ਪਿੱਠਵਰਤੀ ਗਾਇਕੀ ਦਾ ਧਰੂ ਤਾਰਾ ਮੁਕੇਸ਼

Vocal Star Mukesh Sachkahoon

ਪਿੱਠਵਰਤੀ ਗਾਇਕੀ ਦਾ ਧਰੂ ਤਾਰਾ ਮੁਕੇਸ਼

ਇੰਜੀਨੀਅਰ ਜ਼ੋਰਾ ਚੰਦ ਮਾਥੁਰ ਦੇ ਘਰ 22 ਜੁਲਾਈ 1923 ਈਸਵੀ ਨੂੰ ਇੱਕ ਬਾਲਕ ਨੇ ਜਨਮ ਲਿਆ ਜੋ ਉਨ੍ਹਾਂ ਦੇ ਦਸ ਬੱਚਿਆਂ ’ਚੋਂ ਛੇਵਾਂ ਬੱਚਾ ਸੀ। ਉਸ ਬੱਚੇ ਦਾ ਨਾਂਅ ਰੱਖਿਆ ਗਿਆ। ਮੁਕੇਸ਼ ਚੰਦ ਮਾਥੁਰ। ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਲੜਕਾ ਸਦਾਬਹਾਰ ਅਭਿਨੇਤਾ ਰਾਜ ਕਪੂਰ ਦੀ ਅਵਾਜ਼ ਬਣ ਕੇ ਉੱਭਰੇਗਾ ਅਤੇ ਪਿੱਠਵਰਤੀ ਗਾਇਕ ਮੁਕੇਸ਼ ਦੇ ਨਾਂਅ ਨਾਲ ਦੁਨੀਆਂ ’ਚ ਪ੍ਰਸਿੱਧ ਹੋਵੇਗਾ। ਗਾਉਣ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ। ਇੱਕ ਸੰਗੀਤ ਅਧਿਆਪਕ ਉਨ੍ਹਾਂ ਦੇ ਘਰ ਉਨ੍ਹਾਂ ਦੀ ਭੈਣ ਨੂੰ ਸੰਗੀਤ ਸਿਖਾਉਣ ਲਈ ਆਉਂਦਾ ਸੀ ਤਾਂ ਉਹ ਨਾਲ ਦੇ ਕਮਰੇ ’ਚ ਬੈਠ ਕੇ ਉਨ੍ਹਾਂ ਨੂੰ ਧਿਆਨ ਨਾਲ ਸੁਣਦੇ ਅਤੇ ਗਾਉਣ ਦੀ ਕੋਸ਼ਿਸ਼ ਕਰਦੇ। ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਨ੍ਹਾਂ ਪੜ੍ਹਾਈ ਛੱੱਡ ਦਿੱਤੀ ਸੀ ਤੇ ਨੌਕਰੀ ਕਰਨ ਲੱਗ ਪਏ ਸਨ। ਇਸ ਦੌਰਾਨ ਉਹ ਆਪਣੀ ਅਵਾਜ਼ ਰਿਕਾਰਡ ਕਰਨ ਦੇ ਤਜ਼ਰਬੇ ਕਰਦੇ ਰਹਿੰਦੇ ਸੀ। ਉਹ ਮਹਾਨ ਸੰਗੀਤਕਾਰ ਕੇ. ਐਲ. ਸਹਿਗਲ ਦੇ ਬਹੁਤ ਵੱਡੇ ਪ੍ਰਸੰਸਕ ਸਨ ਅਤੇ ਉਨ੍ਹਾਂ ਦੀ ਗਾਇਕੀ ਉਨ੍ਹਾਂ ਨੂੰ ਗਾਉਣ ਦੀ ਪ੍ਰੇਰਣਾ ਦਿੰਦੀ ਸੀ।

ਅਦਾਕਾਰ ਮੋਤੀ ਲਾਲ, ਜੋ ਉਨ੍ਹਾਂ ਦੀ ਦੂਰ ਦੀ ਰਿਸ਼ਤੇਦਾਰੀ ’ਚੋਂ ਸਨ, ਉਨ੍ਹਾਂ ਨੇ ਮੁਕੇਸ਼ ਨੂੰ ਪਹਿਲੀ ਵਾਰ ਇੱਕ ਵਿਆਹ ਸਮਾਗਮ ’ਚ ਗਾਉਂਦੇ ਦੇਖਿਆ ਸੀ ਜੋ ਉਨ੍ਹਾਂ ਨੇ ਆਪਣੀ ਭੈਣ ਦੇ ਵਿਆਹ ਮੌਕੇ ਇੱਕ ਗੀਤ ਗਾਇਆ ਸੀ। ਅਭਿਨੇਤਾ ਮੋਤੀ ਲਾਲ ਮੁਕੇਸ਼ ਦੀ ਅਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ। ਉਹ ਮੁਕੇਸ਼ ਨੂੰ ਮੁੰਬਈ ਲੈ ਆਏ ਤੇ ਸੰਗੀਤ ਸਿੱਖਣ ਲਈ ਪੰਡਿਤ ਜਗਨਨਾਥ ਪ੍ਰਸਾਦ ਕੋਲ ਭੇਜਿਆ, ਜਿਸ ਤੋਂ ਉਨ੍ਹਾਂ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ। ਮੁਕੇਸ਼ ਨੂੰ ਪਿੱਠਵਰਤੀ ਗਾਇਕੀ ’ਚ ਪਹਿਲਾ ਮੌਕਾ ਅਦਾਕਾਰ ਮੋਤੀ ਲਾਲ ਨੇ ਸੰਨ 1945 ਵਿੱਚ ਉਨ੍ਹਾਂ ਦੀ ਆਪਣੀ ਫਿਲਮ ਪਹਿਲੀ ਨਜ਼ਰ ਵਿੱਚ ਦਿੱਤਾ। ਉਨ੍ਹਾਂ ਨੇ ਪਹਿਲਾ ਜੋ ਗੀਤ ਗਾਇਆ ਉਸਦੇ ਬੋਲ ਸਨ ‘ਦਿਲ ਜਲਤਾ ਹੈ ਤੋ ਜਲਨੇ ਦੇ’। ਇਹ ਗੀਤ ਉਨ੍ਹਾਂ ਨੇ ਸੰਗੀਤਕਾਰ ਅਨਿਲ ਵਿਸ਼ਵਾਸ ਦੀ ਦੇਖ-ਰੇਖ ’ਚ ਗਾਇਆ ਸੀ। ਇਸ ਗੀਤ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਕੇ. ਐਲ. ਸਹਿਗਲ ਨੇ ਜਦ ਇਹ ਗੀਤ ਸੁਣਿਆ ਤਾਂ ਉਹ ਅਸ਼ ਅਸ਼ ਕਰ ਉੱਠੇ ਅਤੇ ਉਨ੍ਹਾਂ ਨੇ ਮੁਕੇਸ਼ ਨੂੰ ਹਲਕੇ ਕਲਾਸੀਕਲ ਦਾ ਬਾਦਸ਼ਾਹ ਜਿਹੇ ਰੁਤਬੇ ਨਾਲ ਨਿਵਾਜ਼ ਦਿੱਤਾ। ਮੁਕੇਸ਼ ਦੀ ਗਾਇਕੀ ਕੇ. ਐਲ. ਸਹਿਗਲ ਤੋਂ ਕਾਫੀ ਪ੍ਰਭਾਵਿਤ ਰਹੀ। ਇਸੇ ਦੌਰਾਨ ਪ੍ਰਸਿੱਧ ਸੰਗੀਤਕਾਰ ਨੌਸ਼ਾਦ ਅਲੀ ਨੇ ਉਨ੍ਹਾਂ ਦੇ ਹੁਨਰ ਨੂੰ ਭਾਂਪ ਲਿਆ ਸੀ। ਨੌਸ਼ਾਦ ਅਲੀ ਨਾਲ ਮਿਲ ਕੇ ਉਨ੍ਹਾਂ ਨੇ ਅੰਦਾਜ਼ ਫਿਲਮ ਦੇ ਗੀਤ ਗਾਏ ਜੋ ਅਦਾਕਾਰ ਦਲੀਪ ਕੁਮਾਰ ’ਤੇ ਫਿਲਮਾਏ ਗਏ ਸਨ। ਹੋਰਾਂ ਨਾਲੋਂ ਜਿਆਦਾ ਉਨ੍ਹਾਂ ਦੀ ਅਵਾਜ਼ ਅਭਿਨੇਤਾ ਰਾਜ ਕਪੂਰ ਲਈ ਪੂਰੀ ਤਰ੍ਹਾਂ ਢੁੱਕਵੀਂ ਸੀ ਜੋ ਬਾਅਦ ’ਚ ਉਨ੍ਹਾਂ ਦੀ ਅਵਾਜ਼ ਬਣ ਗਈ। ਮੁਕੇਸ਼ ਰਾਜ ਕਪੂਰ ਦੀ ਪਹਿਲੀ ਪਸੰਦ ਬਣ ਗਿਆ ਸੀ ਅਤੇ ਉਸ ਦੀ ਹਰ ਫਿਲਮ ’ਚ ਉਸ ਕੋਲੋਂ ਗੀਤ ਗਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।

ਮੁਕੇਸ਼ ਦੀ ਅਵਾਜ਼ ਇੰਨੀ ਦਮਦਾਰ ਸੀ ਕਿ ਕੋਈ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਉਨ੍ਹਾਂ ਦੁਆਰਾ ਗਾਏ ਯਾਦਗਰੀ ਗੀਤਾਂ ਦੀ ਸੂਚੀ ਬੜੀ ਲੰਮੀ ਹੈ। ਪੱਥਰ ਕੇ ਸਨਮ, ਦੂਰ ਕਹੀਂ ਜਬ ਦਿਨ ਢਲ ਜਾਏ, ਜਾਨੇ ਕਹਾਂ ਗਏ ਵੋਹ ਦਿਨ, ਤੌਬਾ ਯੇਹ ਮਤਵਾਲੀ ਚਾਲ, ਆਦਿ ਗੀਤ ਮੁਕੇਸ਼ ਦੀ ਅਵਾਜ਼ ਨਾਲ ਸਦਾ ਲਈ ਅਮਰ ਹੋ ਗਏ। ਮੁਕੇਸ਼ ਨੇ ਲਗਭਗ 1300 ਗੀਤਾਂ ਨੂੰ ਆਪਣੀ ਮਨਮੋਹਕ ਅਵਾਜ਼ ਨਾਲ ਨਿਵਾਜ਼ ਕੇ ਸਦਾ ਲਈ ਅਮਰ ਕੀਤਾ ਹੈ। ਉਸਦੇ ਸਮਕਾਲੀ ਗਾਇਕਾਂ ਦੇ ਮੁਕਾਬਲੇ ਇਹ ਗਿਣਤੀ ਭਾਵੇਂ ਥੋੜ੍ਹੀ ਪ੍ਰਤੀਤ ਹੁੰਦੀ ਹੈ ਪਰ ਉਹ ਗਿਣਤੀ ਨਾਲੋਂ ਗੁਣਵੱਤਾ ਨੂੰ ਹਮੇਸ਼ਾ ਪਹਿਲ ਦਿੰਦੇ ਰਹੇ। ਸੱਤਰ ਦੇ ਦਹਾਕੇ ਦੌਰਾਨ ਉਨ੍ਹਾਂ ਨੇ ਸਭ ਤੋਂ ਘੱਟ ਗੀਤ ਗਾਏ ਜਿਸਦਾ ਮੁੱਖ ਕਾਰਨ ਸੀ ਉਨ੍ਹਾਂ ਦੀ ਵਿਗੜਦੀ ਸਿਹਤ ਅਤੇ ਪਿੱਠਵਰਤੀ ਗਾਇਕ ਕਿਸ਼ੋਰ ਕੁਮਾਰ ਦੀ ਗਾਇਕੀ ਦਾ ਆਗਾਜ਼।

ਉਨ੍ਹਾਂ ਦੀ ਬਾਕਮਾਲ ਗਾਇਕੀ ਕਾਰਨ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਮਿਲੇ। ਉਨ੍ਹਾਂ ’ਚੋਂ ਕੁਝ ਕੁ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਬੰਗਾਲ ਫਿਲਮ ਜਰਨਲਿਸਟ ਐਸੋਸੀਏਸ਼ਨ ਦੁਆਰਾ ਉਨ੍ਹਾਂ ਨੂੰ ਤਿੰਨ ਵਾਰ ਉੱਤਮ ਪਿੱਠਵਰਤੀ ਗਾਇਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਨ 1974 ਵਿੱਚ ਉਨ੍ਹਾਂ ਨੂੰ ਉੱਤਮ ਪਿੱਠਵਰਤੀ ਮਰਦ ਗਾਇਕ ਕੌਮੀ ਫਿਲ਼ਮ ਸਨਮਾਨ ਨਾਲ ਨਿਵਾਜ਼ਿਆ ਗਿਆ ਸੀ। ਇਹ ਸਨਮਾਨ ਉਨ੍ਹਾਂ ਨੂੰ ਫਿਲਮ ਰਜਨੀਗੰਧਾ ਦੇ ਗੀਤ ‘ਕਈ ਬਾਰ ਯੂੰਹੀ ਦੇਖਾ’ ਲਈ ਦਿੱਤਾ ਗਿਆ ਸੀ। ਇਸ ਤੋਂ ਬਿਨਾਂ ਉਨ੍ਹਾਂ ਨੂੰ ਫਿਲਮ ਫੇਅਰ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

27 ਅਗਸਤ 1976 ਨੂੰ ਉਨ੍ਹਾਂ ਦਾ ਸੰਗੀਤਕ ਪ੍ਰੋਗਰਾਮ ਅਮਰੀਕਾ ਦੇ ਸ਼ਹਿਰ ਮਿਸ਼ੀਗਨ ਵਿੱਚ ਸੀ, ਮਹਾਨ ਗਾਇਕਾ ਲਤਾ ਮੰਗੇਸ਼ਕਰ ਵੀ ਉਨ੍ਹਾਂ ਦੇ ਨਾਲ ਸਨ। ਸਵੇਰੇ ਉਹ ਜਲਦੀ ਉੱਠੇ ਅਤੇ ਸ਼ੋਅ ਲਈ ਤਿਆਰ ਹੋਏ ਪਰ ਉਨ੍ਹਾਂ ਨੂੰ ਇਹ ਗੱਲ ਯਾਦ ਚੇਤੇ ਵੀ ਨਹੀਂ ਸੀ ਕਿ ਅੱਜ ਉਹ ਆਪਣੇ ਸਰੋਤਿਆਂ ਦੇ ਰੂਬਰੂ ਨਹੀਂ ਹੋ ਸਕਣਗੇ ਬਲਕਿ ਸਦਾ ਲਈ ਉਨ੍ਹਾਂ ਤੋਂ ਦੂਰ ਚਲੇ ਜਾਣਗੇ। ਸ਼ੋਅ ਲਈ ਜਾਂਦੇ ਸਮੇਂ ਉਨ੍ਹਾਂ ਨੂੰ ਛਾਤੀ ’ਚ ਦਰਦ ਹੋਇਆ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸਨ। ਜਦ ਇਹ ਮੰਦਭਾਗੀ ਖਬਰ ਅਭਿਨੇਤਾ ਰਾਜ ਕਪੂਰ ਨੇ ਸੁਣੀ ਤਾਂ ਉਹ ਆਪ-ਮੁਹਾਰੇ ਹੀ ਬੋਲ ਉੱਠੇ ‘ਅੱਜ ਮੈਂ ਆਪਣੀ ਅਵਾਜ਼ ਖੋ ਦਿੱਤੀ ਹੈ’। ਚਾਹੇ ਮੁਕੇਸ਼ ਨੂੰ ਸਾਡੇ ਤੋਂ ਵਿੱਛੜੇ ਕਈ ਦਹਾਕੇ ਹੋਣ ਵਾਲੇ ਹਨ ਪਰ ਉਨ੍ਹਾਂ ਦੀ ਦਮਦਾਰ ਅਵਾਜ਼ ਅੱੱਜ ਵੀ ਲੋਕਾਂ ਦੇ ਦਿਲ ’ਤੇ ਰਾਜ ਕਰਦੀ ਹੈ ਅਤੇ ਪਿੱਠਵਰਤੀ ਗਾਇਕੀ ਦੇ ਖੇਤਰ ’ਚ ਉਨ੍ਹਾਂ ਦਾ ਨਾਂਅ ਧਰੂ ਤਾਰੇ ਵਾਂਗ ਸਦਾ ਚਮਕਦਾ ਰਹੇਗਾ।

ਡਾ. ਗੁਰਤੇਜ ਸਿੰਘ, ਚੱਕ ਬਖਤੂ ਬਠਿੰਡਾ
ਮੋ. 94641-72783

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।