ਪੰਜਾਂ ਪਿਆਰਿਆਂ ’ਚੋਂ ਇੱਕ ਭਾਈ ਹਿੰਮਤ ਸਿੰਘ
ਮਾਰਚ 1699 ਈ. ਨੂੰ (ਵਿਸਾਖੀ ਵਾਲੇ ਦਿਨ) ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਪਰ ਖ਼ਾਲਸਾ ਪੰਥ ਦੀ ਸਿਰਜਣਾ ਹਿੱਤ ਦਸਵੇਂ ਪਾਤਸ਼ਾਹ ਵੱਲੋਂ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਇਸ ਇਕੱਠ ਦਾ ਮਨੋਰਥ ਕੌਮ ਵਿਚ ਇੱਕ ਨਵੀਂ ਰੂਹ ਫੂਕ ਕੇ ਅਣਖੀ ਅਤੇ ਪਰਉਪਕਾਰੀ ਜੀਵਨ ਦਾ ਪਾਠ ਪੜ੍ਹਾਉਣਾ ਸੀ। ਜਦੋਂ ਇਸ ਪੜ੍ਹਾਈ ਦੀ ਫ਼ੀਸ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਥ ਵਿਚ ਨੰਗੀ ਤਲਵਾਰ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਇਕੱਠ ਵਿਚ ਸੰਨਾਟਾ ਛਾ ਗਿਆ। ਜਦੋਂ ਗੁਰੂ ਸਾਹਿਬ ਨੇ ਆਪਣੀ ਇਸ ਮੰਗ ਨੂੰ ਦੂਸਰੀ-ਤੀਸਰੀ ਵਾਰ ਦੁਹਰਾਇਆ ਤਾਂ ਜਿਹੜੇ ਪੰਜ ਪਿਆਰਿਆਂ ਨੇ ਸੀਸ ਤਲੀ ’ਤੇ ਧਰ ਗੁਰੂ ਜੀ ਦੇ ਪ੍ਰਤੀ ਆਪਣੇ ਸੱਚੇ ਤੇ ਸੁੱਚੇ ਪਿਆਰ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਵਿੱਚੋਂ ਇੱਕ ਪਿਆਰੇ ਦਾ ਨਾਂਅ ਭਾਈ ਹਿੰਮਤ ਰਾਇ ਸੀ।
ਅੱਸੀ ਹਜ਼ਾਰ ਦੇ ਇਕੱਠ ਵਿੱਚੋਂ ਆਪਣੀ ਹਿੰਮਤ ਇਕੱਠੀ ਕਰਕੇ ਬਾਜਾਂ ਵਾਲੇ ਗੁਰੂ ਦੀ ਵੰਗਾਰ/ਤਲਵਾਰ ’ਤੇ ਸੀਸ ਦੀ ਭੇਟ ਚੜ੍ਹਾਉਣ ਵਾਲੇ ਭਾਈ ਹਿੰਮਤ ਰਾਇ ਦਾ ਜਨਮ ਉੜੀਸਾ ਦੇ ਪ੍ਰਸਿੱਧ ਸ਼ਹਿਰ ਜਗਨਨਾਥ ਪੁਰੀ ਵਿਖੇ 18 ਜਨਵਰੀ 1661 ਈ. (ਸੰਮਤ 1718) ਨੂੰ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂਅ ਭਾਈ ਗੁਲਜਾਰੀ ਜੀ ਅਤੇ ਮਾਤਾ ਦਾ ਨਾਂਅ ਧੰਨੋ ਜੀ ਸੀ। 17 ਸਾਲ ਦੀ ਉਮਰ ਵਿਚ ਉਹ ਜਗਨਨਾਥ ਪੁਰੀ ਤੋਂ ਸ੍ਰੀ ਆਨੰਦਪੁਰ ਸਾਹਿਬ ਆਏ ਅਤੇ ਗੁਰੂ ਘਰ ਦੀ ਸੇਵਾ ਵਿਚ ਜੁਟ ਗਏ।
ਜਦੋਂ ਕਲਗੀਧਰ ਪਾਤਸ਼ਾਹ ਨੇ ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਉਸ ਵਕਤ ਭਾਈ ਹਿੰਮਤ ਰਾਏ ਦੀ ਉਮਰ 38 ਸਾਲ ਦੇ ਨੇੜੇ ਪਹੁੰਚ ਚੁੱਕੀ ਸੀ। ਗੁਰੂ ਸਾਹਿਬ ਦੇ ਮਿਸ਼ਨ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੇ ਅੰਮਿਤ ਪਾਨ ਕੀਤਾ ਅਤੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਗਏ। ਭਾਈ ਹਿੰਮਤ ਸਿੰਘ ਭਾਵੇਂ ਉੜੀਆ (ਉੜੀਸਾ ਪ੍ਰਾਂਤ ਨਾਲ ਸੰਬੰਧਤ) ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਉਨ੍ਹਾਂ ਦੀਆਂ ਜੜ੍ਹਾਂ ਸਿੱਖੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਸਨ। ਇਨ੍ਹਾਂ ਜੜ੍ਹਾਂ ਦੇ ਅਨੁਸਾਰ ਭਾਈ ਹਿੰਮਤ ਸਿੰਘ ਉਸ ਛੱਜੂ ਝੀਊਰ ਦੇ ਪੋਤਰੇ ਲੱਗਦੇ ਸਨ ਜਿਸ ਉੁਪਰ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਦੀ ਅਪਾਰ ਬਖ਼ਸ਼ਿਸ਼ ਹੋਈ ਸੀ।
ਅੱਠਵੇਂ ਪਾਤਸ਼ਾਹ ਦੀ ਪੰਜੋਖਰੇ ਦੀ ਠਹਿਰ ਸਮੇਂ ਜਦੋਂ ਇੱਕ ਹੰਕਾਰੀ ਪੰਡਿਤ ਲਾਲ ਚੰਦ ਨੇ ਗੁਰੂ ਜੀ ਪ੍ਰਤੀ ਆਪਣੀ ਸ਼ੰਕਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੋਲੋਂ ਗੀਤਾ ਦੇ ਅਰਥ ਕਰਵਾਉਣੇ ਚਾਹੇ ਤਾਂ ਗੁਰੂ ਜੀ ਨੇ ਉਸ ਦਾ ਹੰਕਾਰ ਤੋੜਨ ਲਈ ਉਸ ਨੂੰ ਕਿਹਾ ਕਿ ਉਹ ਪਿੰਡ ਵਿੱਚੋਂ ਕਿਸੇ ਅਜਿਹੇ ਵਿਅਕਤੀ ਨੂੰ ਭਾਲ ਕੇ ਲਿਆਵੇ ਜਿਹੜਾ ਉਸ (ਪੰਡਿਤ) ਦੀ ਅਤੇ ਨਗਰ ਨਿਵਾਸੀਆਂ ਦੀ ਨਜ਼ਰ ਵਿਚ ਅਨਪੜ੍ਹ ਅਤੇ ਗੰਵਾਰ ਹੋਵੇ। ਪੰਡਿਤ ਲਾਲ ਚੰਦ ਚਲਾਕੀ ਨਾਲ ਛੱਜੂ ਨਾਂਅ ਦੇ ਇੱਕ ਅਨਪੜ੍ਹ ਅਤੇ ਗੂੰਗੇ ਵਿਅਕਤੀ ਨੂੰ ਲੈ ਆਇਆ। ਗੁਰੂ ਸਾਹਿਬ ਨੇ ਛੱਜੂ ਝੀਊਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬਚਨ ਕੀਤਾ ਕਿ ਛੱਜੂ! ਗੁਰੂ ਨਾਨਕ ਦੀ ਕਿਰਪਾ ਨਾਲ ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ। ਇਸ ਪੰਡਿਤ ਨਾਲ ਸ਼ਾਸਤਰ-ਅਰਥ ਕਰ ਕੇ ਇਸ ਦੀ ਤਸੱਲੀ ਕਰ ਦਿਓ। ਇਹ ਬਚਨ ਕਹਿ ਕੇ ਗੁਰੂ ਜੀ ਨੇ ਆਪਣੀ ਸੋਟੀ ਛੱਜੂ ਦੇ ਸਿਰ ’ਤੇ ਰੱਖ ਦਿੱਤੀ ਅਤੇ ਉਹ ਇੱਕ ਚੰਗੇ ਗਿਆਨੀ ਵਾਂਗ ਗੀਤਾ ਦੇ ਸਲੋਕਾਂ ਦੇ ਅਰਥ ਕਰੀ ਗਿਆ।
ਇਸ ਕੌਤਕ ਨਾਲ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਅਤੇ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਜਦੋਂ ਗੁਰੂ ਹਰਿ ਕਿ੍ਰਸ਼ਨ ਸਾਹਿਬ ਅਗਲੇਰੇ ਪੰਧ ਲਈ ਰਵਾਨਗੀ ਫੜਨ ਲੱਗੇ ਤਾਂ ਛੱਜੂ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ‘ਸੱਚੇ ਪਾਤਸ਼ਾਹ! ਹੁਣ ਮੇਰੇ ਲਈ ਕੀ ਹੁਕਮ ਹੈ?’ ਜਵਾਬ ਵਿਚ ਗੁਰੂ ਜੀ ਨੇ ਕਿਹਾ ਕਿ, ‘ਤੁਸੀਂ ਹੁਣ ਜਗਨਨਾਥ ਪੁਰੀ ਵਿਚ ਪਹੁੰਚੋ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੀ ਸਿੱਖ ਸੰਗਤ ਵਿਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੋ।’
ਸਤਿ ਬਚਨ ਕਹਿ ਕੇ ਭਾਈ ਛੱਜੂ ਜੀ ਜਗਨਨਾਥ ਪੁਰੀ (ਉੜੀਸਾ) ਆ ਗਏ ਅਤੇ ਇੱਥੇ ਆ ਕੇ ਉਨ੍ਹਾਂ ਨੇ ਆਪਣਾ ਘਰ ਵੀ ਵਸਾ ਲਿਆ। ਘਰ ਵੱਸ ਜਾਣ ਤੋਂ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਗੁਲਜਾਰੀ ਪੈਦਾ ਹੋਇਆ। ਗੁਲਜਾਰੀ ਜਦੋਂ ਵੱਡਾ ਹੋਇਆ ਤਾਂ ਉਸ ਦਾ ਵਿਆਹ ਇੱਕ ਉੜੀਆ ਔਰਤ ਬੀਬੀ ਧੰਨੋ ਨਾਲ ਕਰ ਦਿੱਤਾ ਗਿਆ।
ਇਹ ਗੁਲਜਾਰੀ ਅਤੇ ਮਾਤਾ ਧੰਨੋ ਹੀ ਭਾਈ ਹਿੰਮਤ ਸਿੰਘ ਦੇ ਮਾਤਾ-ਪਿਤਾ ਸਨ ਜਿਨ੍ਹਾਂ ਨੇ ਬਚਪਨ ਵਿਚ ਹੀ ਉਸ ਨੂੰ ਗੁਰਸਿੱਖੀ ਦੀ ਗੁੜ੍ਹਤੀ ਦੇ ਦਿੱਤੀ ਸੀ। ਇਸ ਗੁੜ੍ਹਤੀ ਕਾਰਨ ਹੀ ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਸ੍ਰੀ ਆਨੰਦਪੁਰ ਸਾਹਿਬ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਤਿਆਰ ਕੀਤੇ ਖ਼ਾਲਸਾ ਪੰਥ ਵਿਚ ਸ਼ਾਮਲ ਹੋ ਕੇ ਗੁਰੂ ਦੇ ਪਿਆਰੇ ਬਣ ਗਏ।ਸਿਰ ਦੇ ਕੇ ਹਾਸਲ ਕੀਤੇ ਗੁਰੂ ਦੇ ਪਿਆਰ ਨੂੰ ਭਾਈ ਹਿੰਮਤ ਸਿੰਘ ਨੇ ਆਪਣੇ ਆਖ਼ਰੀ ਦਮ ਤੱਕ ਨਿਭਾਇਆ ਅਤੇ ਸੰਮਤ 1761 ਵਿਚ ਪੋਹ ਦੇ ਮਹੀਨੇ ਦੀ ਇੱਕ ਠਰੀ ਰਾਤ ਨੂੰ ਚਮਕੌਰ ਸਾਹਿਬ ਦੀ ਲੜਾਈ ਵਿਚ ਜੂਝਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ।
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719
ਰਮੇਸ਼ ਬੱਗਾ ਚੋਹਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.