ਪੰਜਾਬੀ ਯੂਨੀਵਰਸਿਟੀ ‘ਚ ਲੱਗੇ ਪੁਸਤਕ ਮੇਲੇ ‘ਚ ਲੱਗੀ ਪੁਸਤਕ ਪ੍ਰੇਮੀਆਂ ਦੀ ਭੀੜ

Book lovers ,Punjabi University , Gather, Book fair

ਪੁਸਤਕਾਂ ‘ਚ ਦਿਲਚਸਪੀ ਦਿਖਾਉਣਾ ਪੰਜਾਬ ਦੀ ਜਵਾਨੀ ਚੰਗੇ ਭਾਗਾਂ ਦੀ ਤਸਵੀਰ : ਡਾ. ਸਰਬਜਿੰਦਰ ਸਿੰਘ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੁਸਤਕ ਮੇਲੇ ‘ਚ ਪੁਸਤਕ ਪ੍ਰੇਮੀਆਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ ਤੇ ਇਸ ਪੁਸਤਕ ਮੇਲੇ ‘ਚ ਐਨੀ ਭੀੜ ਸੀ ਕਿ ਕਿਤੇ ਤਿਲ ਸੁੱਟਣ ਲਈ ਵੀ ਥਾਂ ਨਹੀਂ ਅਤੇ ਇਨ੍ਹਾਂ ਪੁਸਤਕ ਪ੍ਰੇਮੀਆਂ ਨੇ ਦੋ ਦਿਨਾਂ ਵਿੱਚ ਹੀ 30 ਲੱਖ ਤੋਂ ਉੱਪਰ ਦੀਆਂ ਪੁਸਤਕਾਂ ਦੀ ਖਰੀਦ ਕਰ ਲਈ ਹੈ। ਇਸ ਪੁਸਤਕ ਮੇਲੇ ‘ਚ ਲਗਭਗ 86 ਸਟਾਲਾਂ ‘ਤੇ ਪਿੰਡਾਂ, ਕਸਬਿਆਂ, ਸ਼ਹਿਰਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਲੋਕ ਪੁਸਤਕ ਮੇਲੇ ਵਿਚ ਉਮੜਕੇ ਆ ਰਹੇ ਹਨ ਤੇ ਦੇਖਣ ‘ਚ ਇੰਜ ਪ੍ਰਤੀਤ ਹੁੰਦਾ ਹੈ ਕਿ ਸਾਰਾ ਪੰਜਾਬ ਹੀ ਪੁਸਤਕਾਂ ਦਾ ਨਸ਼ਈ ਹੋ ਗਿਆ ਹੈ। ਇਸ ਸਬੰਧੀ ਹੋਣ ਜਾਣਕਾਰੀ ਦਿੰਦਿਆਂ ਪੁਸਤਕ ਮੇਲੇ ਦੇ ਡਾਇਰੈਕਟਰ ਡਾ. ਸਰਬਜਿੰਦਰ ਸਿੰਘ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਅਜਬ ਨਜ਼ਾਰਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਪੁਸਤਕਾਂ ਵਿਚ ਦਿਲਚਸਪੀ ਵਿਖਾ ਰਹੇ ਹਨ ਤੇ ਇਹ ਪੰਜਾਬ ਦੀ ਜਵਾਨੀ ਦੇ ਚੰਗੇ ਭਾਗਾਂ ਦੀ ਤਸਵੀਰ ਹੈ।

ਉਨ੍ਹਾਂ ਦੱਸਿਆ ਕਿ ਇਹ ਪੁਸਤਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਇਸ ਪੁਸਤਕ ਮੇਲੇ ਵਿਚ ਆਪਣਾ ਹਿੱਸਾ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਦੋ ਦਿਨਾਂ ‘ਚ 30 ਲੱਖ ਤੋਂ ਉਪਰ ਕਿਤਾਬਾਂ ਦੀ ਵਿਕਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਬਤ ਦਾ ਭਲਾ ਟਰਸਟ ਅਤੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਫਰੀ ਪੁਸਤਕ ਸਟਾਲ ਵੀ ਲਾਏ ਹੋਏ ਹਨ। ਡਾ. ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ‘ਤੇ ਸੁਨੇਹਾ ਭੇਜਿਆ ਹੈ ਕਿ ਇਹ ਪੁਸਤਕ ਮੇਲਾ ਵਿਸ਼ੇਸ਼ ‘ਡੇਰਾ ਬਾਬਾ ਨਾਨਕ’ ਵਿਖੇ ਵੀ ਲਾਇਆ ਜਾਵੇ ਤੇ ਇਸ ਦੀ ਅਗਵਾਈ ਪੰਜਾਬੀ ਯੂਨੀਵਰਸਿਟੀ ਕਰੇਗੀ ਅਤੇ ਬਾਬੇ ਦੀ ਧਰਤਿ ਤੇ ਸ਼ਬਦ ਦੀ ਖੁਸ਼ਬੂ ਨਾਲ ਨਵੀਂ ਇਬਾਰਤ ਲਿਖੇਗੀ।

ਇਥੇ ਇਹ ਵੀ ਦੱਸਣਾ ਪ੍ਰਸੰਗ ਜੁਗਤਿ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਰੋਜ਼ ਤੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਚੀਨ ਦੁਰਲਭ ਸਰੂਪਾਂ ਦੇ ਦਰਸ਼ਨ ਦੀਦਾਰਿਆਂ ਲਈ ਡੇਰਾ ਬਾਬਾ ਨਾਨਕ ਵੱਲ ਰਵਾਨਗੀ ਪਾਈ ਜਾਣੀ ਹੈ ਤਾਂ ਜੋ ਸਮੁੱਚੇ ਪੰਜਾਬ ਨੂੰ ਉਨ੍ਹਾਂ ਦੇ ਵਿਰਾਸਤ ਦੇ ਫਖ਼ਰ ਨਾਲ ਰੂਬਰੂ ਕਰਵਾ ਲਿਆ ਜਾਵੇ। ਇਸ ਦੇ ਨਾਲ ਹੀ ਚਾਰ ਦਿਨਾਂ ਦੇ ਪੁਸਤਕ ਮੇਲੇ ਦਾ ਅਗਾਜ਼ ਵੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਰੇਸ਼ ਕੁਮਾਰ ਮੁੱਖ ਪ੍ਰਬੰਧਕ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ। ਅੱਜ ਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਡਾ.ਰਾਜਵੰਤ ਸਿੰਘ ਮੇਲੇ ‘ਚ ਪਹੁੰਚੇ । ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।