ਉਮੀਦ ਤੋਂ ਪਰ੍ਹੇ : ਪੰਜਾਬੀਆਂ ’ਚ ਸਬ ਇੰਸਪੈਕਟਰ ਬਣਨ ਦਾ ਰੁਝਾਨ ਘਟਿਆ!

ਸਬ ਇੰਸਪੈਕਟਰ ਵੀ ਪ੍ਰੀਖਿਆ ’ਚ 30 ਪ੍ਰਤੀਸਤ ਉਮੀਦਵਾਰਾਂ ਨੇ ਲਿਆ ਹਿੱਸਾ

2 ਪ੍ਰੀਖਿਆ ਕੇਂਦਰਾਂ ’ਤੇ ਕੁੱਲ 792 ਉਮੀਦਵਾਰਾਂ ’ਚੋ 221 ਨੇ ਦਿੱਤੀ ਪ੍ਰੀਖਿਆ

ਨਾਭਾ ਦੇ ਦੋ ਪ੍ਰੀਖਿਆ ਸੈਂਟਰਾਂ ’ਚ ਦੋ ਡੀਐੱਸਪੀ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ

ਨਾਭਾ, (ਤਰੁਣ ਕੁਮਾਰ ਸ਼ਰਮਾ)। ਫਿਲਮਾਂ ਹੋਵੇ ਜਾਂ ਅਸਲ ਜਿੰਦਗੀ, ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਹਰ ਕਲਾਕਾਰ ਜਾਂ ਵਿਅਕਤੀ ਦੀ ਪਹਿਲੀ ਪਸੰਦ ਹੁੰਦਾ ਹੈ ਪਰੰਤੂ ਮਾਮਲਾ ਜਦੋਂ ਅਸਲ ’ਚ ਪੁਲਿਸ ਅਧਿਕਾਰੀ ਬਣਨ ਦਾ ਹੋਵੇ ਤਾਂ ਅਜਿਹਾ ਵਿਲੱਖਣ ਵਰਤਾਰਾ ਹੁੰਦੇ ਹੋਏ ਦੇਖ ਦੰਦਾਂ ਹੇਠ ਉਂਗਲੀ ਆਉਂਦੀ ਪ੍ਰਤੀਤ ਹੁੰਦੀ ਹੈ। ਜਾਪਦੈ ਹੈ ਕਿ ਜਾਂ ਪੰਜਾਬੀਆਂ ਨੂੰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਾ ਅਹੁਦਾ ਪਸੰਦ ਨਹੀਂ ਹੈ ਜਾਂ ਉਨ੍ਹਾਂ ਦਾ ਇਸ ਪਾਸੇ ਰੁਝਾਨ ਘਟ ਗਿਆ ਹੈ। ਅਜਿਹਾ ਵਰਤਾਰਾ ਹਲਕਾ ਨਾਭਾ ਵਿਖੇ ਦੇਖਣ ਨੂੰ ਨਜ਼ਰ ਆਇਆ ਜਿੱਥੇ ਬਣਾਏ ਗਏ ਦੋ ਪ੍ਰੀਖਿਆ ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਕੁੱਲ ਨਾਲੋਂ 30 ਪ੍ਰਤੀਸਤ ਦੇ ਲਾਗੇ ਹੀ ਦਰਜ ਕੀਤੀ ਗਈ।

ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਅਹੁਦੇ ਲਈ ਨਾਭਾ ਵਿਖੇ ਰਿਪੁਦਮਨ ਕਾਲਜ ਅਤੇ ਸਰਕਾਰੀ ਮਾਡਲ ਸਕੂਲ ਦੋ ਪ੍ਰੀਖਿਆ ਸੈਂਟਰਾਂ ’ਤੇ ਡੀਐੱਸਪੀ ਦਵਿੰਦਰ ਅੱਤਰੀ ਅਤੇ ਡੀਐੱਸਪੀ ਰਾਜੇਸ਼ ਛਿੱਬਰ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਦੋਵਾਂ ਪ੍ਰੀਖਿਆ ਸੈਂਟਰਾਂ ਵਿੱਚ ਦੋ ਸ਼ਿਫਟਾਂ ਵਿੱਚ ਪੇਪਰ ਲਏ ਗਏ ਜਿਨ੍ਹਾਂ ਸਬੰਧੀ ਹਾਜ਼ਰ ਹੋਏ ਉਮੀਦਵਾਰਾਂ ਦੀ ਗਿਣਤੀ ਨੇ ਪ੍ਰੀਖਿਆ ਪ੍ਰਬੰਧਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ। ਵੱਡੀ ਗਿਣਤੀ ’ਚ ਪ੍ਰੀਖਿਆ ’ਚ ਨਾ ਪੁੱਜਣ ਵਾਲੇ ਉਮੀਦਵਾਰਾਂ ਸਬੰਧੀ ਪ੍ਰੀਖਿਆਵਾਂ ਦਾ ਦੋ ਸਾਲ ਬਾਦ ਹੋਣਾ, ਉਮੀਦਵਾਰਾਂ ਦੀ ਰਿਹਾਇਸ਼ ਤੋਂ ਅਤਿ ਦੂਰ ਸੈਂਟਰ ਸਥਾਪਿਤ ਕਰਨਾ, ਦੋ ਸਾਲਾਂ ਦੌਰਾਨ ਉਮੀਦਵਾਰ ਦੇ ਦੂਜੇ ਵਿਭਾਗ ਵਿਚ ਚੁਣੇ ਜਾਣ ਸਮੇਤ ਆਈਲੈਟਸ ਕਰਕੇ ਵਿਦੇਸ਼ ਚਲੇ ਜਾਣਾ ਆਦਿ ਵੱਖਰੇ-ਵੱਖਰੇ ਕਿਆਸ ਜ਼ਾਹਰ ਕੀਤੇ ਗਏ।

ਪ੍ਰੀਖਿਆ ਡਿਊਟੀ ਅਧਿਕਾਰੀਆਂ ਅਨੁਸਾਰ ਪ੍ਰੀਖਿਆ ਵਿੱਚ 2022 ’ਚ ਅਪਲਾਈ ਕਰਨ ਵਾਲੇ ਉਮੀਦਵਾਰ ਹੀ ਪੁੱਜੇ ਜਦਕਿ 2021 ਦੇ ਉਮੀਦਵਾਰਾਂ ਨੂੰ ਇਸ ਦੀ ਜਾਣਕਾਰੀ ਸ਼ਾਇਦ ਨਹੀਂ ਮਿਲੀ। ਨਾਭਾ ਦੇ ਰਿਪੁਦਮਨ ਕਾਲਜ ਸੈਂਟਰ ਅਤੇ ਸਰਕਾਰੀ ਮਾਡਲ ਸਕੂਲ ਦੋਨੋਂ ਪ੍ਰੀਖਿਆ ਕੇਂਦਰਾਂ ਵਿਖੇ ਕੁੱਲ 792 ਉਮੀਦਵਾਰਾਂ ’ਚੋ 221 ਉਮੀਦਵਾਰ ਹੀ ਪੁੱਜੇ ਜਿਸ ਦੀ ਪੁਸ਼ਟੀ ਪੁਲਿਸ ਉਚ ਅਧਿਕਾਰੀਆਂ ਅਤੇ ਪ੍ਰੀਖਿਆ ਅਧਿਕਾਰੀਆਂ ਨੇ ਕੀਤੀ। ਪੁਲਿਸ ਅਧਿਕਾਰੀਆਂ ਵੱਲੋਂ ਸ਼ਲਾਘਾਯੋਗ ਉਪਰਾਲੇ ਤਹਿਤ ਉਮੀਦਵਾਰਾਂ ਨੂੰ ਬੱਸ ਅੱਡਿਆ ਅਤੇ ਰੇਲਵੇ ਸਟੇਸਨ ਤੋਂ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਲਈ ਮੁੱਫਤ ਵਾਹਨ ਵੀ ਲਾਏ ਗਏ।

ਪ੍ਰੀਖਿਆ ਕੇਂਦਰ ਦੂਰ ਹੋਣ ਕਾਰਨ ਆਈ ਪ੍ਰੇਸ਼ਾਨੀ : ਪ੍ਰੀਖਿਆਰਥੀ

ਸਬ ਇੰਸਪੈਕਟਰ ਦੇ ਅਹੁਦੇ ਲਈ ਹੋਈਆਂ ਪ੍ਰੀਖਿਆਵਾਂ ਵਿੱਚ ਬਹੁਤ ਘੱਟ ਮਾਤਰਾ ਵਿਚ ਪੁੱਜੇ ਉਮੀਦਵਾਰਾਂ ਦੀ ਪੁਸ਼ਟੀ ਕਰਦਿਆਂ ਪ੍ਰੀਖਿਆ ਦੇਣ ਵਾਲੇ ਪਠਾਨਕੋਟ ਅਤੇ ਬਠਿੰਡਾ ਤੋਂ ਆਏ ਦੋ ਨੌਜਵਾਨਾਂ ਨੇ ਦੱਸਿਆ ਕਿ ਬਾਕੀ ਸਾਰੇ ਪ੍ਰਬੰਧ ਪੁਖਤਾ ਅਤੇ ਸਹੀ ਲੱਗੇ ਪਰੰਤੂ ਪ੍ਰੀਖਿਆ ਕੇਂਦਰ ਕਾਫ਼ੀ ਦੂਰ ਬਣਾਏ ਗਏ ਹਨ ਜਿਨ੍ਹਾਂ ਲਈ ਪੁੱਜਣਾ ਤਿੰਨ ਦਿਨਾਂ ਦੀ ਲੰਬੀ ਕਵਾਇਦ ਵਿੱਚ ਬਦਲ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜ ਤੋਂ ਸੱਤ ਜ਼ਿਲ੍ਹੇ ਛੱਡ ਬਣਾਏ ਪ੍ਰੀਖਿਆ ਕੇਂਦਰਾਂ ਦੇ ਨਾਲ ਵਿਦੇਸ਼ ਚਲੇ ਜਾਣਾ ਜਾਂ ਕੋਈ ਹੋਰ ਰੁਜ਼ਗਾਰ ਮਿਲਣਾ ਉਮੀਦਵਾਰਾਂ ਦੀ ਗਿਣਤੀ ਘੱਟ ਹੋਣ ਦੇ ਕਾਰਨ ਹੋ ਸਕਦੇ ਹਨ ਅਤੇ ਪ੍ਰੀਖਿਆਵਾਂ ਦੋ ਸਾਲ ਬਾਅਦ ਲਈਆਂ ਜਾ ਰਹੀਆਂ ਹਨ ਜਿਸ ਦੀ ਸੂਚਨਾ ਸਬੰਧਤ ਉਮੀਦਵਾਰ  ਕੋਲ ਪੁੱਜੀ ਹੈ ਜਾਂ ਨਹੀਂ।

2021 ਵਾਲੇ ਵਿਦਿਆਰਥੀ ਨਹੀਂ ਪੁੱਜੇ : ਡਿਊਟੀ ਅਧਿਕਾਰੀ

ਪ੍ਰੀਖਿਆ ਡਿਊਟੀ ਦੌਰਾਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਜਾਪਦਾ ਹੈ ਕਿ ਸਾਲ 2022 ਦੇ ਉਮੀਦਵਾਰ ਤਾਂ ਪੁੱਜੇ ਹਨ ਜਦਕਿ 2021 ਦੇ ਉਮੀਦਵਾਰ ਨਹੀਂ ਪੁੱਜੇ ਜਿਸ ਦੇ ਕਾਰਨਾਂ ਬਾਰੇ ਸੰਬੰਧਤ ਵਿਭਾਗ ਨੂੰ ਪਤਾ ਹੋਏਗਾ।

ਉਮੀਦਵਾਰ ਘੱਟ ਗਿਣਤੀ ’ਚ ਪੁੱਜੇ : ਡੀਐੱਸਪੀ ਰਾਜੇਸ਼ ਛਿੱਬੜ ਤੇ ਦਵਿੰਦਰ ਅੱਤਰੀ

ਉਪਰੋਕਤ ਸਥਿਤੀ ਦੀ ਪੁਸ਼ਟੀ ਕਰਦਿਆਂ ਦੋਵਾਂ ਪ੍ਰੀਖਿਆ ਕੇਂਦਰਾਂ ’ਤੇ ਤਾਇਨਾਤ ਡੀਐਸਪੀ ਰਾਜੇਸ ਛਿੱਬੜ ਅਤੇ ਡੀਐਸਪੀ ਨਾਭਾ ਦਵਿੰਦਰ ਅੱਤਰੀ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਪ੍ਰੀਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਚੈਕਿੰਗ ਸੈਂਟਰਾਂ ’ਚੋਂ ਗੁਜ਼ਰਦੇ ਉਮੀਦਵਾਰਾਂ ਨੂੰ ਪ੍ਰੀਖਿਆ ਲਈ ਪੈੱਨ ਵੀ ਅੰਦਰੋਂ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡੀਐੱਸਪੀ ਅੱਤਰੀ ਅਨੁਸਾਰ ਰਿਪੁਦਮਨ ਕਾਲਜ ਪ੍ਰੀਖਿਆ ਕੇਂਦਰ ਵਿਖੇ ਕੱੁਲ 360 ਉਮੀਦਵਾਰਾਂ ਚੋਂ 87 ਉਮੀਦਵਾਰ ਹੀ ਪ੍ਰੀਖਿਆ ਕੇਂਦਰ ’ਚ ਦਾਖਲ ਹੋਏ ਜੋ ਕਿ ਦੂਜੇ ਸੈਸ਼ਨ ਵਿੱਚ ਘਟ ਕੇ 85 ਤੱਕ ਰਹਿ ਗਏ। ਡੀਐੱਸਪੀ ਰਾਜੇਸ਼ ਛਿੱਬਰ ਅਨੁਸਾਰ ਮਾਡਲ ਸਕੂਲ ਦੇ ਪ੍ਰੀਖਿਆ ਕੇਂਦਰ ਵਿਖੇ ਕੁੱਲ 432 ਉਮੀਦਵਾਰਾਂ ’ਚੋਂ 134 ਉਮੀਦਵਾਰ ਹੀ ਪ੍ਰੀਖਿਆ ਦੇਣ ਪੁੱਜੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ