‘ਬਾਬਾ ਬੋਹੜ’ ਬਾਦਲ ਨੇ ਕੀਤੀ ਵਾਪਸੀ, ਬਚਾਉਣਗੇ ਆਪਣਾ ਕੋਰ ਵੋਟਰ

ਚੰਡੀਗੜ੍ਹ, (ਸੱਚ ਕਹੂੰ ਨਿਊਜ਼) । ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋਹੜ ਦੇ ਰੂਪ ਵਿੱਚ ਪਹਿਚਾਣ ਬਣਾ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਤੋਂ ਸਰਗਰਮ ਸਿਆਸਤ ਵਿੱਚ ਵਾਪਸੀ ਕਰਦੇ ਹੋਏ ਨਾ ਸਿਰਫ਼ ਕਾਂਗਰਸ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ, ਸਗੋਂ ਆਪਣੇ ਕੋਰ ਵੋਟਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ ਹੈ।

ਸ੍ਰ. ਬਾਦਲ ਪਿਛਲੇ 16 ਮਹੀਨਿਆਂ ਤੋਂ ਪੰਜਾਬ ਦੀ ਸਰਗਰਮ ਸਿਆਸਤ ਤੋਂ ਬਾਹਰ ਚੱਲ ਰਹੇ ਸਨ ਅਤੇ ਉਨ੍ਹਾਂ ਵੱਲੋਂ ਇਸ ਸਮੇਂ ਦੌਰਾਨ ਨਾ ਹੀ ਕੋਈ ਰੈਲੀ ਵਿੱਚ ਭਾਗ ਲਿਆ ਤੇ ਨਾ ਹੀ ਸਰਗਰਮ ਸਿਆਸਤ ਵਿੱਚ ਰਹਿੰਦੇ ਹੋਏ ਵੱਡੇ ਐਲਾਨ ਕੀਤੇ ਸਨ। ਪਰਕਾਸ਼ ਸਿੰਘ ਬਾਦਲ ਬੀਤੇ ਵਿਧਾਨ ਸਭਾ ਸੈਸ਼ਨ ਵਿੱਚ ਬਿਮਾਰ ਹੋਣ ਕਾਰਨ ਭਾਗ ਨਹੀਂ ਲੈ ਸਕੇ ਸਨ ਪਰ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀਆਂ ਵੱਲੋਂ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ‘ਤੇ ਵੱਡੇ ਹਮਲੇ ਤੇ ਬੇਅਦਬੀ ਦੇ ਦੋਸ਼ ਲਗਾਉਣ ਤੋਂ ਬਾਅਦ ਬਾਦਲ ਨੇ ਵਾਪਸੀ ਕਰ ਲਈ ਹੈ।

ਪਰਕਾਸ਼ ਸਿੰਘ ਬਾਦਲ ਦੀ ਵਾਪਸੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਆਪਣੇ ਕੋਰ ਵੋਟਰ ਨੂੰ ਬਚਾਉਣ ਦੀ ਆਸ ਵੀ ਬੱਝ ਗਈ ਹੈ, ਜਿਸ ਕਾਰਨ ਹੁਣ ਪਰਕਾਸ਼ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਕੋਰ ਵੋਟਰ ਨੂੰ ਬਚਾਉਣ ਲਈ ਮੋਰਚਾ ਸੰਭਾਲ ਲਿਆ ਹੈ। ਪਿਛਲੀ ਕਈ ਰੈਲੀਆਂ ਤੋਂ ਗੈਰ ਹਾਜ਼ਰ ਰਹਿਣ ਵਾਲੇ ਪਰਕਾਸ਼ ਸਿੰਘ ਬਾਦਲ ਨੇ ਅਚਾਨਕ ਅਬੋਹਰ ਵਿਖੇ ਹੋਈ ਰੈਲੀ ਵਿੱਚ ਨਾ ਸਿਰਫ਼ ਭਾਗ ਲਿਆ, ਸਗੋਂ ਕਾਂਗਰਸ ਸਣੇ ਸੁਨੀਲ ਜਾਖੜ ਨੂੰ ਵੱਡੇ ਪੱਧਰ ‘ਤੇ ਰਗੜੇ ਤੱਕ ਲਗਾਏ। ਪਰਕਾਸ਼ ਸਿੰਘ ਬਾਦਲ ਦੀ ਵਾਪਸੀ ਤੋਂ ਬਾਅਦ ਪਾਰਟੀ ਦੇ ਕੁਝ ਅਕਾਲੀ ਆਗੂਆਂ ਵੱਲੋਂ ਆਪਣੀ ਹੀ ਪਾਰਟੀ ਖਿਲਾਫ਼ ਸ਼ਬਦੀ ਤੀਰ ਦੇ ਛੱਡਣ ਦੀ ਮੁਹਿੰਮ ਨੂੰ ਵੀ ਠੱਲ੍ਹ ਪੈ ਸਕਦੀ ਹੈ, ਕਿਉਂਕਿ ਕੁਝ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਸੁਖਬੀਰ ਬਾਦਲ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ।

ਜਿਕਰਯੋਗ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਪੁਲਿਸ ਦੀ ਭੂਮਿਕਾ ਤੇ ਵਿਧਾਨ ਸਭਾ ‘ਚ ਅਕਾਲੀ ਦਲ ਵੱਲੋਂ ਵਾਕ ਆਊਟ ਬਾਰੇ ਕੁਝ ਅਕਾਲੀ ਆਗੂਆਂ ਨੇ ਹੀ ਪਾਰਟੀ ਖਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਸੀ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਅਵਤਾਰ ਸਿੰਘ ਮੱਕੜ ਨੇ ਪੁਲਿਸ ਵੱਲੋਂ ਗੋਲੀ ਚਲਾਉਣ ਦੇ ਮਾਮਲੇ ‘ਚ ਤੇ ਵਾਕ ਆਊਟ ਸਬੰਧੀ ਸੁਖਬੀਰ ਬਾਦਲ ‘ਤੇ ਉਂਗਲ ਚੁੱਕੀ ਸੀ ਸਾਬਕਾ ਅਕਾਲੀ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਿਹਾ ਸੀ ਕਿ ਅਕਾਲੀ ਦਲ ਨੂੰ ਵਾਕਆਊਟ ਨਹੀਂ ਕਰਨਾ ਚਾਹੀਦਾ।