ਅਗਲੇ ਦੋ ਦਿਨਾਂ ‘ਚ ਹੋ ਸਕਦਾ ਹੈ ਮਾਮਲੇ ਦਾ ਖੁਲਾਸਾ
ਤਰੁਣ ਕੁਮਾਰ ਸ਼ਰਮਾ, ਨਾਭਾ
ਬੀਤੇ ਦਿਨੀਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ‘ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਵਿੱਚ ਪੁਲਿਸ ਵੱਲੋਂ ਦੋ ਹੋਰ ਕੈਦੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਕਰਯੋਗ ਹੈ ਕਿ ਮਾਮਲੇ ਵਿੱਚ ਨਾਭਾ ਸਦਰ ਪੁਲਿਸ ਵੱਲੋਂ ਧਾਰਾ 302, 34 ਅਤੇ 120 ਬੀ ਆਈ ਪੀ ਸੀ ਅਧੀਨ ਮੁਕੱਦਮਾ ਨੰਬਰ 101 ਦਰਜ ਕਰਕੇ ਜ਼ੇਲ੍ਹ ਵਿੱਚ ਬੰਦ ਹਵਾਲਾਤੀ ਮਨਿੰਦਰ ਸਿੰਘ ਅਤੇ ਕੈਦੀ ਗੁਰਸੇਵਕ ਸਿੰਘ ਨਾਮੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦਾ 27 ਜੂਨ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਜਾਣਕਾਰੀ ਅਨੁਸਾਰ ਦੋਵਾਂ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਦੇ ਆਧਾਰ ‘ਤੇ ਮਾਮਲੇ ਦੇ ਮੁੱਖ ਮੁਲਜ਼ਮਾਂ ਨੇ ਹਰਪ੍ਰੀਤ ਸਿੰਘ ਹੈਪੀ ਅਤੇ ਲਖਵੀਰ ਸਿੰਘ ਲੱਖਾ ਨਾਮੀ ਦੋ ਕੈਦੀਆਂ ਦਾ ਨਾਂਅ ਲਿਆ ਹੈ।
ਹੈਪੀ ਤੇ ਲੱਖਾ ਨਾਮੀ ਗ੍ਰਿਫਤਾਰ ਕੀਤੇ ਦੋਵਾਂ ਮੁਲਜ਼ਮਾਂ ‘ਤੇ ਕ੍ਰਮਵਾਰ ਲੁੱਟ ਖੋਹ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਵੱਖਰੇ-ਵੱਖਰੇ ਮਾਮਲੇ ਦਰਜ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਮਲੇ ਵਿੱਚ ਇਨ੍ਹਾਂ ਦੋਵਾਂ ਕੈਦੀਆਂ ਦੀ ਨਿਭਾਈ ਭੂਮਿਕਾ ਦੀ ਜਾਂਚ ਲਈ ਪੁਲਿਸ ਨੇ ਇਨ੍ਹਾਂ ਨੂੰ ਇਸ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਤੇ ਫਿਲਹਾਲ ਸਾਰੇ ਮੁਲਜ਼ਮਾਂ ਤੋਂ ਸੀਆਈਏ ਸਟਾਫ ਪਟਿਆਲਾ ਪੁਲਿਸ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਨ ਲਈ ਕੋਈ ਵੀ ਪੁਲਿਸ ਅਧਿਕਾਰੀ ਸਿੱਧੇ ਤੋਰ ‘ਤੇ ਸਾਹਮਣੇ ਆ ਕੇ ਕੁੱਝ ਵੀ ਸਪੱਸ਼ਟ ਕਰਨ ਨੂੰ ਤਿਆਰ ਨਹੀਂ ਹੈ ਪਰੰਤੂ ਉੱਚ ਅਧਿਕਾਰੀਆਂ ਤੋ ਮਿਲ ਰਹੇ ਸੰਕੇਤਾਂ ‘ਤੇ ਯਕੀਨ ਕੀਤਾ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪੁਲਿਸ ਮਾਮਲੇ ਵਿੱਚ ਕਿਸੇ ਖਾਸ ਕਾਮਯਾਬੀ ਵੱਲ ਵੱਧ ਰਹੀ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਮਾਮਲੇ ਦਾ ਪੂਰਾ ਖੁਲਾਸਾ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।