ਖੁੱਲ੍ਹੇ ਪਏ ਮੌਤ ਦੇ ਖੂਹ
ਜਿਲ੍ਹਾ ਸੰਗਰੂਰ ’ਚ ਫ਼ਤਹਿਵੀਰ ਨਾਂਅ ਦੇ ਬਾਲਕ ਨਾਲ ਵਾਪਰੇ ਹਾਦਸੇ ਤੋਂ ਬਾਅਦ ਇਹ ਸੋਚਿਆ ਜਾ ਰਿਹਾ ਸੀ। ਸ਼ਾਸਨ-ਪ੍ਰਸ਼ਾਸਨ ਤੇ ਪੰਚਾਇਤੀ ਸੰਸਥਾਵਾਂ ਇਸ ਘਟਨਾ ਤੋਂ ਸਬਕ ਲੈਣਗੀਆਂ ਪਰ ਲਾਪਰਵਾਹੀ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਹੀ ਹੁਸ਼ਿਆਰਪੁਰ ਜਿਲ੍ਹੇ ’ਚ ਇੱਕ ਘਟਨਾ ’ਚ ਇੱਕ ਛੇ ਸਾਲਾ ਬੱਚੇ ਦੀ 300 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਣ ਨਾਲ ਮੌਤ ਹੋ ਗਈ। ਚਰਚਾ ਇਹੀ ਹੈ ਕਿ ਬੋਰਵੈੱਲ ਨੂੰ ਸਿਰਫ਼ ਬੋਰੀ ਬੰਨ੍ਹ ਕੇ ਢੱਕਿਆ ਗਿਆ ਸੀ ਤੇ ਬੱਚਾ ਬੋਰੀ ਸਮੇਤ ਬੋਰ ਅੰਦਰ ਡਿੱਗ ਪਿਆ। ਜਦੋਂ ਫ਼ਤਹਿਵੀਰ ਨਾਲ ਘਟਨਾ ਵਾਪਰੀ ਸੀ ਤਾਂ ਪ੍ਰਸ਼ਾਸਨ ਨੇ ਸਖਤ ਆਦੇਸ਼ ਜਾਰੀ ਕਰਦਿਆਂ ਖੁੱਲ੍ਹੇ ਤੇ ਅਣਵਰਤੇ ਬੋਰਵੈੱਲਾਂ ’ਤੇ ਪੱਕਾ ਢੱਕਣ ਲਾਉਣ ਲਈ ਕਿਹਾ ਸੀ।
ਉਸ ਵੇਲੇ 5-10 ਦਿਨ ਬੜੀ ਸਰਗਰਮੀ ਵਿਖਾਈ ਗਈ ਅਤੇ ਅਫ਼ਸਰਾਂ ਨੇ ਪਿੰਡਾਂ ਤੱਕ ਵੀ ਪਹੰੁਚ ਕੀਤੀ। ਜਿਲ੍ਹਾ ਦਫ਼ਤਰਾਂ ’ਚ ਖੁੱਲ੍ਹੇ ਪਏ ਬੋਰਵੈੱਲਾਂ ਦਾ ਰਿਕਾਰਡ ਵੀ ਮੰਗਵਾਇਆ ਗਿਆ ਪਰ ਜਿਉਂ ਹੀ ਸਮਾਂ ਗੁਜ਼ਰਿਆ ਉਹੀ ਕੁਝ ਫਿਰ ਹੋਣ ਲੱਗ ਪਿਆ ਤੇ ਹੁਸ਼ਿਆਰਪੁਰ ’ਚ ਨਵੀਂ ਘਟਨਾ ਵਾਪਰ ਗਈ। ਇਸ ਨੂੰ ਲਾਪਰਵਾਹੀ ਕਿਹਾ ਜਾਂਦਾ ਹੈ ਪਰ ਲਾਪਰਵਾਹੀ ਵੀ ਤਾਂ ਉਦੋਂ ਹੀ ਹੁੰਦੀ ਹੈ। ਜਦੋਂ ਕੋਈ ਸਿਸਟਮ ਨਾ ਹੋਵੇ ਜੇਕਰ ਹਰ ਕੰਮ ਨੂੰ ਰੁਟੀਨ ’ਚ ਰੱਖਿਆ ਜਾਵੇ ਅਤੇ ਸਮੇਂ-ਸਮੇਂ ’ਤੇ ਚੈਕਿੰਗ ਕਾਰਵਾਈ ਜਾਵੇ ਤਾਂ ਲਾਪਰਵਾਹੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਗੈਰ-ਕਾਨੂੰਨੀ ਕੰਮਾਂ ਨੂੰ ਰੋਕਣ ਦਾ ਮਸਲਾ ਲੋਕਾਂ ’ਤੇ ਛੱਡ ਦਿੱਤਾ ਜਾਂਦਾ ਹੈ
ਸਰਕਾਰਾਂ ਬਿਜਲੀ ਦੇ ਬਿੱਲ, ਟੈਕਸ ਦੀ ਉਗਰਾਹੀ, ਮੰਤਰੀਆਂ ਤੇ ਵਿਧਾਇਕਾਂ ਦੇ ਦੌਰਿਆਂ ਦੇ ਪ੍ਰਬੰਧਾਂ ’ਚ ਕਿਤੇ ਕੁਤਾਹੀ ਨਹੀਂ ਵਰਤਦੀਆਂ ਪਰ ਇੱਥੇ ਆਮ ਲੋਕਾਂ ਦੀ ਸਲਾਮਤੀ ਲਈ ਗੈਰ-ਕਾਨੂੰਨੀ ਕੰਮਾਂ ਨੂੰ ਰੋਕਣ ਦਾ ਮਸਲਾ ਲੋਕਾਂ ’ਤੇ ਛੱਡ ਦਿੱਤਾ ਜਾਂਦਾ ਹੈ। ਇਹ ਸਮੱਸਿਆ ਸਿਰਫ਼ ਬੋਰਵੈੱਲਾਂ ਦੀ ਨਹੀਂ ਸਗੋਂ ਸ਼ਹਿਰ ’ਚ ਸੀਵਰੇਜ ਦੇ ਖੁੱਲ੍ਹੇ ਪਏ ਮੇਨਹੋਲਾਂ ਦੀ ਵੀ ਹੈ, ਜਿਨ੍ਹਾਂ ਦੇ ਢੱਕਣ ਨਾ ਹੋਣ ਕਰਕੇ ਬੱਚੇ ਤੇ ਵੱਡੇ ਵੀ ਜਾਨ ਤੋਂ ਹੱਥ ਧੋ ਬੈਠਦੇ ਹਨ ਸੀਵਰੇਜ ਦੇ ਢੱਕਣ ਨਾ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਕਾਰਵਾਈ ਬੜੀ ਦੇਰੀ ਨਾਲ ਹੁੰਦੀ ਹੈ ਤੇ ਉਦੋਂ ਤੱਕ ਕੋਈ ਹਾਦਸਾ ਵਾਪਰ ਜਾਂਦਾ ਹੈ।
ਪਿੰਡਾਂ ਸ਼ਹਿਰਾਂ ਦੀ ਸੁੰਦਰਤਾ ਤੇ ਸਫਾਈ ਤੋਂ ਵੀ ਕਿਤੇ ਜ਼ਰੂਰੀ ਨਾਗਰਿਕਾਂ ਦੀ ਸਲਾਮਤੀ ਹੈ। ਵਿਦੇਸ਼ਾਂ ’ਚ ਆਪਣੇ ਛੋਟੇ ਜਿਹੇ ਬੱਚੇ ਨੂੰ ਥੱਪੜ ਮਾਰਨ ਵਾਲੇ ਮਾਪਿਆਂ ਨੂੰ ਥਾਣੇ ਜਾਣਾ ਪੈਂਦਾ ਹੈ ਤਾਂ ਸਾਡੇ ਮੁਲਕ ’ਚ ਬੱਚਿਆਂ ਦੀ ਜਾਨ ਦਾ ਖਤਰਾ ਬਣਨ ਵਾਲੇ ਲਾਪਰਵਾਹ ਵਿਅਕਤੀਆਂ ਖਿਲਾਫ਼ ਕਾਰਵਾਈ ਸਮੇਂ ਸਿਰ ਕਿਉਂ ਨਹੀਂ ਹੁੰਦੀ। ਇਹ ਸਾਰਾ ਕੁਝ ਕਾਨੂੰਨ ਤੇ ਸਮਾਜ ਪ੍ਰਤੀ ਸਨਮਾਨ ਤੇ ਜਿੰਮੇਵਾਰੀ ਦੀ ਭਾਵਨਾ ਨਾ ਹੋਣ ਦਾ ਨਤੀਜਾ ਹੈ।
ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਿਸੇ ਦੁਖਦਾਈ ਘਟਨਾ ’ਤੇ ਦੁੱਖ ਪ੍ਰਗਟ ਕਰਨ ਲਈ ਜ਼ਰੂਰ ਮੀਡੀਆ ’ਚ ਵੀ ਪਹੁੰਚ ਜਾਂਦੇ ਹਨ ਪਰ ਮਾੜੀਆਂ ਘਟਨਾਵਾਂ ਦੇ ਕਾਰਨਾਂ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣ ਵਾਲੇ ਬਹੁਤ ਘੱਟ ਹਨ ਗੈਰ-ਕਾਨੂੰਨੀ ਕੰਮਾਂ ਨੂੰ ਸਖਤੀ ਨਾਲ ਰੋਕਣ ਨਾਲ ਹੀ ਦੁਖਾਂਤਕ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਸਮਾਜ ਪ੍ਰਤੀ ਵਚਨਬੱਧਤਾ ਦੇ ਕਾਨੂੰਨ ਲਾਗੂ ਕਰਨ ਦੀ ਜਿੰਮੇਵਾਰੀ ਦਾ ਮਾਹੌਲ ਪੈਦਾ ਹੋਣ ਨਾਲ ਹੀ ਸੁਧਾਰ ਹੋਵੇਗਾ ਨਹੀਂ ਤਾਂ ਬੋਰਵੈੱਲਾਂ ’ਚ ਬੱਚਿਆਂ ਦੇ ਡਿੱਗਣ ਦੀਆਂ ਦੁਖਾਂਤਕ ਘਟਨਾਵਾਂ ਦਾ ਸਾਹਮਣਾ ਅੱਗੇ ਵੀ ਕਰਨਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ