ ਮੰਗਣ ਲਗ ਪਈ ਹੈ।

ਅਧਿਕਾਰੀਆਂ ਦੀ ਕਮੇਟੀ ਬਣਾ ਦਿੱਤੀ ਜਾਂਦੀ ਹੈ, ਫਿਰ ਰਿੜਕਣ ਲਗ ਜਾਂਦੇ ਹਨ ਕਿ ਇਥੇ ਇਹ ਹੋਇਆ, ਇਥੇ ਔਹ ਹੋਇਆ, ਕਿਉਂਕਿ ਸਿਆਸੀ ਬੰਦੇ ਫੇਸ ਵੈਲਿਊ ਰਹੀ ਨਹੀਂ ਗਈ ਹੈ। ਅਸੀਂ ਸਾਰੇ ਇਥੇ ਬੈਠੇ ਹਨ ਅਤੇ ਇਸ ਨੂੰ ਪਵਿੱਤਰ ਸਦਨ ਦੀ ਗਲ ਕਰਦੇ ਹਾਂ ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਉਸ ਵਿੱਚੋਂ ਸਾਰਾ ਹੀ ਘਾਲ਼ਾ-ਮਾਲ਼ਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਭਾਵੇਂ ਹਾਊਸ ਦੀ ਕਮੇਟੀ ਬਣਾ ਦਿਓ ਭਾਵੇਂ ਸਮਾਂ ਵੱਧ ਬਣਾ ਦਿਓ ਤਾਂ ਕਿ ਪਤਾ ਲੱਗ ਸਕੇ ਕਿ ਬਿਜਲੀ ਐਗਰੀਮੈਂਟ ਕਿਸ ਨੇ ਮਾੜੇ ਕੀਤੇ ਹਨ ਅਤੇ ਕਿਹੜੀ ਸਰਕਾਰ ਅਤੇ ਕਿਹੜੇ ਕਿਹੜੇ ਅਧਿਕਾਰੀਆਂ ਦਾ ਇਸ ਮਾਮਲੇ ਨਾਲ ਲੈਣ ਦੇਣ ਹੈ। ਇਸ ਵਿੱਚ ਸਰਕਾਰ ਹੋਵੇ ਜਾਂ ਫਿਰ ਪੁਰਾਣੀ ਸਰਕਾਰ ਹੋਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।