ਹਰ 30 ਮਿੰਟ ਦੇ ਅੰਤਰਾਲ ਨਾਲ ਚੱਲੇਗੀ ਸਰਕਾਰੀ ਬੱਸਾਂ, ਪ੍ਰਾਈਵੇਟ ਨੂੰ ਨਹੀਂ ਮਿਲੇਗੀ ਪ੍ਰਵਾਨਗੀ
ਹਰ ਬੱਸ ਨੂੰ ਕੀਤਾ ਜਾਏਗਾ ਰੂਟ ਖ਼ਤਮ ਹੋਣ ‘ਤੇ ਸੈਨੀਟਾਇਜ਼, ਸੈਨੀਟਾਇਜ਼ਰ ਲੈ ਕੇ ਖੜੇ ਹੋਣਗੇ ਕੰਡਕਟਰ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਹੋਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਹੈ। ਪੰਜਾਬ ਭਰ ਦੇ 90 ਫੀਸਦੀ ਹਿੱਸੇ ਵਿੱਚ ਸਰਕਾਰੀ ਬੱਸਾਂ ਸੜਕਾਂ ‘ਤੇ ਦੌੜਦੀ ਨਜ਼ਰ ਆਉਣਗੀਆਂ। ਸਿਰਫ਼ ਫਰਕ ਇਨਾਂ ਪਏਗਾ ਕਿ ਜਿਹੜੀ ਬੱਸ ਸਰਵਿਸ ਹਰ 3-4 ਮਿੰਟ ਬਾਅਦ ਮਿਲ ਰਹੀਂ ਸੀ, ਹੁਣ ਉਹ ਬਸ ਸਰਵਿਸ 30 ਮਿੰਟ ਬਾਅਦ ਮਿਲੇਗੀ। ਜਿਹੜੇ ਰੂਟ ‘ਤੇ ਜਿਆਦਾ ਸਵਾਰੀ ਹੋਏਗੀ ਤਾਂ ਮੌਕੇ ‘ਤੇ ਬਸ ਸਟੈਂਡ ਇਨਚਾਰਜ ਫੈਸਲਾ ਲੈਂਦੇ ਹੋਏ 30 ਮਿੰਟ ਤੋਂ ਪਹਿਲਾਂ ਵੀ ਉਸ ਰੂਟ ‘ਤੇ ਬੱਸ ਨੂੰ ਭੇਜ ਸਕਦਾ ਹੈ ਪਰ ਕੋਈ ਵੀ ਬੱਸ 50 ਫੀਸਦੀ ਤੋਂ ਜਿਆਦਾ ਭਰੀ ਨਹੀਂ ਹੋਏਗੀ, ਕਿਉਂਕਿ ਹਰ ਸਵਾਰੀ ਲਈ ਇੱਕ ਮੀਟਰ ਦੀ ਦੂਰੀ ਬੱਸ ਵਿੱਚ ਜਰੂਰੀ ਹੋਏਗੀ।
ਇਥੇ ਹੀ ਬਸ ਦਾ ਰੂਟ ਖ਼ਤਮ ਹੋਣ ਤੋਂ ਬਾਅਦ ਉਸ ਬੱਸ ਨੂੰ ਮੁੜ ਤੋਂ ਰੂਟ ਵਾਪਸੀ ਕਰਨ ਜਾਂ ਫਿਰ ਹੋਰ ਕਿਥੇ ਭੇਜਣ ਤੋਂ ਪਹਿਲਾਂ ਪੂਰੀ ਬੱਸ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤਾਂ ਕਿ ਵਾਇਰਸ ਆਉਣ ਦੀ ਸਥਿਤੀ ਵਿੱਚ ਬੱਸ ਨੂੰ ਸੁਰੱਖਿਅਤ ਕਰ ਲਿਆ ਜਾਵੇ। ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਅੱਜ ਤੋਂ ਸਫ਼ਰ ਕਰਨ ਵਾਲੇ ਪੰਜਾਬੀਆਂ ਨੂੰ ਬੱਸ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸੈਨੀਟਾਈਜ਼ਰ ਨਾਲ ਕੀਟਾਣੂ ਮੁਕਤ ਕਰਨਾ ਪਏਗਾ, ਜਿਸ ਲਈ ਕੰਡਕਟਰ ਜਾਂ ਫਿਰ ਹੋਰ ਸਟਾਫ਼ ਬੱਸ ਦੇ ਬਾਹਰ ਸੈਨੀਟਾਇਜ਼ਰ ਲੈ ਕੇ ਖੜਾ ਹੋਏਗਾ, ਜਿਥੇ ਸਵਾਰੀ ਨੂੰ ਸੈਨੀਟਾਇਜ਼ ਕਰਨ ਤੋਂ ਬਾਅਦ ਹੀ ਬੱਸ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਹੋਏਗੀ।
ਇਥੇ ਦੱਸਣ ਯੋਗ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਸਮੂਹ ਵਲੋਂ ਬੀਤੇ ਦਿਨੀਂ ਫੈਸਲਾ ਲੈਂਦੇ ਹੋਏ ਪੰਜਾਬ ਭਰ ਵਿੱਚ ਸਰਕਾਰੀ ਸਣੇ ਪ੍ਰਾਈਵੇਟ ਬੱਸਾਂ ਦਾ 20 ਮਾਰਚ ਅੱਧੀ ਰਾਤ ਤੋਂ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਸੀ। ਜਿਸ ਨਾਲ ਕੋਈ ਵੀ ਬੱਸ ਸੜਕ ‘ਤੇ ਨਹੀਂ ਉੱਤਰ ਸਕਦੀ ਸੀ ਪਰ ਇਸ ਫੈਸਲੇ ਦੇ ਲਾਗੂ ਹੋਣ ਤੋਂ 12 ਘੰਟੇ ਪਹਿਲਾਂ ਹੀ ਮੁੜ ਤੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 50 ਰੂਟਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ, ਜਿਨਾਂ ਰੂਟਾਂ ‘ਤੇ ਪੀਆਰਟੀਸੀ ਅਤੇ ਪਨਬੱਸ ਸਣੇ ਪੰਜਾਬ ਰੋਡਵੇਜ ਦੀਆਂ ਬੱਸਾਂ ਚਲਣਗੀਆ। ਇਨਾਂ ਬੱਸਾਂ ਦੀ ਕੋਈ ਗਿਣਤੀ ਤੈਅ ਨਹੀਂ ਹੈ, ਕਿਉਂਕਿ ਸਵਾਰੀਆਂ ਦੀ ਆਮਦ ਅਨੁਸਾਰ ਹੀ ਬੱਸਾਂ ਚਲਣਗੀਆ ਪਰ ਹਰ 30 ਮਿੰਟ ਬਾਅਦ ਜਰੂਰ ਬੱਸ ਚੱਲੇਗੀ।
ਉਦਯੋਗਿਕ ਅਦਾਰੇ ਚਲਾ ਸਕਣਗੇ ਆਪਣੀਆਂ ਪ੍ਰਾਈਵੇਟ ਬੱਸਾਂ
ਪੰਜਾਬ ਵਿੱਚ ਉਹ ਉਦਯੋਗਿਕ ਅਦਾਰੇ ਆਪਣੀਆਂ ਪ੍ਰਾਈਵੇਟ ਬੱਸਾਂ ਚਲਾ ਸਕਣਗੇ, ਜਿਹੜੇ ਕਿ ਕੰਮ ਕਰਨ ਵਾਲੇ ਸਟਾਫ਼ ਨੂੰ ਘਰ ਤੋਂ ਲਿਆਉਣ ਅਤੇ ਛੱਡਣ ਲਈ ਖ਼ੁਦ ਦੀ ਬੱਸ ਅਪਰੇਟ ਕਰ ਰਹੇ ਹਨ। ਇਹ ਬੱਸਾਂ ਪ੍ਰਾਈਵੇਟ ਸਰਵਿਸ ਅਧੀਨ ਆਉਂਦੀਆਂ ਹਨ ਅਤੇ ਇਨਾਂ ਬੱਸਾਂ ‘ਤੇ ਕਿਸੇ ਵੀ ਤਰਾਂ ਦੀ ਪਾਬੰਦੀ ਨਹੀਂ ਰਹੇਗੀ। ਕੋਈ ਵੀ ਕਾਲਜ, ਕੰਪਨੀ, ਫੈਕਟਰੀ, ਉਦਯੋਗ ਜੇਕਰ ਆਪਣੇ ਸਟਾਫ਼ ਨੂੰ ਲੈ ਕੇ ਆਉਣ ਅਤੇ ਘਰ ਵਿੱਚ ਛੱਡਣ ਲਈ ਪਹਿਲਾਂ ਤੋਂ ਚਲ ਰਹੀਂ ਬੱਸ ਨੂੰ ਹੁਣ ਵੀ ਚਲਾਉਂਦਾ ਹੈ ਤਾਂ ਉਨਾਂ ਲਈ ਕੋਈ ਵੀ ਪਰੇਸ਼ਾਨੀ ਵਾਲੀ ਗਲ ਨਹੀਂ ਹੈ ਅਤੇ ਉਨਾਂ ਲਈ ਕਿਸੇ ਵੀ ਤਰਾਂ ਦੀ ਪਾਬੰਦੀ ਸਰਕਾਰ ਵਲੋਂ ਨਹੀਂ ਲਗਾਈ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ