ਛੋਟੀ ਉਮਰ ਦੀ ਸਰਪੰਚਣੀ ਧੀ ਦੇ ਪਿੰਡ ਲਈ ਵੱਡੇ ਸੁਪਨੇ

ਬੀਐਸਸੀ ਐਗਰੀਕਲਚਰ ਪਾਸ ਸਰਪੰਚ ਪਿੰਡ ਦੇ ਵਿਕਾਸ ਲਈ ਪਾ ਰਹੀ ਨਵੀਆਂ ਪੈੜਾਂ

ਮਾਣਕ ਖਾਨਾ ਦੇ ਆਮ ਇਜਲਾਸ ’ਚ ਲੋਕਾਂ ਨੇ ਉਲੀਕੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ
ਬਠਿੰਡਾ (ਸੁਖਜੀਤ ਮਾਨ)। ਪਿੰਡ ਮਾਣਕ ਖਾਨਾ ਦੀ ਧੀ ਸੈਸ਼ਨਦੀਪ ਕੌਰ ਦਾ ਸੁਪਨਾ ਪਿੰਡ ਨੂੰ ਪੰਜਾਬ ਦਾ ਸਭ ਤੋਂ ਬਿਹਤਰ ਪਿੰਡ ਬਣਾਉਣ ਦਾ ਸੁਪਨਾ ਹੈ। ਬੀਐਸਸੀ ਐਗਰੀਕਲਚਰ ਦੀ ਯੋਗਤਾ ਰੱਖਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਸੈਸ਼ਨਦੀਪ ਕੌਰ ਪਿੰਡ ਦੇ ਵਿਕਾਸ ਲਈ ਵੱਡੇ ਸੁਪਨੇ ਸੰਜੋਈ ਬੈਠੀ ਹੈ। ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਪੂਰੇ ਪਿੰਡ ਅਤੇ ਗ੍ਰਾਮ ਪੰਚਾਇਤ ਨੂੰ ਆਪਣੇ ਨਾਲ ਤੋਰ ਰਹੀ ਹੈ। ਪਿਛਲੇ ਦਿਨੀਂ ਉਨਾਂ ਦੀ ਗ੍ਰਾਮ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਪਿੰਡ ਨੂੰ ਆਦਰਸ਼ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਿਕਾਸ ਕਾਰਜ਼ਾਂ ਦੀ ਯੋਜਨਾ ਬਣਾਈ। ਇਸ ਮੌਕੇ ਹਾਜਰ ਗ੍ਰਾਮ ਸਭਾ ਦੇ ਮੈਂਬਰਾਂ ਨੂੰ 5 ਲੱਕੀ ਡਰਾਅ ਰਾਹੀ ਇਨਾਮ ਕੱਢੇ ਗਏ। ਇਸ ਆਮ ਇਜਲਾਸ ਦੀ ਪ੍ਰਧਾਨਗੀ ਚੇਅਰਪਰਸਨ ਸੈਸਨਦੀਪ ਕੌਰ ਸਰਪੰਚ ਨੇ ਕੀਤੀ।

45 ਲੱਖ 81 ਹਜ਼ਾਰ ਰੁਪਏ ਦਾ ਅਨੁਮਾਨਿਤ ਬਜਟ ਪਾਸ

ਆਮ ਇਜਲਾਸ ਵਿੱਚ ਨਵੇਂ ਵਰੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਨਾਉਣ ਲਈ 45 ਲੱਖ 81 ਹਜ਼ਾਰ ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਗਿਆ। ਚੇਅਰਪਰਸਨ ਸੈਸਨਦੀਪ ਕੌਰ ਸਿੱਧੂ ਨੇ ਸਾਲਾਨਾ ਅਨੁਮਾਨਿਤ ਬਜਟ ਤੇ ਯੋਜਨਾਬੰਦੀ ਦਾ ਖਰੜਾ ਗ੍ਰਾਮ ਸਭਾ ਮੈਂਬਰਾਂ ਅੱਗੇ ਰੱਖਿਆ ਜਿਸ ਨੂੰ ਮੈਂਬਰਾਂ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ । ਇਸ ਮੌਕੇ ਗ੍ਰਾਮ ਸਭਾ ਦੇ ਮੈਂਬਰਾਂ ਨੇ ਪਾਰਕ ਦਾ ਨਾਂਅ ਚਾਚਾ ਅਜੀਤ ਸਿੰਘ ਪਾਰਕ ਰੱਖਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਪੰਚਾਇਤ ਨੇ ਆਪਣੀਆਂ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ।

ਗ੍ਰਾਮ ਪੰਚਾਇਤ ਵਿਕਾਸ ਯੋਜਨਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਮਰਿਆਂ ਦੀ ਉਸਾਰੀ, ਸੀਸੀਟੀਵੀ ਕੈਮਰੇ ਲਾਉਣਾ , ਛੱਪੜ ਦਾ ਨਵੀਨੀਕਰਨ , ਠੋਸ ਤੇ ਤਰਲ ਗੰਦਗੀ ਦੇ ਪ੍ਰਬੰਧ , ਗਲੀਆਂ ਵਿੱਚ ਇੰਟਰਲੌਕਿੰਗ ਟਾਇਲਾ ਦੇ ਫਰਸ਼ ਤੇ ਮਿੰਨੀ ਸੀਵਰੇਜ , ਸੱੁਧ ਪਾਣੀ ਲਈ ਆਰਓ ਸਿਸਟਮ , ਜਿੰਮ ਦਾ ਕਮਰਾ ਤੇ ਸਮਾਨ , ਖੇਡ ਗਰਾੳਂੂਡ ਤੇ ਖੇਡਾਂ ਦਾ ਸਮਾਨ , ਬੱਸ ਸਟੈਂਡ , ਸ਼ਮਸ਼ਾਨਘਾਟ ਤੇ ਕਬਰਸਤਾਨ ਦੀ ਮੁਰੰਮਤ ਕਰਨਾ , ਅਨੁਸੂਚਿਤ ਜਾਤੀ ਦੀ ਧਰਮਸਾਲਾ ਲਈ ਅਤੇ ਜਲ ਸੰਭਾਲ ਲਈ ਰੇਨ ਵਾਟਰ ਰੀਚਾਰਜ ਪਿਟ ,ਜਨਤਿਕ ਪਖਾਨੇ ਬਨਾਉਣ ਅਤੇ ਵੱਖ ਵੱਖ ਸਕੀਮਾਂ ਦਾ ਲਾਭ ਦਿਵਾਉਣ ਸਬੰਧੀ ਮਤੇ ਪਾਸ ਕੀਤੇ ਗਏ।

ਮਗਨਰੇਗਾ ਤਹਿਤ ਰੋਜ਼ਗਾਰ ਦਿਵਾਉਣ ਲਈ ਯੋਜਨਾ ਤਿਆਰ

ਯੋਜਨਾਬੰਦੀ ’ਚ ਔਰਤਾਂ ਤੇ ਹੰੁਦੇ ਅਤਿਆਚਾਰ ਨੂੰ ਰੋਕਣਾ ਤੇ ਲਿੰਗਕ ਯੋਜਨਾ, ਬੱਚਿਆ ਦੇ ਟੀਕਾਕਰਨ ਨੂੰ ਯਕੀਨੀ ਬਨਾਉਣਾ , ਗਰੀਬੀ ਨੂੰ ਦੂਰ ਕਰਨ ਲਈ ਤੇ ਔਰਤਾਂ ਦੀ ਆਰਥਿਕ ਸਮਰੱਥਾ ਬਣਾਉਣ ਲਈ ਉਪਰਾਲੇ ਕਰਨਾ, ਮਗਨਰੇਗਾ ਤਹਿਤ ਰੋਜ਼ਗਾਰ ਦੇਣਾ ਅਤੇ ਬੀਮਾ ਯੋਜਨਾਵਾਂ ਦਾ ਪਿੰਡ ਵਾਸੀਆਂ ਨੂੰ ਫਾਇਦਾ ਦਿਵਾਉਣ ਦੇ ਕੰਮਾਂ ਦੀ ਯੋਜਨਾ ਤਿਆਰ ਕੀਤੀ ਗਈ। ਥਾਣਾ ਕੋਟ ਫੱਤਾ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪੈਫਲੈਟ ਵੰਡੇੇ। ਐਫਐਮ ਰੇਡੀਓ ਦੀ ਅਨਾਊਸਰ ਖੁਸਵੀਰ ਸਿੱਧੂ ਨੇ ਸਮਾਜਿਕ ਵਿਸ਼ਿਆਂ ਤੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਹਰਮੀਤ ਸਿੰਘ ਭੁੱਲਰ ਕਿਤਾਬਾਂ ਲਈ 15 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਗ੍ਰਾਮ ਸੇਵਕ ਪਰਮਜੀਤ ਭੁੱਲਰ ਨੇ ਲਾਇਬਰੇਰੀ ਲਈ ਕਿਤਾਬਾਂ ਦਾ ਸੈਟ ਪੰਚਾਇਤ ਨੂੰ ਦਿੱਤਾ ।

ਪਿੰਡ ਵਾਸੀਆਂ ਦੀ ਭਰਵੀਂ ਹਾਜਰੀ ਵਾਲੇ ਆਮ ਇਜਲਾਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਇਜਲਾਸ ਦੌਰਾਨ ਸਟੇਜ ਦਾ ਸੰਚਾਲਨ ਸੁਖਜੀਤ ਸਿੰਘ ਰਾਏ ਖਾਨਾ ਨੇ ਕੀਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.