Children Day: ਇਤਿਹਾਸ ਇੱਕ ਦਿਨ ’ਚ ਨਹੀਂ ਸਿਰਜਿਆ ਜਾਂਦਾ ਪਰ ਹਾਂ! ਇੱਕੋ ਦਿਨ ਦੀ ਇੱਕ ਵੱਡੀ ਘਟਨਾ ਇਤਿਹਾਸ ਵਿੱਚ ਇੱਕ ਵੱਡਾ ਮੋੜ ਲੈ ਆਉਂਦੀ ਹੈ। ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਉਹ ਦੇਸ਼ ਦੇ ਇੱਕ ਸੁਘੜ ਤੇ ਸਿਆਣੇ ਰਾਜਨੀਤੀਵੇਤਾ ਸਨ। ਉਨ੍ਹਾਂ ਨੇ ਦੇਸ਼ ਦੇ ਅਜ਼ਾਦੀ ਅੰਦੋਲਨ ’ਚ ਵੱਡਾ ਯੋਗਦਾਨ ਪਾਇਆ।
ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ’ਚ ਇੱਕ ਨਾਮੀ ਤੇ ਰੱਜੇ-ਪੁੱਜੇ ਵਕੀਲ ਮੋਤੀ ਲਾਲ ਨਹਿਰੂ ਦੇ ਘਰ ਹੋਇਆ। ਪੰਡਿਤ ਜਵਾਹਰ ਲਾਲ ਨਹਿਰੂ ਦੀ ਮਾਂ ਦਾ ਨਾਂਅ ਸਵਰੂਪ ਰਾਣੀ ਨਹਿਰੂ ਸੀ। ਉਹ ਮੋਤੀ ਲਾਲ ਨਹਿਰੂ ਦੇ ਇਕਲੌਤੇ ਫਰਜੰਦ ਸਨ। ਇਸ ਤੋਂ ਬਿਨਾ ਮੋਤੀ ਲਾਲ ਨਹਿਰੂ ਦੀਆਂ ਤਿੰਨ ਧੀਆਂ ਸਨ। ਉਹ ਕਸ਼ਮੀਰ ਦੇ ਸਾਰਸਵਤ ਬ੍ਰਾਹਮਣ ਸਨ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਹੈਰੋ ਅਤੇ ਕਾਲਜ ਦੀ ਪੜ੍ਹਾਈ ਟ੍ਰਾਇੰਟੀ ਕਾਲਜ ਲੰਡਨ ਤੋਂ ਪ੍ਰਾਪਤ ਕੀਤੀ। Children Day
ਇੰਗਲੈਂਡ ’ਚ ਉਨ੍ਹਾਂ 7 ਵਰ੍ਹੇ ਬਤੀਤ ਕੀਤੇ। ਦੇਸ਼ ਦੀ ਅਜਾਦੀ ਮਗਰੋਂ ਰਾਸ਼ਟਰੀ ਕਾਂਗਰਸ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ। ਉਸ ਪਿੱਛੋਂ 1951 ’ਚ ਹੋਈਆਂ ਪਹਿਲੀਆਂ ਆਮ ਚੋਣਾਂ ’ਚ ਉਹ ਮੁੜ ਪ੍ਰਧਾਨ ਮੰਤਰੀ ਬਣੇ ਅਤੇ ਆਪਣੀ ਮੌਤ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ। ਉਨ੍ਹਾਂ ਨੂੰ ਪੂਰੀ ਦੁਨੀਆਂ ’ਚ ਇੱਕ ਮਜ਼ਬੂਤ ਨੇਤਾ ਵਜੋਂ ਜਾਣਿਆ ਜਾਂਦਾ ਸੀ। ਪੰਡਿਤ ਨਹਿਰੂ ਦੀ ਪਤਨੀ ਦਾ ਨਾਂਅ ਕਮਲਾ ਨਹਿਰੂ ਸੀ। Children Day
ਕੀ ਅਸੀਂ ਬਾਲਾਂ ਨੂੰ ਚੰਗੀ ਸਿੱਖਿਆ ਦੇ ਸਕੇ? | Children Day
ਉਨ੍ਹਾਂ ਦੀ ਇੱਕ ਧੀ, ਇੰਦਰਾ ਗਾਂਧੀ ਸੀ, ਜੋ ਲਾਲ ਬਹਾਦਰ ਸ਼ਾਸਤਰੀ ਦੀ ਉੱਤਰਾਧਿਕਾਰੀ ਬਣੀ ਅਤੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨ। ਬਾਲ ਅਧਿਕਾਰਾਂ ਦੀ ਗੱਲ ਕਰਦਿਆਂ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਬੱਚਿਆਂ ਨੂੰ 8 ਘੰਟੇ ਪੜ੍ਹਨ ਲਈ ਆਖਦੇ ਹੋ ਤਾਂ ਤੁਹਾਨੂੰ ਉਨ੍ਹਾਂ ਨੂੰ 2 ਘੰਟੇ ਖੇਡਣ ਲਈ ਵੀ ਕਹਿਣਾ ਚਾਹੀਦਾ ਹੈ। ਤਾਂ ਜੋ ਉਨ੍ਹਾਂ ਦਾ ਮਨ ਤਰੋ-ਤਾਜਾ ਰਹੇ। ਦੇਸ਼ ਦੇ ਸਾਰੇ ਬੱਚਿਆਂ ਨੂੰ ਖਾਸ ਮਹਿਸੂਸ ਕਰਵਾਉਣ ਲਈ, ਸਾਡੇ ਦੇਸ਼ ਵਿੱਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਦਿਨ ਨੂੰ ਮਨਾਉਣ ਦਾ ਮਹੱਤਵ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ, ਉਨ੍ਹਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣਾ ਹੈ। ਇਸ ਦਿਨ ਸਕੂਲਾਂ ਵਿੱਚ ਬੱਚਿਆਂ ਲਈ ਗੀਤ, ਸੰਗੀਤ ਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਤੋਹਫੇ ਵੀ ਦਿੱਤੇ ਜਾਂਦੇ ਹਨ। ਜ਼ਿਕਰੇਖਾਸ ਹੈ ਕਿ ਬੱਚੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ‘ਚਾਚਾ ਨਹਿਰੂ’ ਕਹਿੰਦੇ ਹਨ। ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਬੱਚੇ ਕਿਸੇ ਵੀ ਸਮਾਜ ਦੀ ਮੂਲ ਨੀਂਹ ਹੁੰਦੇ ਹਨ।
Children Day
ਇਸ ਲਈ ਉਨ੍ਹਾਂ ਦਾ ਪਾਲਣ-ਪੋਸ਼ਣ ਢੁੱਕਵੇਂ ਮਾਹੌਲ ’ਚ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹਰ ਸਾਲ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੀ ਯਾਦ ਵਿੱਚ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਣ ਲੱਗਾ। ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ 27 ਮਈ 1964 ਨੂੰ ਹੋਈ। ਉਸੇ ਸਾਲ ਉਨ੍ਹਾਂ ਦੇ ਜਨਮ ਦਿਨ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ। ਉਸ ਦਿਨ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਲੋਕ ਸਭਾ ’ਚ ਸਰਬਸੰਮਤੀ ਨਾਲ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਦਿਨ ਨੂੰ ਮਨਾਇਆ ਜਾਂਦਾ ਹੈ।
ਦੂਜੇ ਪਾਸੇ ਬਾਲ ਦਿਵਸ ਉੱਤੇ ਸਾਨੂੰ ਇਹ ਵੇਖਣ ਤੇ ਸੋਚਣ ਦੀ ਲੋੜ ਹੈ ਕਿ, ਕੀ ਅਸੀਂ ਬੱਚਿਆਂ ਨੂੰ ਉਹ ਅਧਿਕਾਰ ਦਿੱਤੇ ਹੋਏ ਹਨ, ਜੋ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਦਿੱਤੇ ਜਾਣੇ ਬਣਦੇ ਹਨ। ਅੱਜ ਵੀ ਬਹੁਤ ਸਾਰੇ ਬੱਚੇ ਸੜਕਾਂ, ਭੱਠਿਆਂ, ਹੋਟਲਾਂ ਤੇ ਰੈਸਟੋਰੈਂਟਾਂ ਆਦਿ ’ਚ ਕੰਮ ਕਰਦੇ ਵੇਖੇ ਜਾ ਸਕਦੇ ਹਨ। ਕੀ ਇਹ ਬਾਲ ਦਿਵਸ ਉੱਤੇ ਸਾਡਾ ਮੂੰਹ ਚਿੜਾਉਂਦੇ ਨਜਰ ਨਹੀਂ ਆਉਂਦੇ? ਸਭ ਤੋਂ ਖਾਸ ਸਵਾਲ ਇਹ ਕਿ ਕੀ ਅਸੀਂ ਬਾਲਾਂ ਨੂੰ ਚੰਗੀ ਸਿੱਖਿਆ ਦੇ ਸਕੇ? ਜਦੋਂਕਿ ਦੇਸ਼ ਦੀ ਸੰਸਦ ਵੱਲੋਂ 4 ਅਗਸਤ 2009 ਨੂੰ ਬਣਾਏ ਤੇ 1 ਅਪਰੈਲ 2010 ਨੂੰ ਲਾਗੂ ਕੀਤੇ ਕਾਨੂੰਨ ’ਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫਤ ਤੇ ਲਾਜਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ।
ਲੈਕਚਰਾਰ ਅਜੀਤ ਖੰਨਾ
ਮੋ. 76967-54669