ਆਪ ਆਗੂਆਂ ਤੋਂ ਪੁਲਿਸ ਨੇ ਖੋਹੇ ਉਨ੍ਹਾਂ ਦੇ ਮੋਬਾਇਲ
ਤਰੁਣ ਕੁਮਾਰ ਸ਼ਰਮਾ, ਨਾਭਾ
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੀ ਰਿਹਾਇਸ਼ ਲਾਗੇ ਧਰਨੇ ‘ਤੇ ਬੈਠੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅੱਜ ਨਾਭਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੋਸਟ ਸਕਾਲਰਸ਼ਿਪ ਘਪਲੇ ‘ਚ ਘਿਰੇ ਨਜ਼ਰ ਆ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਲਾਗੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬੀਤੇ ਦਿਨ ਨੌਜਵਾਨ ਆਗੂ ਜੱਸੀ ਸੋਹੀਆ ਵਾਲਾ, ਬਰਿੰਦਰ ਬਿੱਟੂ, ਸੁਰਿੰਦਰਪਾਲ ਸ਼ਰਮਾ, ਭੁਪਿੰਦਰ, ਐਡਵੋਕੇਟ ਨਰਿੰਦਰ ਸ਼ਰਮਾ ਤੇ ਜਗਜੀਤ ਕੌਰ ਜਵੰਧਾ ਦੀ ਅਗਵਾਈ ਵਿੱਚ ਜੋਰਦਾਰ ਨਾਅਰੇਬਾਜੀ ਕਰਦਿਆਂ ਲੜੀਵਾਰ ਧਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਆਪ ਆਗੂਆਂ ਨੇ ਦੋਸ਼ ਲਾਇਆ ਸੀ ਕਿ ਪੋਸਟ ਸਕਾਲਰਸ਼ਿਪ ਵਿੱਚ ਹੋਏ ਕਥਿਤ ਲਗਭਗ 64 ਕਰੋੜ ਦੇ ਘਪਲੇ ਵਿੱਚ ਸਿੱਧੇ ਤੌਰ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਸਿੱਧਾ ਹੱਥ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਕੈਬਨਿਟ ਮੰਤਰੀ ਧਰਮਸੋਤ ਨੂੰ ਨਾ ਸਿਰਫ਼ ਬਰਖਾਸਤ ਕਰਨ ਬਲਕਿ ਉਨ੍ਹਾਂ ਖਿਲਾਫ ਫੌਜਦਾਰੀ ਮਾਮਲਾ ਦਰਜ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਵੀ ਕੀਤੀ ਜਾਵੇ।
ਇਸੇ ਕਾਰਨ ਜ਼ਿਲ੍ਹਾ ਆਗੂਆਂ ਦੀ ਸ਼ਮੂਲੀਅਤ ਨਾਲ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ ਜੋ ਕਿ ਅੱਜ ਹੋਈ ਬਰਸਾਤ ਵਿੱਚ ਵੀ ਜਾਰੀ ਰਿਹਾ। ਕੋਰੋਨਾ ਕਾਰਨ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਧਰਨਾਕਾਰੀਆਂ ਖਿਲਾਫ ਅੱਜ ਨਾਭਾ ਪੁਲਿਸ ਨੇ ਅਹਿਮ ਕਾਰਵਾਈ ਨੂੰ ਅੰਜਾਮ ਦਿੰਦਿਆਂ ਨਾ ਸਿਰਫ ਅੱਧੀ ਦਰਜਨ ਆਪ ਆਗੂਆਂ ਸਮੇਤ 35 ਧਰਨਾਕਾਰੀਆਂ ਖਿਲਾਫ ਧਾਰਾ 188 ਤੇ 269 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ ਸੀ ਬਲਕਿ ਡੀਐਸਪੀ ਰਾਜੇਸ਼ ਛਿੱਬਰ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਨੇ ਆਪ ਆਗੂਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਮੋਬਾਇਲ ਫੋਨ ਖੋਹ ਲਏ ਅਤੇ ਆਪ ਆਗੂਆਂ ਨੂੰ ਧੜਾਧੜ ਪੁਲਿਸ ਵਾਹਨਾਂ ਤੇ ਨਿੱਜੀ ਬੱਸਾਂ ਵਿੱਚ ਸੁੱਟ ਲਿਆ।
ਗ੍ਰਿਫਤਾਰੀ ਸਮੇਂ ਆਪ ਆਗੂ ਲਗਾਤਾਰ ਪੰਜਾਬ ਸਰਕਾਰ ਅਤੇ ਧਰਮਸੋਤ ਖਿਲਾਫ ਨਾਅਰੇਬਾਜੀ ਕਰਦੇ ਰਹੇ। ਇਸ ਮੌਕੇ ਜੱਸੀ ਸੋਹੀਆ ਵਾਲਾ ਨੇ ਕਿਹਾ ਕਿ ਅਸੀਂ ਗ੍ਰਿਫਤਾਰੀ ਤੋਂ ਨਹੀਂ ਡਰਦੇ। ਉਨ੍ਹਾਂ ਮੰਗ ਕੀਤੀ ਕਿ ਗਰੀਬ ਵਿਦਿਆਰਥੀਆਂ ਨਾਲ ਧੋਖਾ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਧਰਨਕਾਰੀਆਂ ਨੂੰ ਮੈਜਿਸਟ੍ਰੇਟ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਹਦਾਇਤਾਂ ਬਾਰੇ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ ਤੇ ਨਾਭਾ ਸਦਰ ਥਾਣਾ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸੀ ਜਿਸ ਸਬੰਧੀ ਅੱਜ ਇਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.