ਬਲਵਿੰਦਰ ਕੌਰ ਤੇ ਉਸ ਦੇ ਪੁੱਤਰਾਂ ਨੂੰ ਹੁਣ ਨਹੀਂ ਸਤਾਵੇਗਾ ਅੱਧ ਢਹੇ ਮਕਾਨ ਦੇ ਮੀਂਹ-ਕਣੀ ’ਚ ਚੋਣ ਦਾ ਡਰ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕੁੱਝ ਘੰਟਿਆਂ ’ਚ ਹੀ ਖ਼ਸਤਾ ਹਾਲਤ ਮਕਾਨ ਨੂੰ ਦਿੱਤੀ ਨਵੀਂ ਤੇ ਨਰੋਈ ਦਿੱਖ
(ਜਸਵੀਰ ਸਿੰਘ ਗਹਿਲ) ਬਰਨਾਲਾ। ਦਿਵਿਆਂਗ ਵਿਧਵਾ ਬਲਵਿੰਦਰ ਕੌਰ ਤੇ ਉਸਦੇ ਪੁੱਤਰਾਂ ਨੂੰ ਹੁਣ ਮੀਂਹ-ਕਣੀ ਦੌਰਾਨ ਆਪਣੇ ਅੱਧ ਡਿੱਗੇ ਮਕਾਨ ਦੇ ਚੋਣ ਦਾ ਡਰ ਮੁੱਕ ਗਿਆ ਹੈ ਕਿਉਂਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਆਪਣੇ ਪੂਰਨ ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ’ਤੇ ਅਮਲ ਕਮਾਉਂਦਿਆਂ ਉਕਤ ਪਰਿਵਾਰ ਦੇ ਅੱਧ ਢਹਿ ਢੇਰੀ ਹੋਏ ਮਕਾਨ ਨੂੰ ਕੁੱਝ ਘੰਟਿਆਂ ’ਚ ਨਵੀਂ ਤੇ ਨਰੋਈ ਦਿੱਖ ਦੇ ਦਿੱਤੀ ਹੈ।
ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਜਿੜਾ ਦੀ ਬਲਵਿੰਦਰ ਕੌਰ ਖੁਦ ਵੀ ਦਿਵਿਆਂਗ ਹੈ ਤੇ ਉਸ ਦੇ ਦੋ ਪੁੱਤਰ ਗੁਰਜੰਟ ਸਿੰਘ ਤੇ ਵਿਸ਼ਾਲ ਸਿੰਘ ਵੀ ਦਿਮਾਗੀ ਤੌਰ ’ਤੇ ਕੁੱਝ ਸਧਾਰਨ ਹਨ। ਬਲਵਿੰਦਰ ਕੌਰ ਦੇ ਪਤੀ ਚਮਕੌਰ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਕਾਰਨ ਉਹ ਆਪਣੇ ਘਰ ਦੇ ਗੁਜ਼ਾਰੇ ਲਈ ਇੱਕ ਨਿੱਜੀ ਸਕੂਲ ’ਚ ਸਫ਼ਾਈ ਤੇ ਚਾਹ-ਪਾਣੀ ਆਦਿ ਬਣਾਉਣ ਦਾ ਕੰਮ ਕਰਕੇ ਆਪਣੇ ਪੁੱਤਰਾਂ ਦੀ ਸਾਂਭ-ਸੰਭਾਲ ਕਰਦੀ ਹੈ। ਬਲਵਿੰਦਰ ਕੌਰ ਮੁਤਾਬਕ ਅਸਮਾਨ ’ਚ ਬੱਦਲ ਛਾ ਜਾਣ ਨਾਲ ਹੀ ਉਸਦੀਆਂ ਚਿੰਤਾਵਾਂ ਵੀ ਵਧ ਜਾਂਦੀਆਂ ਸਨ ਕਿਉਂਕਿ ਉਸਦੇ ਪਹਿਲਾਂ ਹੀ ਖ਼ਸਤਾ ਹਾਲਤ ਮਕਾਨ ਦੀ ਅੱਧੀ ਛੱਤ ਡਿੱਗ ਚੁੱਕੀ ਹੈ ਤੇ ਉੱਤੋਂ ਮੰਦਬੁੱਧੀ ਆਪਣੇ ਦੋਵੇਂ ਪੁੱਤਰਾਂ ਨੂੰ ਸੰਭਾਲਣਾ ਖੁਦ ਨਾਲੋਂ ਵੀ ਔਖਾ ਹੈ, ਕਿਉਂਕਿ ਦੋਵੇਂ ਬੱਚਿਆਂ ਦਾ ਪਤਾ ਨਹੀਂ ਕਿ ਉਸਦੀ ਕੁੱਝ ਪਲ ਦੀ ਗੈਰ-ਹਾਜ਼ਰੀ ’ਚ ਕਿਸ ਵੇਲੇ ਕਿੱਧਰ ਨੂੰ ਚਲੇ ਜਾਣ। ਜਿੰਨ੍ਹਾਂ ਨੂੰ ਲੱਭ ਕੇ ਲਿਆਉਣਾ ਪੈਂਦਾ ਹੈ।
ਪਰ ਅੱਜ ਤੋਂ ਬਲਵਿੰਦਰ ਕੌਰ ਦੀਆਂ ਆਪਣੇ ਖ਼ਸਤਾ ਹਾਲਤ ਤੇ ਅੱਧ ਡਿੱਗੇ ਮਕਾਨ ਦੀਆਂ ਚਿੰਤਾਵਾਂ ਮੁੱਕ ਗਈਆਂ ਹਨ ਕਿਉਂਕਿ ਡੇਰਾ ਸੱਚਾ ਸੌਦਾ ਸਰਸਾ ਦੀ ਇਕਾਈ ਬਲਾਕ ਮਹਿਲ ਕਲਾਂ ਦੇ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਤੇ ਨਿਊਜ਼ੀਲੈਂਡ ਦੀ ਸਾਧ-ਸੰਗਤ ਦੇ ਭਰਵੇਂ ਸਹਿਯੋਗ ਸਦਕਾ ਬਲਵਿੰਦਰ ਕੌਰ ਦੇ ਖ਼ਸਤਾ ਹਾਲਤ ਮਕਾਨ ਨੂੰ ਨਵੇਂ ਸਿਰੇ ਤੋਂ ਉਸਾਰ ਕੇ ਕੁੱਝ ਘੰਟਿਆਂ ’ਚ ਹੀ ਇੱਕ ਨਵਾਂ ਤੇ ਨਰੋਆ ਰੂਪ ਦੇ ਦਿੱਤਾ ਹੈ। ਡੇਰਾ ਪੇ੍ਰਮੀਆਂ ਦੇ ਇਸ ਸ਼ਲਾਘਾਯੋਗ ਉਪਰਾਲੇ ਨੂੰ ਬਲਵਿੰਦਰ ਕੌਰ ਬਿਨਾਂ ਸਾਹ ਲਏ ਸਲਾਹੁਦੀ ਨਹੀਂ ਥੱਕ ਰਹੀ ਤੇ ਨਾ ਹੀ ਉਸ ਕੋਲੋਂ ਆਪਣੇ ਨਵੇਂ ਮਕਾਨ ਦਾ ਚਾਅ ਚੁੱਕਿਆ ਜਾ ਰਿਹਾ ਹੈ।
ਮਕਾਨ ਬਣਾਉਣ ਮੌਕੇ ਤਾਰਾ ਸਿੰਘ ਇੰਸਾਂ, ਹਰਦੀਪ ਸਿੰਘ ਇੰਸਾਂ, ਬੇਅੰਤ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ, ਧੰਨਾ ਸਿੰਘ ਇੰਸਾਂ, ਧਰਮਪਾਲ ਇੰਸਾਂ ਆਦਿ ਨੇ ਮਿਸਤਰੀਆਂ ਦੇ ਤੌਰ ’ਤੇ ਬਿਨਾਂ ਕਿਸੇ ਸਵਾਰਥ ਦੇ ਇਨਸਾਨੀਅਤ ਨਾਤੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਇਸ ਮੌਕੇ ਸਾਧ ਸੰਗਤ ਨੇ ਵੀ ਭਰਵਾਂ ਸਹਿਯੋਗ ਦਿੱਤਾ।
ਇਸ ਮੌਕੇ ਹਜੂਰਾ ਸਿੰਘ ਇੰਸਾਂ ਬਲਾਕ ਭੰਗੀਦਾਸ ਮਹਿਲ ਕਲਾਂ, ਗੁਰਮੁੱਖ ਸਿੰਘ ਇੰਸਾਂ, ਮਾ. ਪੂਰਨ ਸਿੰਘ ਇੰਸਾਂ, ਨਾਥ ਸਿੰਘ ਇੰਸਾਂ, ਝਲੌਰ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਹੈਪੀ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਬਲਵਿੰਦਰ ਇੰਸਾਂ, ਭੰਗੀਦਾਸ ਸਹਿਜੜਾ ਚਮਕੌਰ ਇੰਸਾਂ, ਮਾ. ਭੋਲਾ ਸਿੰਘ ਇੰਸਾਂ, ਚੇਤਨ ਇੰਸਾਂ, ਗੁਰਮੇਲ ਇੰਸਾਂ, ਮੰਗਤੂ ਇੰਸਾਂ, ਪ੍ਰਕਾਸ਼ ਇੰਸਾਂ, ਭੰਗੀਦਾਸ ਕੇਵਲ ਇੰਸਾਂ, ਭੰਗੀਦਾਸ ਕਰਨੈਲ ਇੰਸਾਂ, ਗੁਰਜਿੰਦਰ ਕੌਰ ਇੰਸਾਂ, ਜਰਨੈਲ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਮਨਦੀਪ ਕੌਰ ਇੰਸਾਂ ਆਦਿ ਜ਼ਿੰਮੇਵਾਰ ਵੀ ਹਾਜ਼ਰ ਸਨ।
ਵਰਤ ਰੱਖ ਬਚਾਏ ਪੈਸੇ ਨਾਲ ਕੀਤੇ ਜਾਂਦੇ ਨੇ ਭਲਾਈ ਕਾਰਜ਼
ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਲੋੜਵੰਦ ਬਲਵਿੰਦਰ ਕੌਰ ਨੇ ਆਪਣੇ ਮਕਾਨ ਦੀ ਹਾਲਤ ਸੁਧਾਰਨ ਲਈ ਸਾਧ-ਸੰਗਤ ਜਿੰਮੇਵਾਰਾਂ ਤੱਕ ਪਹੁੰਚ ਕੀਤੀ ਸੀ, ਜਿਸ ਪਿੱਛੋਂ ਸਮੁੱਚੇ ਜਿੰਮੇਵਾਰਾਂ ਦੀ ਸਹਿਮਤੀ ਉਪਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਮੁਤਾਬਕ ਨਿਊਜ਼ੀਲੈਂਡ ਤੇ ਬਲਾਕ ਮਹਿਲ ਕਲਾਂ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਅੱਜ ਬਲਵਿੰਦਰ ਕੌਰ ਦੇ ਮਕਾਨ ਨੂੰ ਨਵੇਂ ਸਿਰਿਓਂ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਭਲਾਈ ਕਾਰਜ਼ਾਂ ’ਤੇ ਹੋਣ ਵਾਲਾ ਖਰਚ ਸਾਧ ਸੰਗਤ ਆਪਣੇ ਪੱਲਿਓਂ ਕਰਦੀ ਹੈ, ਜਿਸ ਨੂੰ ਉਹ ਪੂਜਨੀਕ ਗੁਰੂ ਜੀ ਦੇ ਬਚਨਾਂ ਮੁਤਾਬਿਕ ਹਫ਼ਤੇ ’ਚ ਇੱਕ ਦਿਨ ਦਾ ਵਰਤ ਰੱਖ ਕੇ ਇਕੱਠਾ ਕਰਨ ਪਿੱਛੋਂ ਭਲਾਈ ਕਾਰਜ਼ਾਂ ’ਤੇ ਖਰਚ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਵੱਲੋਂ ਹੁਣ ਤੱਕ ਕੁੱਲ 44 ਲੋੜਵੰਦਾਂ ਦੇ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ।
ਫ਼ਰਿਸਤਿਆਂ ਤੋਂ ਘੱੱਟ ਨਹੀਂ ਡੇਰਾ ਪ੍ਰੇਮੀ
ਦਿਵਿਆਂਗ ਬਲਵਿੰਦਰ ਕੌਰ ਨੇ ਦੱਸਿਆ ਕਿ ਪਤੀ ਦੀ ਮੌਤ, ਦੋਵੇਂ ਪੁੱਤਰਾਂ ਦੀ ਦਿਮਾਗੀ ਹਾਲਤ ਠੀਕ ਨਾ ਹੋਣਾ ਤੇ ਉੱਤੋਂ ਗਰੀਬੀ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬੇਹੱਦ ਪਤਲੀ ਪੈ ਚੁੱਕੀ ਸੀ। ਇਸੇ ਕਰਕੇ ਹੀ ਉਹ ਆਪਣੇ ਅੱਧ ਢਹਿ ਚੁੱਕੇ ਮਕਾਨ ਦੀ ਮੁਰੰਮਤ ਕਰਵਾਉਣ ਦੇ ਵੀ ਯੋਗ ਨਹੀਂ ਸੀ। ਪਰ ਧੰਨ ਨੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਜਿੰਨ੍ਹਾਂ ਨੇ ਉਸ ਦੀ ਨਿੱਕੀ ਜਿਹੀ ਬੇਨਤੀ ’ਤੇ ਹੀ ਉਨ੍ਹਾਂ ਦੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾ ਕੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੇ੍ਰਮੀਆਂ ਵੱਲੋਂ ਉਨ੍ਹਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਤਪਦਾ ਹੈ ਤੇ ਉਹ ਪੇਟ ਭਰ ਸੁੱਖ ਦੀ ਨੀਂਦ ਸੌਂਦੇ ਹਨ। ਉਨ੍ਹਾਂ ਪੂਜਨੀਕ ਗੁਰੂ ਜੀ ਤੇ ਸਮੁੱਚੀ ਸਾਧ-ਸੰਗਤ ਦਾ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਕਿ ਸਾਧ ਸੰਗਤ ਉਸ ਲਈ ਕਿਸੇ ਫ਼ਰਿਸਤੇ ਤੋਂ ਘੱੱਟ ਨਹੀਂ ਹੈ, ਜਿਹਨਾਂ ਕੁੱਝ ਘੰਟਿਆਂ ’ਚ ਉਸ ਨੂੰ ਨਵੀਂ ਤੇ ਨਰੋਈ ਛੱਤ ਦੇ ਦਿੱਤੀ ਹੈ।
ਸੇਵਾਦਾਰਾਂ ਨੇ ਪਰਿਵਾਰ ਦਾ ਧੇਲਾ ਵੀ ਨਹੀਂ ਲੱਗਣ ਦਿੱਤਾ
ਪੇ੍ਰਮੀਆਂ ਦੇ ਉਕਤ ਕਾਰਜ਼ ਦੀ ਸਲਾਘਾ ਕਰਦਿਆਂ ਡਾ. ਸਤਵਿੰਦਰ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਸਬੰਧਿਤ ਪਰਿਵਾਰ ਦੇ ਹਾਲਾਤ ਬੇਹੱਦ ਮਾੜੇ ਹਨ, ਜਿਸ ਕਰਕੇ ਇਨ੍ਹਾਂ ਦਾ ਗੁਜਾਰਾ ਮੁਸ਼ਕਿਲ ਨਾਲ ਹੀ ਚੱਲ ਰਿਹਾ ਹੈ। ਜਿਸ ਦੀ ਮੱਦਦ ਕਰਕੇ ਡੇਰਾ ਸ਼ਰਧਾਲੂਆਂ ਨੇ ਬਹੁਤ ਵੱਡੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਦੇ ਪੱਲਿਓਂ ਮਕਾਨ ਬਣਾਉਣ ਲਈ ਇੱਕ ਧੇਲਾ ਵੀ ਨਹੀਂ ਲਿਆ, ਚਾਹ- ਲੰਗਰ ਆਦਿ ਦਾ ਖਰਚਾ ਵੀ ਖੁਦ ਹੀ ਕੀਤਾ ਹੈ ਜੋ ਬੇਹੱਦ ਕਾਬਿਲੇ-ਏ-ਤਾਰੀਫ਼ ਉਪਰਾਲਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ