ਕੋਰੋਨਾ ਮੁਕਤੀ ਲਈ ਜਾਗਰੂਕਤਾ ਜਾਂ ਜ਼ੁਰਮਾਨਾ!

ਕੋਰੋਨਾ ਮੁਕਤੀ ਲਈ ਜਾਗਰੂਕਤਾ ਜਾਂ ਜ਼ੁਰਮਾਨਾ!

ਚੀਨ ਤੋਂ ਸ਼ੁਰੂ ਹੋਇਆ ਇਹ ਕੋਰੋਨਾ ਵਾਇਰਸ ਸਾਡੇ ਪਿੰਡਾਂ ਤੱਕ ਪਹੁੰਚਿਆ ਤੇ ਨਿੱਤ-ਦਿਨ ਮੁੜ ਪਾਜ਼ੀਟਿਵ ਕੇਸਾਂ ਦੀ ਵਧ ਰਹੀ ਗਣਤੀ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਸਰਕਾਰਾਂ, ਸਿਹਤ ਵਿਭਾਗ ਅਤੇ ਮੈਡੀਕਲ ਸੰਸਥਾਵਾਂ ਦਿਨ-ਰਾਤ ਇੱਕ ਕਰ ਰਹੀਆਂ ਹਨ। ਇਸ ਭਿਆਨਕ ਬਿਮਾਰੀ ਦੇ ਇਲਾਜ ਲਈ ਭਾਵੇਂ ਵੈਕਸੀਨ ਤਿਆਰ ਹੋਣ ਦਾ ਵਿਗਿਆਨੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਾਲ ਦੀ ਘੜੀ ਜਾਗਰੂਕ ਹੋਣ ਦਾ ਸੁਨੇਹਾ ਹਰ ਪਾਸੇ ਗੂੰਜਦਾ ਸੁਣਾਈ ਦੇ ਰਿਹਾ ਹੈ ਛੋਟੀ ਜਿਹੀ ਲਾਪਰਵਾਹੀ ਵੀ ਪੈ ਸਕਦੀ ਹੈ ਭਾਰੀ, ਲੋੜ ਹੈ ਸੁਚੇਤ ਹੋਣ ਦੀ।

ਜਿੱਥੇ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਦੁਆਰਾ ਜਾਰੀ ਹਦਾਇਤਾਂ ‘ਤੇ ਪਹਿਰਾ ਦੇਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ, ਉੱਥੇ ਬਿਨਾ ਡਰ ਤੋਂ ਸ਼ੱਕ ਦੂਰ ਕਰਨ ਲਈ ਲੋਕਾਂ ਨੂੰ ਕੋਰੋਨਾ ਸੈਂਪਲਿੰਗ ਕਰਵਾਉਣ ਲਈ ਟੈਸਟ ਪ੍ਰਕਿਰਿਆ ਦੀ ਸਹੀ ਜਾਣਕਾਰੀ ਅਤੇ ਅਫਵਾਹਾਂ ਤੋਂ ਦੂਰ ਰਹਿਣ ਲਈ ਸਿੱਖਿਅਕ ਵੀ ਕੀਤਾ ਜਾ ਰਿਹਾ ਹੈ।

ਕੋਵਿਡ-19 ਦੀ ਜੰਗ ਵਿੱਚ ਉੱਤਰੇ ਕੋਰੋਨਾ ਯੋਧੇ ਮੈਡੀਕਲ, ਪੈਰਾ-ਮੈਡੀਕਲ, ਪੁਲਿਸ ਸਟਾਫ, ਪੱਤਰਕਾਰ ਭਾਈਚਾਰਾ ਤੇ ਸਫਾਈ-ਸੇਵਕ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਹਿਨਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਹਦਾਇਤਾਂ ਦੇ ਕੇ ਸਾਵਧਾਨੀਆਂ ਲਈ ਪ੍ਰੇਰਿਤ ਕਰ ਰਹੇ ਹਨ, ਕਿਉਂਕਿ ਦੇਖਿਆ ਜਾਵੇ ਤਾਂ ਕਈ ਦੇਸ਼ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਸੈਂਪਲਿੰਗ ਸਮਰੱਥਾ ਵਿੱਚ ਵਾਧਾ ਕਰਕੇ ਅਤੇ ਨਿਯਮਾਂ ‘ਚ ਰਹਿ ਕੇ ਇਸ ਕੋਰੋਨਾ ਵਾਇਰਸ ‘ਤੇ ਕਾਫੀ ਹੱਦ ਤੱਕ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਪਰ ਇਸ ਕਹਿਰ ਦੇ ਚੱਲਦਿਆਂ ਅਜੇ ਵੀ ਜਿਆਦਾ ਗਿਣਤੀ ਅਜੇ ਲੋਕਾਂ ਦੀ ਹੈ ਜੋ ਇਨ੍ਹਾਂ ਜਾਗਰੂਕਤਾ ਸਰਗਰਮੀਆਂ ਨੂੰ ਫਜ਼ੂਲ ਸਮਝ ਮਨ-ਮਰਜੀਆਂ ਕਰਦੇ ਨਜ਼ਰ ਆ ਰਹੇ ਹਨ, ਇਨ੍ਹਾਂ ਲਾਪਰਵਾਹੀਆਂ ਦੇ ਸਿੱਟੇ ਵੱਜੋਂ ਕੀਤੀ ਜਾ ਰਹੀ ਮਿਹਨਤ ਤੇ ਮੁਸ਼ੱਕਤ ‘ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ, ਇਸ ਵਾਇਰਸ ਦੇ ਮੁੜ ਫੈਲਣ ਦਾ ਖਦਸ਼ਾ ਪੈਦਾ ਹੋ ਰਿਹਾ ਹੈ। ਜੁਰਮਾਨੇ ਜਾਂ ਚਲਾਣ ਤੋਂ ਬਚਣ ਲਈ ਚੁਰਸਤੇ ਜਾਂ ਦਫਤਰਾਂ ਵਿੱਚ ਐਂਟਰੀ ਮੌਕੇ ਹੀ ਇਕੱਲਾ ਮੂੰਹ ਢੱਕਣਾ ਜਾਂ ਦਿਖਾਵੇ ਲਈ ਗਰਦਣ ਵਿੱਚ ਕੱਪੜਾ ਲਟਕਾਉਣਾ ਆਪਣੇ-ਆਪ ਨਾਲ ਕਿਸੇ ਧੋਖੇ ਤੋਂ ਘੱਟ ਨਹੀਂ।

ਜੇ ਤੁਸੀਂ ਸੋਚਦੇ ਹੋ ਕਿ ਇਹ ਜੁਰਮਾਨੇ ਸਰਕਾਰੀ ਖਜ਼ਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਹਨ ਤਾਂ ਤੁਸੀਂ ਗਲਤ ਸੋਚ ਰਹੇ ਹੋ ਇਹ ਤਾਂ ਸਾਨੂੰ ਅਨੁਸ਼ਾਸਿਤ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਇਸ਼ਾਰਾ ਹੈ-ਇੱਕ ਢੰਗ ਹੈ, ਲੋੜ ਹੈ ਜਾਗਰੂਕ ਹੋਣ ਦੀ, ਨਾ ਕਿ ਦਿਖਾਵਾ ਕਰਨ ਦੀ ਤਾਂ ਜੋ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਹੋ ਸਕੇ ਇਸ ਮਹਾਂਮਾਰੀ ਵਿੱਚ ਅਫਵਾਹਾਂ ਦੇ ਦੌਰ ‘ਚੋਂ ਬਾਹਰ ਨਿੱਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ ਤੇ ਇੱਕ ਜਿੰਮੇਵਾਰ ਨਾਗਰਿਕ ਵੱਜੋਂ ਕੋਰੋਨਾ ਮੁਕਤੀ ‘ਚ ਯੋਗਦਾਨ ਪਾਓ। ਕੋਰੋਨਾ ਸਬੰਧੀ ਸਹੀ ਜਾਣਕਾਰੀ ਹਾਸਲ ਕਰਨ ਲਈ ਸਿਰਫ ਸਰਕਾਰ ਦੁਆਰਾ ਜਾਰੀ ਹੈਲਪਲਾਈਨ ਨੰਬਰ, ਮੋਬਾਇਲ ਐਪਲੀਕੇਸ਼ਨਜ਼ ਜਾਂ ਵੈਬਸਾਈਟ ਹੀ ਪ੍ਰਯੋਗ ਵਿਚ ਲਿਆਓ।
ਮੀਡੀਆ ਇੰਚਾਰਜ ਕੋਵਿਡ-19
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ ਮੋ. 98146-56257
ਡਾ. ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.