ਸਿੱਕਮ ’ਚ ਐੱਸਕੇਐੱਮ ਨੂੰ ਮਿਲਿਆ ਭਾਰੀ ਬਹੁਮਤ
(ਏਜੰਸੀ) ਨਵੀਂ ਦਿੱਲੀ। ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ। ਜਦੋਂ ਕਿ ਭਾਜਪਾ ਅਰੁਣਾਚਲ ਵਿੱਚ ਸੱਤਾ ਵਿੱਚ ਵਾਪਸ ਆਈ, ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਨੇ ਸਿੱਕਮ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। (Arunachal Pradesh News)
ਚੋਣ ਕਮਿਸ਼ਨ ਅਨੁਸਾਰ ਭਾਜਪਾ ਨੇ ਅਰੁਣਾਚਲ ਪ੍ਰਦੇਸ਼ ਵਿੱਚ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਕੀਤੀ ਅਤੇ ਐਤਵਾਰ ਨੂੰ 60 ਮੈਂਬਰੀ ਵਿਧਾਨ ਸਭਾ ਵਿੱਚ 46 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਲੋਕ ਸਭਾ ਚੋਣਾਂ ਦੇ ਨਾਲ ਹੀ ਸੂਬੇ ਦੀਆਂ 60 ਵਿਧਾਨ ਸਭਾ ਸੀਟਾਂ ਵਿੱਚੋਂ 50 ਲਈ 19 ਅਪਰੈਲ ਨੂੰ ਵੋਟਿੰਗ ਹੋਈ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਪਹਿਲਾਂ ਹੀ 10 ਸੀਟਾਂ ਬਿਨਾਂ ਮੁਕਾਬਲਾ ਜਿੱਤ ਚੁੱਕੀ ਸੀ।
ਮੁੱਖ ਮੰਤਰੀ ਪੇਮਾ ਖਾਂਡੂ ਬਿਨਾਂ ਮੁਕਾਬਲਾ ਜਿੱਤੇ
ਅਧਿਕਾਰੀਆਂ ਮੁਤਾਬਕ ਜਿਨ੍ਹਾਂ 50 ਸੀਟਾਂ ’ਤੇ ਵੋਟਿੰਗ ਹੋਈ, ਉਨ੍ਹਾਂ ’ਚੋਂ ਭਾਜਪਾ ਨੇ 36 ’ਤੇ ਜਿੱਤ ਹਾਸਲ ਕੀਤੀ ਅਤੇ ਮੁੱਖ ਮੰਤਰੀ ਪੇਮਾ ਖਾਂਡੂ ਉਨ੍ਹਾਂ 10 ਉਮੀਦਵਾਰਾਂ ’ਚੋਂ ਇੱਕ ਹਨ, ਜੋ ਬਿਨਾਂ ਮੁਕਾਬਲਾ ਜਿੱਤੇ ਹਨ। ਸੂਬੇ ’ਚ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਨੇ ਪੰਜ ਸੀਟਾਂ ਜਿੱਤੀਆਂ, ਜਦੋਂ ਕਿ ਪੀਪਲਜ਼ ਪਾਰਟੀ ਆਫ਼ ਅਰੁਣਾਚਲ ਨੇ ਦੋ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇ ਤਿੰਨ ਸੀਟਾਂ ਜਿੱਤੀਆਂ। ਕਾਂਗਰਸ ਨੇ ਇੱਕ ਸੀਟ ਜਿੱਤੀ ਅਤੇ ਤਿੰਨ ਸੀਟਾਂ ’ਤੇ ਅਜ਼ਾਦ ਉਮੀਦਵਾਰ ਜੇਤੂ ਰਹੇ। ਅਰੁਣਾਚਲ ਪ੍ਰਦੇਸ਼ ਵਿੱਚ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 41 ਸੀਟਾਂ ਜਿੱਤੀਆਂ ਸਨ। Arunachal Pradesh News
ਵਿਰੋਧੀ ਸਿੱਕਮ ਡੈਮੋਕ੍ਰੇਟਿਕ ਫਰੰਟ (ਐੱਸਡੀਐੱਫ) ਨੂੰ ਸਿਰਫ਼ ਇੱਕ ਸੀਟ ਮਿਲੀ
ਇਸ ਦੇ ਨਾਲ ਹੀ ਸਿੱਕਮ ’ਚ ਸੱਤਾਧਾਰੀ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਨੇ ਵਿਧਾਨ ਸਭਾ ਚੋਣਾਂ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿਰੋਧੀ ਸਿੱਕਮ ਡੈਮੋਕ੍ਰੇਟਿਕ ਫਰੰਟ (ਐੱਸਡੀਐੱਫ) ਨੂੰ ਸਿਰਫ਼ ਇੱਕ ਸੀਟ ਮਿਲੀ ਹੈ। ਚੋਣ ਕਮਿਸ਼ਨ (ਈਸੀ) ਅਨੁਸਾਰ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਾਲੀ ਪਾਰਟੀ ਨੇ 32 ਵਿੱਚੋਂ 31 ਸੀਟਾਂ ਜਿੱਤੀਆਂ ਹਨ। ਜਦੋਂ ਕਿ ਐੱਸਡੀਐੱਫ ਨੂੰ ਸਿਰਫ਼ ਇੱਕ ਸੀਟ ਮਿਲੀ ਹੈ।
ਮੁੱਖ ਮੰਤਰੀ ਅਤੇ ਐੱਸਕੇਐੱਮ ਸੁਪਰੀਮੋ ਪ੍ਰੇਮ ਸਿੰਘ ਤਮਾਂਗ ਨੇ ਆਪਣੇ ਐੱਸਡੀਐੱਫ ਵਿਰੋਧੀ ਸੋਮ ਨਾਥ ਪੌਡਿਆਲ ਨੂੰ ਹਰਾ ਕੇ ਰੇਨੋਕ ਤੋਂ ਚੋਣ ਜਿੱਤੀ। ਤਮਾਂਗ ਨੇ ਆਪਣੇ ਨੇੜਲੇ ਵਿਰੋਧੀ ਸੋਮ ਨਾਥ ਪੌਡਿਆਲ ਨੂੰ 7,044 ਵੋਟਾਂ ਨਾਲ ਹਰਾਇਆ। ਤਮਾਂਗ ਨੂੰ ਕੁੱਲ 10,094 ਵੋਟਾਂ ਮਿਲੀਆਂ, ਜਦੋਂਕਿ ਉਨ੍ਹਾਂ ਦੇ ਵਿਰੋਧੀ ਸਿੱਕਮ ਡੈਮੋਕ੍ਰੇਟਿਕ ਫਰੰਟ (ਐੱਸਡੀਐੱਫ) ਆਗੂ ਪੌਡਿਆਲ ਨੂੰ 3,050 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ: ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦਾ ਕਾਫ਼ਲਾ ਸ਼ੰਭੂ ਬਾਰਡਰ ਮੋਰਚੇ ’ਚ ਸ਼ਾਮਲ ਹੋਣ ਲਈ ਰਵਾਨਾ
ਤਮਾਂਗ ਦੀ ਪਤਨੀ ਕ੍ਰਿਸ਼ਨਾ ਕੁਮਾਰੀ ਨੇ ਵੀ ਐੱਸਕੇਐੱਮ ਦੀ ਟਿਕਟ ’ਤੇ ਨਾਮਚੀ-ਸਿੰਘਥਾਂਗ ਹਲਕੇ ਤੋਂ ਚੋਣ ਜਿੱਤੀ। ਦੂਜੇ ਪਾਸੇ, ਐੱਸਡੀਐੱਫ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਪੋਕਲੋਕ-ਕਾਮਰੰਗ ਅਤੇ ਨਾਮਚੇਬੰਗ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ। ਸੁਤੰਤਰ ਭਾਰਤ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਚਾਮਲਿੰਗ ਦੇ ਨਾਂਅ ਹੈ। ਇੱਕ ਹੋਰ ਐੱਸਡੀਐੱਫ ਸਟਾਰ ਉਮੀਦਵਾਰ ਬਾਈਚੁੰਗ ਭੂਟੀਆ ਵੀ ਬਾਰਫੁੰਗ (ਬੀਐੱਲ-ਰਿਜ਼ਰਵ) ਸੀਟ ਤੋਂ ਉਮੀਦਵਾਰ ਰਿਕਸ਼ਾਲ ਦੋਰਜੀ ਭੂਟੀਆ ਤੋਂ ਚੋਣ ਹਾਰ ਗਏ।
ਸਾਬਕਾ ਫੁੱਟਬਾਲਰ ਬਾਈਚੁੰਗ ਭੂਟੀਆ ਚੋਣ ਹਾਰੇ
ਭਾਰਤੀ ਫੁੱਟਬਾਲ ਕਪਤਾਨ ਭੂਟੀਆ ਨੇ ਪਿਛਲੇ ਸਾਲ ਨਵੰਬਰ ’ਚ ਆਪਣੀ ਹਮਰੋ ਸਿੱਕਮ ਪਾਰਟੀ ਨੂੰ ਚਾਮਲਿੰਗ ਦੀ ਐੱਸਡੀਐੱਫ ਨਾਲ ਮਿਲਾਇਆ ਸੀ। ਐੱਸਡੀਐੱਫ ਨੂੰ ਜਾਣ ਵਾਲੀ ਇਕਲੌਤੀ ਸੀਟ ਸ਼ਾਇਰੀ ਸੀ, ਜਿੱਥੇ ਇਸ ਦੇ ਉਮੀਦਵਾਰ ਤੇਨਜਿੰਗ ਨੋਰਬੂ ਲਮਥਾ ਨੇ ਜਿੱਤ ਪ੍ਰਾਪਤ ਕੀਤੀ। ਲਮਥਾ ਹਾਲ ਹੀ ਵਿੱਚ ਐੱਸਕੇਐੱਮ ਤੋਂ ਐੱਸਡੀਐੱਫ ਵਿੱਚ ਸ਼ਾਮਲ ਹੋਇਆ ਹੈ। ਕੁੱਲ 147 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਐੱਸਕੇਐੱਮ ਅਤੇ ਐੱਸਡੀਐੱਫ ਸਾਰੀਆਂ ਸੀਟਾਂ ’ਤੇ ਲੜ ਰਹੇ ਸਨ।