ਕਰੀਅਰ ਦੇ ਤੌਰ ’ਤੇ ਫੋਰੈਸਟਰੀ ’ਚ ਉੱਜਲ ਭਵਿੱਖ

ਕਰੀਅਰ ਦੇ ਤੌਰ ’ਤੇ ਫੋਰੈਸਟਰੀ ’ਚ ਉੱਜਲ ਭਵਿੱਖ

ਦੇਸ਼ ’ਚ ਕੇਂਦਰੀ ਜੰਗਲਾਤ ਕਮਿਸ਼ਨ, ਸੂਬਿਆਂ ’ਚ ਜੰਗਲਾਤ ਨਿਗਮ ਤੇ ਜੰਗਲਾਤ ਖੋਜ ਕੇਂਦਰਾਂ ਦੀ ਸਥਾਪਨਾ ਜੰਗਲਾਂ ਦੀ ਸੁਰੱਖਿਆ ਦੀ ਦਿਸ਼ਾ ’ਚ ਕੀਤੀ ਗਈ ਵੱਡੀ ਪਹਿਲ ਹੈ। ਜੰਗਲਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸਾਲ 2012 ’ਚ ਅੰਤਰਰਾਸ਼ਟਰੀ ਵਣ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਜੰਗਲਾਂ ਨਾਲ ਸਾਡੀ ਜ਼ਿੰਦਗੀ ਦਾ ਡੂੰਘਾ ਸਬੰਧ ਹੈ। ਜੰਗਲ ਸਿਰਫ਼ ਮਨੁੱਖ ਹੀ ਨਹੀਂ, ਪਸ਼ੂ-ਪੰਛੀਆਂ ਤੇ ਜੀਵ-ਜੰਤੂਆਂ ਦੇ ਜੀਵਨ ਦਾ ਵੀ ਆਧਾਰ ਹਨ।

ਵਾਤਾਵਰਨ ਤੇ ਜਲਵਾਯੂ, ਪਾਣੀ ਦੇ ਪੱਧਰ ’ਚ ਵਾਧਾ, ਭੋਇੰ-ਖ਼ੋਰ ਅਤੇ ਹੜ੍ਹਾਂ ਵਰਗੀਆਂ ਆਫ਼ਤਾਂ ਨੂੰ ਰੋਕਣ ਲਈ ਜੰਗਲ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਰਤ ਸਮੇਤ ਦੁਨੀਆ ਭਰ ’ਚ ਬੀਤੇ ਕੁਝ ਸਾਲਾਂ ’ਚ ਜੰਗਲਾਂ ਦਾ ਇੱਕ ਵੱਡਾ ਹਿੱਸਾ ਨਸ਼ਟ ਹੋ ਗਿਆ ਹੈ। ਇਸ ਤੋਂ ਬਾਅਦ ਪੈਦਾ ਹੋਏ ਜੈਵਿਕ ਅਸੰਤੁਲਨ ਨੇ ਆਮ ਲੋਕਾਂ ਤੋਂ ਲੈ ਕੇ ਸਰਕਾਰਾਂ ਤੱਕ ਨੂੰ ਜੰਗਲਾਂ ਦੀ ਸੰਭਾਲ ਦੀ ਸੁਰੱਖਿਆ ਪ੍ਰਤੀ ਕੰਮ ਕਰਨ ਲਈ ਚੌਕਸ ਕਰ ਦਿੱਤਾ ਹੈ।

ਦੇਸ਼ ’ਚ ਕੇਂਦਰੀ ਜੰਗਲਾਤ ਕਮਿਸ਼ਨ, ਸੂਬਿਆਂ ’ਚ ਜੰਗਲਾਤ ਨਿਗਮ ਤੇ ਜੰਗਲਾਤ ਖੋਜ ਕੇਂਦਰਾਂ ਦੀ ਸਥਾਪਨਾ ਜੰਗਲਾਂ ਦੀ ਸੁਰੱਖਿਆ ਦੀ ਦਿਸ਼ਾ ’ਚ ਕੀਤੀ ਗਈ ਵੱਡੀ ਪਹਿਲ ਹੈ। ਇਸ ਦੇ ਨਾਲ ਹੀ ਇਸ ਖੇਤਰ ’ਚ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ’ਤੇ ਕਰੀਅਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਜੇ ਤੁਸੀਂ ਵੀ ਕੁਦਰਤ ਪ੍ਰੇਮੀ ਤੇ ਸਾਇੰਸ ਦੇ ਵਿਦਿਆਰਥੀ ਹੋ ਤਾਂ ਜੰਗਲਾਤ ਦੀ ਪੜ੍ਹਾਈ ਕਰ ਕੇ ਇਸ ਖੇਤਰ ’ਚ ਕਰੀਅਰ ਬਣਾ ਸਕਦੇ ਹੋ।

ਫੋਰੈਸਟਰੀ ਯਾਨੀ ਜੰਗਲਾਤ ਵਿਗਿਆਨ ਦਾ ਸਿਲੇਬਸ, ਜੰਗਲਾਂ ਤੇ ਵਾਤਾਵਰਨ ਦੀ ਸੁਰੱਖਿਆ, ਜੰਗਲਾਂ ਦਾ ਵਿਸਥਾਰ, ਜੰਗਲਾਂ ਦੀ ਉਤਪਾਦਕਤਾ ਨੂੰ ਵਧਾਉਣਾ, ਜੰਗਲਾਂ ’ਚ ਪੈਦਾ ਹੋਣ ਵਾਲੀਆਂ ਜੜ੍ਹੀ-ਬੂਟੀਆਂ ਤੇ ਜੰਗਲੀ ਉਤਪਾਦਾਂ ਦੀ ਸੁਚੱਜੀ ਵਰਤੋਂ, ਵਾਤਾਵਰਨ ਦੇ ਅਨੁਕੂਲ ਉਤਪਾਦਾਂ ਤੇ ਪ੍ਰਕਿਰਿਆਵਾਂ ਦੇ ਵਿਕਾਸ ’ਤੇ ਕੇਂਦਰਿਤ ਹੈ। ਜੰਗਲਾਤ ਵਿਗਿਆਨ ਤਹਿਤ ਪਲਾਂਟੇਸ਼ਨ ਫੋਰੈਸਟਰੀ, ਸੋਸ਼ਲ ਫੋਰੈਸਟਰੀ, ਐਗਰੋ-ਫੋਰੈਸਟਰੀ, ਈਕੋਲੌਜੀ, ਜੈਵਿਕ ਵਿਭਿੰਨਤਾ, ਵੁੱਡ ਸਾਇੰਸ ਤੇ ਤਕਨਾਲੋਜੀ, ਫੋਰੈਸਟ ਗੁੱਡਜ਼ ਐਂਡ ਸਰਵਿਸਿਜ਼, ਫੋਰੈਸਟ ਰਿਸੋਰਸ ਮੈਨੇਜਮੈਂਟ, ਸੀਡ ਤਕਨਾਲੋਜੀ, ਵਾਈਲਡ ਲਾਈਫ ਕੰਜਰਵੇਸ਼ਨ ਐਂਡ ਈਕੋਟੂਰਿਜ਼ਮ ਆਦਿ ਵਿਸ਼ੇ ਸ਼ਾਮਲ ਹਨ।

ਦੇਸ਼ ’ਚ ਕਈ ਕਾਲਜ ਤੇ ਯੂਨੀਵਰਸਿਟੀਆਂ ਫੋਰੈਸਟਰੀ ’ਚ ਬੀਐੱਸਸੀ ਤੇ ਬੀਐੱਸਸੀ ਆਨਰਜ਼ ਤੇ ਐੱਮਐੱਸਸੀ ਪ੍ਰੋਗਰਾਮ ਤਹਿਤ ਕੋਰਸ ਕਰਵਾ ਰਹੀਆਂ ਹਨ। ਸਾਇੰਸ ਵਿਸ਼ੇ ਨਾਲ ਬਾਰ੍ਹਵੀਂ ਪਾਸ ਵਿਦਿਆਰਥੀ ਫੋਰੈਸਟਰੀ ਦੇ ਅੰਡਰ ਗ੍ਰੈਜੂਏਟ ਤੇ ਬੀਐੱਸਸੀ ਤੋਂ ਬਾਅਦ ਐੱਮਐੱਸਸੀ ਕੋਰਸ ’ਚ ਦਾਖ਼ਲਾ ਲੈ ਸਕਦੇ ਹਨ। ਟ੍ਰੀ ਇੰਪਰੂਵਮੈਂਟ ਅਤੇ ਜੈਨੇਟਿਕ ਰਿਸੋਰਸ ਜਾਂ ਵਾਈਲਡ ਲਾਈਫ ’ਚ ਬੀਐੱਸਸੀ ਕਰ ਕੇ ਤੁਸੀਂ ਜੰਗਲਾਤ ਦੇ ਖੇਤਰ ’ਚ ਅੱਗੇ ਵਧ ਸਕਦੇ ਹੋ।

ਬੀਐੱਸਸੀ ਤੋਂ ਬਾਅਦ ਤੁਸੀਂ ਵੁੱਡ ਸਾਇੰਸ ਐਂਡ ਤਕਨਾਲੋਜੀ, ਵਾਈਲਡ ਲਾਈਫ ਸਾਇੰਸ, ਫੋਰੈਸਟ ਪ੍ਰੋਡਕਟਜ਼, ਟ੍ਰੀ ਇੰਪਰੂਵਮੈਂਟ ’ਚ ਐੱਮਐੱਸਸੀ ਕਰ ਸਕਦੇ ਹੋ। ਐੱਮਐੱਸਸੀ ਤੋਂ ਬਾਅਦ ਜੰਗਲਾਤ ’ਚ ਪੀਐੱਚਡੀ ਕਰ ਕੇ ਖੋਜ ਤੇ ਅਧਿਆਪਨ ’ਚ ਅੱਗੇ ਵਧ ਸਕਦੇ ਹੋ।
ਇਸ ਤੋਂ ਇਲਾਵਾ ਫੋਰੈਸਟ ਮੈਨੇਜਮੈਂਟ ’ਚ ਪੋਸਟ ਗ੍ਰੈਜੂਏਟ ਡਿਪਲੋਮਾ ਕਰਨ ਦਾ ਵੀ ਬਦਲ ਹੈ। ਬੀਐੱਸਸੀ ਫੋਰੈਸਟਰੀ ਤੋਂ ਬਾਅਦ ਭਾਰਤੀ ਜੰਗਲਾਤ ਸੇਵਾ (ਆਈਐੱਫਐੱਸ) ਪ੍ਰੀਖਿਆ ’ਚੋਂ ਸਫਲਤਾ ਹਾਸਲ ਕਰਕੇ ਭਾਰਤੀ ਜੰਗਲਾਤ ਅਧਿਕਾਰੀ ਬਣਨ ਦਾ ਵੀ ਬਦਲ ਹੈ। ਕੇਂਦਰੀ ਜੰਗਲਾਤ ਮੰਤਰਾਲਾ, ਸੂਬਿਆਂ ਦੀਆਂ ਜੰਗਲਾਤ ਖੋਜ ਸੰਸਥਾਵਾਂ, ਜੰਗਲਾਤ ਵਿਭਾਗ ਆਦਿ ’ਚ ਵੀ ਤੁਸੀਂ ਨੌਕਰੀ ਦੀ ਭਾਲ ਕਰ ਸਕਦੇ ਹੋ।
ਵਿਜੈ ਗਰਗ,
ਸਾਬਕਾ ਪ੍ਰਿੰਸੀਪਲ,
ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.