Biography Of Mahatma Buddha: ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ

Biography Of Mahatma Buddha
Biography Of Mahatma Buddha: ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ

Biography Of Mahatma Buddha: ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ

ਵੱਖ-ਵੱਖ ਧਰਮ ਪਰਮਾਤਮਾ ਨੂੰ ਮਿਲਣ ਦੇ ਵੱਖ-ਵੱਖ ਮਾਰਗ ਹਨ। ਇਹ ਧਰਮ ਜਿੱਥੇ ਮਨੁੱਖ ਨੂੰ ਸੱਚ ਨਾਲ ਜੋੜਦੇ ਹਨ, ਉੱਥੇ ਉਸ ਦੀ ਸਚਿਆਰ ਬਣਨ ਵਿਚ ਵੀ ਭਰਪੂਰ ਅਗਵਾਈ ਕਰਦੇ ਹਨ। ਇਸ ਅਗਵਾਈ ਸਦਕਾ ਕੋਈ ਵੀ ਵਿਅਕਤੀ ਆਪਣੇ-ਆਪ ਦੀ ਪਹਿਚਾਣ ਕਰਕੇ ਜਿੱਥੇ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਕਰ ਸਕਦਾ ਹੈ, ਉੱਥੇ ਇਲਾਹੀ ਰਹਿਮਤਾਂ ਦਾ ਪਾਤਰ ਵੀ ਬਣ ਸਕਦਾ ਹੈ। ਇਹ ਪਾਤਰਤਾ ਉਸ ਦੇ ਪੁਰਖੀ ਜੀਵਨ ਨੂੰ ਮਹਾਂਪੁਰਖੀ ਜੀਵਨ ਦਾ ਮੁਹਾਂਦਰਾ ਪ੍ਰਦਾਨ ਕਰਕੇ ਲੋਕਾਈ ਦੇ ਪਿਆਰ ਅਤੇ ਸਤਿਕਾਰ ਦਾ ਭਾਗੀਦਾਰ ਬਣਾ ਦਿੰਦੀ ਹੈ।

ਇਸ ਭਾਗੀਦਾਰੀ ਦੀ ਬਾਦੌਲਤ ਇਹ ਮਹਾਂਪੁਰਖ ਯੁੱਗਾਂ-ਯੁੱਗਾਂਤਰਾਂ ਤੱਕ ਲੋਕ-ਚੇਤਿਆਂ ਦਾ ਸ਼ਿੰਗਾਰ ਬਣੇ ਰਹਿੰਦੇ ਹਨ। ਇਸ ਸ਼ਿੰਗਾਰ ਕਾਰਨ ਹੀ ਇਨ੍ਹਾਂ ਪਰਮਪੁਰਖਾਂ ਦੀ ਵਿਚਾਰਧਾਰਕ ਉਮਰ ਕਈਆਂ ਸਦੀਆਂ ਤੱਕ ਇਤਿਹਾਸ ਦੇ ਪੰਨਿਆਂ ਦਾ ਅਹਿਮ ਅੰਗ ਬਣੀ ਰਹਿੰਦੀ ਹੈ। ਇਤਿਹਾਸ ਦਾ ਇੱਕ ਅਜਿਹਾ ਹੀ ਨਰੋਆ ਤੇ ਨਿਵੇਕਲਾ ਅੰਗ ਹੈ ਮਹਾਤਮਾ ਬੁੱਧ ਦਾ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ, ਜੋ ਢਾਈ ਹਜ਼ਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਉਨਾ ਹੀ ਸਹੀ ਅਤੇ ਸਾਰਥਿਕ ਹੋਣ ਦਾ ਦਮ ਭਰਦੀ ਹੈ। Biography Of Mahatma Buddha

ਏਸ਼ੀਆ ਦਾ ਚਾਨਣ ਕਰਕੇ ਜਾਣੇ ਜਾਂਦੇ ਮਹਾਤਮਾ ਬੁੱਧ ਦਾ ਜਨਮ ਰਾਜਾ ਸ਼ੁਧੋਦਨ ਅਤੇ ਰਾਣੀ ਮਹਾਂਮਾਇਆ ਦੇ ਘਰ ਕਪਿਲਵਸਤੂ (ਨੇਪਾਲ ਦੀ ਰਾਜਧਾਨੀ) ਦੇ ਨਜ਼ਦੀਕ ਲੁੰਬਿਨੀ ਨਾਮਕ ਸਥਾਨ ’ਤੇ ਹੋਇਆ। ਬੁੱਧ ਦੇ ਜਨਮ ਬਾਰੇ ਵੱਖ-ਵੱਖ ਵਿਚਾਰਧਰਾਵਾਂ ਪ੍ਰਚਲਿਤ ਹਨ। ਇੱਕ ਵਿਚਾਰਧਾਰਾ ਮੁਤਾਬਕ (ਜੋ ਸ੍ਰੀਲੰਕਾ ਦੀ ਰਵਾਇਤ ’ਤੇ ਅਧਾਰਿਤ ਹੈ) ਮਹਾਤਮਾ ਬੁੱਧ ਨੂੰ ਈਸਵੀ ਸਨ ਦੀ ਆਰੰਭਤਾ ਤੋਂ ਸਵਾ ਛੇ ਸੌ ਸਾਲ ਪਹਿਲਾਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਦੂਸਰੀ ਵਿਚਾਰਾਧਾਰਾ ਅਨੁਸਾਰ ਮਹਾਤਮਾ ਬੁੱਧ ਦੇ ਜਨਮ ਦਾ ਸਮਾਂ 566 ਈ.ਪੂ. ਹੈ ਜੋ ਕਿ ਵਧੇਰੇ ਪ੍ਰਵਾਨ ਕੀਤਾ ਜਾਂਦਾ ਹੈ। ਬੋਧੀ ਭਾਈਚਾਰੇ ਵੱਲੋਂ ਬੁੱਧ ਦਾ ਜਨਮ ਆਮ ਤੌਰ ’ਤੇ ਦੇਸੀ ਮਹੀਨੇ ਵਿਸਾਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਕਿ ਬੱੁਧ ਪੁੂਰਨਿਮਾ ਕਰਕੇ ਜਾਣਿਆ ਜਾਂਦਾ ਹੈ।

Biography Of Mahatma Buddha

ਜਦੋਂ ਮਹਾਤਮਾ ਬੁੱਧ ਦਾ ਜਨਮ ਹੋਇਆ ਤਾਂ ਰਾਜ-ਦਰਬਾਰ ਵਿੱਚ ਭਰਪੂਰ ਖੁਸ਼ੀਆਂ ਮਨਾਈਆਂ ਗਈਆਂ ਪਰ ਇਨ੍ਹਾਂ ਖੁਸ਼ੀਆਂ ਦੀ ਉਮਰ ਬਹੁਤੀ ਲੰਮੀ ਨਾ ਰਹਿ ਸਕੀ ਕਿਉਂਕਿ ਇੱਕ ਹਫਤੇ ਬਾਅਦ ਬੱੁਧ ਦੇ ਮਾਤਾ ਮਹਾਂਮਇਆ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਦੇ ਵਿਛੋੜੇ ਤੋਂ ਬੁੱਧ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਮਾਸੀ ਪਰਜਾਪਤੀ ਗੌਤਮੀ (ਸ਼ੁਧੋਦਨ ਦੀ ਦੂਜੀ ਪਤਨੀ) ਨੇ ਕੀਤਾ। ਬਾਲ ਉਮਰ ਵਿਚ ਬੁੱਧ ਨੂੰ ਦੇਖਣ ਲਈ ਇੱਕ ਆਸਿਤ ਨਾਮੀ ਜੋਤਸ਼ੀ ਆਇਆ ਜਿਸ ਨੇ ਉਸ ਦੇ ਤੇਜੱਸਵੀ ਪੁਰਖ ਹੋਣ ਦੀ ਭਵਿੱਖਬਾਣੀ ਕੀਤੀ। ਇਸ ਭਵਿੱਖਬਾਣੀ ’ਤੇ ਅਧਾਰਿਤ ਬੁੱਧ ਦਾ ਨਾਂਅ ਸਿੱਧਾਰਥ ਰੱਖਿਆ ਗਿਆ।

‘ਮੌਤ ਸੱਚ ਅਤੇ ਜੀਵਨ ਝੂਠ’

ਸਿੱਧਾਰਥ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਉਸ ਦਾ ਦਿਲ ਉਦਾਸ ਰਹਿਣ ਲੱਗਾ। ਪਰਿਵਾਰ ਨੇ ਉਸ ਦੀ ਉਦਾਸੀ ਨੂੰ ਦੇਖ ਉਸ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਤਾਂ ਜੋ ਉਸ ਨੂੰ ਘਰ-ਪਰਿਵਾਰ ਤੇ ਰਾਜ-ਭਾਗ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਜਾ ਸਕੇ। ਇਸ ਫੈਸਲੇ ਤਹਿਤ ਸਿੱਧਾਰਥ ਦਾ ਵਿਆਹ ਯਸ਼ੋਧਰਾ ਨਾਮਕ ਲੜਕੀ ਨਾਲ ਕਰ ਦਿੱਤਾ ਗਿਆ, ਜਿਸ ਦੀ ਕੁੱਖੋਂ ਰਾਹੁਲ ਨਾਮਕ ਬੇਟੇ ਨੇ ਜਨਮ ਲਿਆ। ਪਤਨੀ ਦਾ ਪਿਆਰ ਤੇ ਪੁੱਤਰ ਦਾ ਮੋਹ ਵੀ ਸਿੱਧਾਰਥ ਦਾ ਮਨ ਨਹੀਂ ਬਦਲ ਸਕਿਆ। ਉਹ ਅਜੇ ਵੀ ਵੈਰਾਗਮਈ ਅਵਸਥਾ ਵਿਚ ਹੀ ਵਿਚਰਦਾ ਰਹਿੰਦਾ ਸੀ। ਪਰਿਵਾਰਕ ਅਤੇ ਸੰਸਾਰਿਕ ਖੁਸ਼ੀਆਂ ਉਸ ਨੂੰ ਬਹੁਤਾ ਆਕਰਸ਼ਿਤ ਨਹੀਂ ਕਰ ਸਕੀਆਂ।

ਇੱਕ ਵਾਰ ਸਿੱਧਾਰਥ ਰੱਥ ਵਿਚ ਬੈਠ ਕੇ ਮਹੱਲ ਤੋਂ ਬਾਹਰ ਜਾ ਰਿਹਾ ਸੀ ਕਿ ਉਸ ਨੇ ਇੱਕ ਬਿ੍ਰਧ ਪ੍ਰਾਣੀ ਨੂੰ ਦੇਖਿਆ ਜੋ ਕਿ ਬਹੁਤ ਕਮਜੋਰ ਨਜ਼ਰ ਆ ਰਿਹਾ ਸੀ। ਜਦੋਂ ਉਸ ਨੇ ਆਪਣੇ ਰਥਵਾਨ ਤੋਂ ਇਸ ਪ੍ਰਾਣੀ ਬਾਬਤ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਵਡੇਰੀ ਉਮਰ ਦੇ ਪ੍ਰਭਾਵ ਨਾਲ ਸਾਰੇ ਪ੍ਰਾਣੀ ਇਸ ਤਰ੍ਹਾਂ ਹੀ ਕਮਜ਼ੋਰ ਹੋ ਜਾਂਦੇ ਹਨ ਅਤੇ ਇੱਕ ਨਾ ਇੱਕ ਦਿਨ ਖ਼ਤਮ ਹੋ ਜਾਂਦੇ ਹਨ। ਰਥਵਾਨ ਦੀ ਇਸ ਗੱਲ ਨਾਲ ਸਿੱਧਾਰਥ ਦੇ ਮਨ ’ਤੇ ਗਹਿਰੀ ਚੋਟ ਵੱਜੀ। ਇੱਕ ਹੋਰ ਮੌਕੇ ’ਤੇ ਉਸ ਨੇ ਇੱਕ ਬਿਮਾਰ ਪੁਰਸ਼ ਨੂੰ ਤੱਕਿਆ। ਤੀਸਰੀ ਵਾਰ ਸਿੱਧਾਰਥ ਨੇ ਇੱਕ ਲਾਸ਼ ਨੂੰ ਦੇਖਿਆ ਜਿਸ ਨੂੰ ਦੇਖਦੇ ਸਾਰ ਹੀ ਉਸ ਦਾ ਮਨ ਉਪਰਾਮ ਹੋ ਗਿਆ। ਇਸ ਉਪਰਾਮਤਾ ਦੇ ਕਾਰਨ ਉਸ ਨੂੰ ‘ਮੌਤ ਸੱਚ ਅਤੇ ਜੀਵਨ ਝੂਠ’ ਭਾਸਣ ਲੱਗ ਪਿਆ।

Biography Of Mahatma Buddha

ਇੱਕ ਦਿਨ ਸਿੱਧਾਰਥ ਸੈਰ ਕਰਨ ਲਈ ਖੇਤਾਂ ਵੱਲ ਨੂੰ ਜਾ ਰਿਹਾ ਸੀ ਕਿ ਉਸ ਨੇ ਕਿਸਾਨਾਂ ਨੂੰ ਖੇਤਾਂ ਵਿਚ ਹੱਲ ਵਾਹੁੰਦਿਆਂ ਦੇਖਿਆ। ਕਿਸਾਨਾਂ, ਬੈਲਾਂ ਤੇ ਕੀੜੇ-ਮਕੌੜਿਆਂ ਨੂੰ ਖੇਤਾਂ ਵਿਚ ਕਸ਼ਟ ਵਿਚੋਂ ਲੰਘਦਿਆਂ ਦੇਖ ਉਸ ਦਾ ਮਨ ਬਹੁਤ ਦੁਖੀ ਹੋਇਆ। ਇਸ ਦੁਖਦਾਈ ਅਵਸਥਾ ਵਿਚ ਸਿੱਧਾਰਥ ਇੱਕ ਦਰੱਖਤ ਹੇਠ ਬੈਠ ਗਿਆ ਤੇ ਉਸ ਦੀ ਸਮਾਧੀ ਲੱਗ ਗਈ। ਜਦੋਂ ਉਹ ਸਮਾਧੀ ਵਿਚੋਂ ਬਾਹਰ ਆਇਆ ਤਾਂ ਉਸ ਨੇ ਆਪਣਾ ਘਰ-ਬਾਰ ਤਿਆਗਣ ਦਾ ਮਨ ਬਣਾ ਲਿਆ। ਇਸ ਤਿਆਗੀ ਮਾਨਸਿਕਤਾ ਨੇ ਉਸ ਨੂੰ ਆਪਣੀ ਜਵਾਨ ਪਤਨੀ ਤੇ ਪਿਆਰੇ ਪੁੱਤਰ ਨੂੰ ਸੁੱਤੇ ਪਏ ਛੱਡ ਕੇ ਆਪਣੇ ਰਾਜ-ਭਾਗ ਦੀਆਂ ਜੂਹਾਂ ਛੱਡਣ ਲਈ ਤੱਤਪਰ ਕਰ ਦਿੱਤਾ। ਇਸ ਸਮੇਂ ਸਿੱਧਾਰਥ ਦੀ ਆਯੂ 29 ਸਾਲ ਦੇ ਨੇੜੇ ਸੀ। ਉਸ ਨੇ ਆਪਣੇ ਸ਼ਾਹੀ-ਠਾਠ ਨੂੰ ਤਿਆਗ ਕੇ ਸਿਰ ਮੁਨਵਾ ਲਿਆ ਤੇ ਇੱਕ ਸ਼ਿਕਾਰੀ ਦਾ ਭੇਖ ਬਣਾ ਲਿਆ। ਇਸ ਘਟਨਾ ਨੂੰ ਮਹਾਨ ਤਿਆਗ ਦਾ ਨਾਂਅ ਦਿੱਤਾ ਜਾਂਦਾ ਹੈ।

ਸਰਵ-ਉੱਚ ਆਦਰਸ਼ ਦੀ ਭਾਲ ਵਿਚ ਨਿੱਕਲੇ ਸਿੱਧਾਰਥ ਦਾ ਮਿਲਾਪ ਇੱਕ ਆਲਾਰ ਕਾਲਾਮ ਨਾਮੀ ਗੁਰੂ ਨਾਲ ਹੋਇਆ। ਇਸ ਗੁਰੂ ਨੇ ਉਸ ਨੂੰ ‘ਸੁੰਨ ਅਵਸਥਾ’ ਹਾਸਲ ਕਰਨ ਲਈ ਇੱਕ ਕਿਸਮ ਦਾ ਧਿਆਨ ਧਾਰਨ ਦਾ ਵੱਲ ਸਿਖਾਇਆ। ਸਿੱਧਾਰਥ ਨੇ ਆਪਣੇ ਗੁੁਰੂ ਕਾਲਾਮ ਦੁਆਰਾ ਦੱਸੀ ਹੋਈ ਮੰਜ਼ਿਲ ਨੂੰ ਪ੍ਰਾਪਤ ਕਰ ਲਿਆ। ਪਰ ਇਸ ਮੰਜ਼ਿਲ ’ਤੇ ਪਹੁੰਚ ਕੇ ਵੀ ਉਸ ਦੇ ਮਨ ਦੀ ਤਸੱਲੀ ਨਹੀਂ ਹੋਈ ਅਤੇ ਉਹ ਉੱਥੋਂ ਅਗਾਂਹ ਤੁਰ ਪਿਆ। ਤੁਰਦਿਆਂ-ਤੁਰਦਿਆਂ ਜਦੋਂ ਸਿੱਧਾਰਥ ਨੇ ਕੁੱਝ ਸਫਰ ਤੈਅ ਕੀਤਾ ਤਾਂ ਉਸ ਦੀ ਮੁਲਾਕਾਤ ਇੱਕ ਹੋਰ ਅਚਾਰੀਆ ਉਦ੍ਰਕ ਰਾਮਪੁਤ੍ਰ ਨਾਲ ਹੋਈ।

Biography Of Mahatma Buddha

ਉਸ ਅਚਾਰੀਆ ਨੇ ਉਸ ਨੂੰ ‘ਨ ਸੰਕਲਪ ਅਤੇ ਨਿਰਸੰਕਲਪ’ ਅਵਸਥਾ ਪ੍ਰਾਪਤ ਕਰਨ ਦੀ ਤਾਲੀਮ ਦਿੱਤੀ। ਸਿੱਧਾਰਥ ਨੇ ਉਸ ਤਲੀਮ ’ਤੇ ਨਿਪੁੰਨਤਾ ਨਾਲ ਅਮਲ ਕਰਕੇ ਉਹ ਅਵਸਥਾ ਵੀ ਹਾਸਲ ਕਰ ਲਈ ਪਰ ਇਸ ਅਵਸਥਾ ਵਿਚ ਵੀ ਉਸ ਨੂੰ ਮੁਕਤੀ ਦਾ ਮਾਰਗ ਦਿਖਾਈ ਨਹੀਂ ਦਿੱਤਾ। ਉਸ ਨੇ ਉਦ੍ਰਕ ਦਾ ਆਸ਼ਰਮ ਵੀ ਛੱਡ ਦਿੱਤਾ। . ਉਪਰੋਕਤ ਦੋਵੇਂ ਅਵਸਥਾਵਾਂ ਸਿੱਧਾਰਥ ਨੂੰ ਪਰਮ ਸੱਚ ਤੋਂ ਉਰਲੀਆਂ ਹੀ ਨਜ਼ਰ ਆਈਆਂ ਜੋ ਉਸ ਲਈ ਨਿਰਵਾਣ ਪ੍ਰਾਪਤੀ ਦਾ ਸਬੱਬ ਨਹੀਂ ਬਣ ਸਕੀਆਂ। ਆਪਣੇ ਅਤਿ੍ਰਪਤ ਮਨ ਨੂੰ ਲੈ ਕੇ ਉਹ ਗਯਾ ਦੇ ਕੋਲ ਉਰਵੇਲਾ ਨਦੀ ਦੇ ਕਿਨਾਰੇ ਪਹੁੰਚ ਗਿਆ ਕਿਉਂਕਿ ਉਸ ਦੇ ਜੀਵਨ ਦਾ ਉਦੇਸ਼ ਤਾਂ ਦੁੱਖਾਂ ਤੋਂ ਖਹਿੜਾ ਛੁਡਾਉਣ ਦਾ ਕਾਰਨ ਲੱਭਣਾ ਸੀ। ਇਸ ਨਦੀ ਦੇ ਕੰਢੇ ’ਤੇ ਬੈਠ ਕੇ ਛੇ ਸਾਲ ਉਸ ਨੇ ਆਪਣੇ ਸਾਥੀਆਂ ਸਮੇਤ ਘੋਰ ਤਪੱਸਿਆ ਕੀਤੀ।

ਤਪ

ਇਸ ਕਠਿਨ ਤਪ ਨੇ ਸਿੱਧਾਰਥ ਦੇ ਸਰੀਰ ਨੂੰ ਤੀਲੇ ਵਰਗਾ ਕਰ ਕੇ ਰੱਖ ਦਿੱਤਾ। ਜਦੋਂ ਉਸ ਦਾ ਮਨ ਇਸ ਕਠਿਨ ਸਾਧਨਾ ਤੋਂ ਕੁੱਝ ਉਚਾਟ ਹੋਣ ਲੱਗਾ ਉਸ ਨੇ ਮੱਧ ਮਾਰਗੀ ਜੀਵਨ-ਜਾਚ ਅਪਨਾਉਣ ਲਈ ਸੋਚਿਆ। ਇਹ ਸੋਚ ਉਸ ਦਰਮਿਆਨੇ ਰਾਹ ਦੀ ਹਾਮੀ ਸੀ ਜਿਸ ਉੱਪਰ ਚੱਲ ਕੇ ਜਿੱਥੇ ਆਪਣੇ-ਆਪ ਨੂੰ ਦੁਨਿਆਵੀ ਰੰਗ-ਤਮਸ਼ਿਆਂ ਤੋਂ ਦੂਰ ਰੱਖਣਾ ਹੁੰਦਾ ਹੈ, ੳੱੁਥੇ ਕਠੋਰ ਸਾਧਨਾਵਾਂ ਤੋਂ ਵੀ ਪ੍ਰਹੇਜ਼ ਕਰਨਾ ਹੁੰਦਾ ਹੈ।

ਵੈਸਾਖ ਦੀ ਪੂਰਨਮਾਸ਼ੀ ਵਾਲੇ ਦਿਨ ਸਿੱਧਾਰਥ ਪਰਮ ਗਿਆਨ ਦੀ ਪ੍ਰਾਪਤੀ ਲਈ ਪਿੱਪਲ (ਬੋਧੀ) ਦੇ ਦਰੱਖਤ ਹੇਠ ਬੈਠ ਗਿਆ। ਉਸੇ ਦਿਨ ਸ਼ਾਮ ਨੂੰ ਮਨੁੱਖੀ ਕਾਮਨਾਵਾਂ ਅਤੇ ਆਤਮਿਕ ਸ਼ਕਤੀਆਂ ਦੇ ਸੰਘਰਸ਼ ਦੇ ਫੈਸਲੇ ਦੀ ਘੜੀ ਆ ਗਈ। ਮਨੁੱਖੀ ਕਾਮਨਾਵਾਂ ਮਾਰ (ਅਗਿਆਨ) ਦੁਆਰਾ ਅਤੇ ਆਤਮਿਕ ਸ਼ਕਤੀਆਂ ਬੋਧ (ਗਿਆਨ) ਰਾਹੀਂ ਪ੍ਰਗਟ ਹੋਈਆਂ। ਸਿੱਧਾਰਥ ਇੱਕ-ਇੱਕ ਕਰਕੇ ਧਿਆਨ ਦੀਆਂ ਮੰਜ਼ਿਲਾਂ ਚੜ੍ਹਦਾ ਗਿਆ। ਸੰਪੂਰਨਤਾ ਦੀ ਇਸ ਅਵਸਥਾ ਵਿਚ ਹੀ ਉਸ ਨੇ ਉਹ ਸੱਚਾਈਆਂ ਦੇਖੀਆਂ ਜਿਨ੍ਹਾਂ ਨੇ ਉਸ ਦੇ ਅੰਦਰ ਜਾਗਿ੍ਰਤੀ ਅਤੇ ਗਿਆਨ ਪੈਦਾ ਕਰ ਦਿੱਤਾ। ਗਿਆਨ ਦੀ ਇਸ ਪੈਦਾਇਸ਼ ਤੋਂ ਬਾਅਦ ਹੀ ਸਿੱਧਾਰਥ ਮਹਾਤਮਾ ਬੱੁਧ ਬਣ ਗਿਆ ਜੋ ਲੋਕ ਅਤੇ ਪ੍ਰਲੋਕ ਦਾ ਗਿਆਤਾ ਹੋ ਨਿੱਬੜਿਆ।

ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719

LEAVE A REPLY

Please enter your comment!
Please enter your name here