ਕਾਂਗਰਸ, ਅਕਾਲੀ ਦਲ ਧੜਿਆਂ ’ਚ ਵੰਡੇ, ‘ਆਪ’ ਵੀ ਹਲਕੇ ਲਈ ਨਹੀਂ ਕਰ ਸਕੀ ਕੁਝ ਖ਼ਾਸ
- ਪਾਰਟੀਆਂ ਦੇ ਅੰਦਰੂਨੀ ਕਲੇਸ਼ ਕਾਰਨ ਕਿਸੇ ਨੂੰ ਕਮਜ਼ੋਰ ਜਾਂ ਮਜ਼ਬੂਤ ਨਹੀਂ ਮੰਨਿਆ ਜਾ ਸਕਦਾ
ਪਰਵੀਨ ਗਰਗ, ਦਿੜ੍ਹਬਾ ਮੰਡੀ। ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਵਿਧਾਨ ਸਭਾ ਹਲਕਾ ਦਿੜ੍ਹਬਾ (ਰਿਜ਼ਰਵ) ਦੀ ਗੱਲ ਕਰੀਏ ਤਾਂ ਇੱਥੇ ਹਾਲਾਤ ਫਿਲਹਾਲ ਕਿਸੇ ਵੀ ਪਾਰਟੀ ਲਈ ਸਾਜ਼ਗਾਰ ਨਹੀਂ ਬਣੇ ਹੋਏ ਕਿਉਂਕਿ ਸਾਰੀਆਂ ਪਾਰਟੀਆਂ ਆਪਸ ਵਿੱਚ ਪਾਟੋਧਾੜ ਤੇ ਧੜੇਬੰਦੀਆਂ ’ਚ ਵੰਡੀਆਂ ਨਜ਼ਰ ਆ ਰਹੀਆਂ ਹਨ ਪਾਰਟੀਆਂ ਦੇ ਅੰਦਰੂਨੀ ਕਲੇਸ਼ ਕਾਰਨ ਇੱਕ ਨੂੰ ਮਜ਼ਬੂਤ ਜਾਂ ਕਿਸੇ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ।
ਜੇਕਰ ਪਿਛਲੇ ਵਿਧਾਨ ਸਭਾ ਚੋਣ ਨਤੀਜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਤਿੰਨੇ ਮੁੱਖ ਪਾਰਟੀਆਂ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਫਸਵੇਂ ਮੁਕਾਬਲੇ ’ਚੋਂ ਆਮ ਆਦਮੀ ਪਾਰਟੀ ਟਿਕਟ ਕੱਢਣ ਵਿਚ ਕਾਮਯਾਬ ਹੋ ਗਈ ਸੀ ਜਿਸ ਦੌਰਾਨ ਆਪ ਦੇ ਹਰਪਾਲ ਚੀਮਾ ਨੂੰ 46434 ਵੋਟਾਂ ਕਾਂਗਰਸ ਦੇ ਅਜਾਇਬ ਸਿੰਘ ਰਟੌਲ ਨੂੰ 44789, ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਨੂੰ 44, 777 ਵੋਟਾਂ ਮਿਲੀਆਂ ਸਨ। ਕਾਂਗਰਸ ਦੇ ਅਜੈਬ ਸਿੰਘ ਨੂੰ ਛੱਡ ਕੇ ਦੋਵਾਂ ਮੁੱਖ ਪਾਰਟੀਆਂ ਦੇ ਉਮੀਦਵਾਰ ਨਵੇਂ ਤੇ ਹਲਕੇ ਤੋਂ ਬਾਹਰਲੇ ਸਨ।
ਜੇਕਰ ਮੌਜ਼ੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਸੱਤਾਧਾਰੀ ਕਾਂਗਰਸ ਪਾਰਟੀ ’ਚ ਧੜੇਬੰਦੀ ਪਹਿਲਾਂ ਵਾਂਗ ਹੀ ਬਰਕਰਾਰ ਹੈ ਪਿਛਲੀਆਂ ਦੋ ਚੋਣਾਂ ਦੌਰਾਨ ਵਿਧਾਨ ਸਭਾ ਦੀਆਂ ਪੌੜੀਆਂ ਤੋਂ ਤਿਲ੍ਹਕੇ ਕਾਂਗਰਸ ਦੇ ਉਮੀਦਵਾਰ ਮਾਸਟਰ ਅਜਾਇਬ ਸਿੰਘ ਰਟੋਲ ਸੇਵਾਮੁਕਤ ਅਧਿਆਪਕ ਹਨ ਤੇ ਇਸ ਵਾਰ ਵੀ ਕਾਂਗਰਸ ਦੇ ਮੁੱਖ ਸਿਪਹਸਲਾਰ ਵਜੋਂ ਹਲਕੇ ਵਿੱਚ ਵਿਚਰ ਰਹੇ ਹਨ। 2017 ਦੀਆਂ ਚੋਣਾਂ ਦੌਰਾਨ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੇ ਰਟੋਲ ਨੂੰ ਹਾਰਨ ਤੋਂ ਕੁਝ ਸਮੇਂ ਬਾਅਦ ਹੀ ਦੁਬਾਰਾ ਸੁਰਜੀਤ ਸਿੰਘ ਧੀਮਾਨ ਦੀ ਸ਼ਰਨ ਵਿੱਚ ਜਾਣਾ ਪਿਆ ਕਿਉਂਕਿ ਧੀਮਾਨ ਹਲਕਾ ਦਿੜਬਾ ਤੋਂ ਦੋ ਵਾਰ ਐਮਐਲਏ ਚੁਣੇ ਜਾ ਚੁੱਕੇ ਹਨ ਹਾਲਾਂਕਿ 2012 ਵਿੱਚ ਅਜਾਇਬ ਸਿੰਘ ਰਟੌਲ ਨੂੰ ਕਾਂਗਰਸ ਪਾਰਟੀ ਵੱਲੋਂ ਸੁਰਜੀਤ ਸਿੰਘ ਧੀਮਾਨ ਦੀ ਸਿਫਾਰਸ਼ ’ਤੇ ਹੀ ਟਿਕਟ ਮਿਲੀ ਸੀ।
ਧੀਮਾਨ ਵੱਲੋਂ ਅਜਾਇਬ ਰਟੌਲ ਨੂੰ ਜਿਤਾਉਣ ਲਈ ਜ਼ੋਰ ਲਾਇਆ ਗਿਆ ਸੀ ਪਰ ਉਹ ਹਾਰ ਗਏ ਸਨ। ਦਿੜ੍ਹਬਾ ਹਲਕੇ ਵਿੱਚ ਹੀ ਇਸ ਵਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਰੀਬੀ ਯੂਥ ਆਗੂ ਜਗਦੇਵ ਸਿੰਘ ਗਾਗਾ ਚਰਚਾ ਵਿੱਚ ਆਇਆ ਹੋਇਆ ਹੈ ਸਿੰਗਲਾ ਦੇ ਥਾਪੜੇ ਨਾਲ ਮਾਰਕੀਟ ਕਮੇਟੀ ਕਸਬਾ ਸੂਲਰ ਘਰਾਟ ਦ ਚੇਅਰਮੈਨ ਬਣਿਆ ਹੈ। ਜਗਦੇਵ ਸਿੰਘ ਗਾਗਾ ਵੀ ਟਿਕਟ ਲਈ ਜ਼ੋਰ ਅਜ਼ਮਾਈ ਕਰ ਸਕਦਾ ਹੈ। ਇਸ ਮੌਕੇ ਪਾਰਟੀ ਵੱਲੋਂ ਰਟੌਲ ਨੂੰ ਹਲਕਾ ਇੰਚਾਰਜ ਲਾਇਆ ਹੋਇਆ ਹੈ। ਇਸ ਵਾਰ ਵੀ ਕਾਂਗਰਸੀਆਂ ਦੀ ਧੜੇਬੰਦੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਲਿਆ ਹੈ ਪਰ ਇਸ ਵਾਰ ਫਿਰ ਅਕਾਲੀ ਉਮੀਦਵਾਰ ਦੇ ਅੱਗੇ ਬਹੁਤ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹਨ, 2017 ਵਿੱਚ ਅਕਾਲੀ ਦਲ ਦੇ ਉਮੀਦਵਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜਾਰ ਸਿੰਘ, ਹਰਪਾਲ ਚੀਮਾ ਤੋਂ 1657 ਵੋਟਾਂ ਦੇ ਫਰਕ ਨਾਲ ਤੀਜੇ ਨੰਬਰ ’ਤੇ ਰਹੇ ਸਨ । 2017 ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਸਿਰਫ਼ 2008 ਵੋਟਾਂ ਪਈਆਂ ਸਨ । ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਲਈ ਪਹਿਲੀ ਵੱਡੀ ਮੁਸ਼ਕਲ ਸੁਖਦੇਵ ਸਿੰਘ ਢੀਂਡਸਾ ਗਰੁੱਪ ਖੜ੍ਹੀ ਕਰ ਸਕਦਾ ਹੈ।
ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਇਸ ਹਲਕੇ ਵਿੱਚ ਬਹੁਤ ਆਧਾਰ ਹੈ। ਹਲਕੇ ਅੰਦਰ ਉਨ੍ਹਾਂ ਦੀਆਂ ਪੁਰਾਣੀਆਂ ਪਰਿਵਾਰਕ ਸਾਂਝਾਂ ਹਨ ਤੇ ਉਨ੍ਹਾਂ ਸਪੁੱਤਰ ਲਹਿਰਾਗਾਗਾ ਤੋਂ ਐਮਐਲਏ ਪਰਮਿੰਦਰ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਲਕੇ ਅੰਦਰ ਵਿਚਰਦੇ ਰਹਿੰਦੇ ਹਨ। ਇਸ ਕਾਰਨ ਅਕਾਲੀ ਉਮੀਦਵਾਰ ਲਈ ਵੀ ਰਾਹ ਕੋਈ ਸੌਖ਼ਾ ਨਹੀਂ ਹੈ ਦੂਜਾ ਹਲਕੇ ਅੰਦਰ ਬੀਜੇਪੀ ਦੇ ਵੋਟ ਬੈਂਕ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਬੀਜੇਪੀ ਵੱਲੋਂ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਰਣਨੀਤੀ ਘੜਨ ਦੀ ਸੰਭਾਵਨਾ ਹੈ।
ਆਮ ਆਦਮੀ ਪਾਰਟੀ ਪਿਛਲੀਆਂ ਚੋਣਾਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਹਲਕਾ ਦਿੜ੍ਹਬਾ ਤੋਂ ਜੇਤੂ ਰਹੀ ਤੇ ਪਾਰਟੀ ਨੂੰ ਹਰਪਾਲ ਸਿੰਘ ਚੀਮਾ ਦੇ ਰੂਪ ਵਿੱਚ ਇੱਕ ਦਲਿਤ ਆਗੂ ਮਿਲ ਗਿਆ ਜਿਸ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਕੇ ਉਸ ਨੇ ਸਾਰੇ ਪੰਜਾਬ ਵਿੱਚ ਦਲਿਤ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਸੀ ਪਰ ਹਰਪਾਲ ਸਿੰਘ ਚੀਮਾ ਨੇ ਵਿਧਾਇਕ ਦੇ ਰੂਪ ਵਿੱਚ ਹਲਕੇ ਵਿੱਚ ਬਿਤਾਇਆ ਘੱਟ ਸਮਾਂ ਉਸ ਲਈ ਵੱਡੀ ਮੁਸ਼ਕਲ ਬਣ ਰਿਹਾ ਹੈ ਹਲਕੇ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਗੈਰ ਹਾਜ਼ਰੀ ਰੜਕਣ ਲੱਗੀ ਹੈ ਦੂਜਾ ਉਹ ਵਿਰੋਧੀ ਧਿਰ ਦਾ ਆਗੂ ਹੋਣ ਦੇ ਬਾਵਜੂਦ ਹਲਕੇ ਦਾ ਮੂੰਹ ਮੱਥਾ ਸੰਵਾਰਨ ਵਿੱਚ ਕਾਮਯਾਬ ਨਹੀਂ ਹੋ ਸਕੇ।
ਹਲਕੇ ਲਈ ਆ ਢੁੱਕੇ ਨੇ ਨਵੇਂ ‘ਦਾਅਵੇਦਾਰ’
ਹਲਕਾ ਦਿੜ੍ਹਬਾ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ 2022 ਲਈ ਨਵੇਂ ਚਿਹਰਿਆਂ ਨੇ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ ਇਸ ਵਾਰ ਦੀ ਚੋਣ ਕੁਝ ਖ਼ਾਸ ਹੋਵੇਗੀ ਤੇ ਨਵੀਆਂ ਪ੍ਰਸਥਿਤੀਆਂ ਅਨੁਸਾਰ ਲੜੀ ਜਾਵੇਗੀ ਕਾਂਗਰਸ ’ਚ ਵੀ ਕਈ ਨਵੇਂ ਚਿਹਰੇ ਹਲਕੇ ’ਚ ਸਰਗਰਮ ਹਨ ਜਿਨ੍ਹਾਂ ਵਿੱਚੋਂ ਇੱਕ ਹੈ।
ਯੂਥ ਆਗੂ ਜਗਦੇਵ ਸਿੰਘ ਗਾਗਾ ਜਿਨ੍ਹਾਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਈ ਪਾਰਟੀਆਂ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਆਈਏਐਸ ਅਧਿਕਾਰੀ ਸੁੱਚਾ ਰਾਮ ਲੱਧੜ ਨੂੰ ਹਲਕੇ ਵਿੱਚ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਸੁੱਚਾ ਰਾਮ ਲੱਧੜ ਨੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ ਅਤੇ ਉਨ੍ਹਾਂ ਨੇ ਆਈਏਐਸ ਅਫ਼ਸਰਾਂ ਦੀ ਜਥੇਬੰਦੀ ਬਣਾ ਕੇ ਕਿਸਾਨੀ ਮਸਲਿਆਂ ਨੂੰ ਕੇਂਦਰ ਤੱਕ ਪਹੁੰਚਾਉਣ ਦਾ ਯਤਨ ਵੀ ਕੀਤਾ ਸੀ ਲੱਧੜ ਵੱਲੋਂ ਆਪਣੀ ਕਿਸਾਨ ਕਿਰਤੀ ਦੇ ਨਾਂਅ ਵਾਲੀ ਜਥੇਬੰਦੀ ਵੀ ਬਣਾ ਲਈ ਹੈ ਜਿਸ ਕਾਰਨ ਆਸ ਹੈ, ਉਹ ਦਿੜ੍ਹਬਾ ਹਲਕੇ ਤੋਂ ਮੈਦਾਨ ਵਿੱਚ ਆ ਸਕਦੇ ਹਨ ਇਸ ਤੋਂ ਇਲਾਵਾ ਇੱਕ ਪੰਜਾਬੀ ਫ਼ਿਲਮ ਅਦਾਕਾਰ ਕਰਮਜੀਤ ਅਨਮੋਲ ਨੂੰ ਦਿੜ੍ਹਬਾ ਹਲਕੇ ਵਿੱਚ ਪੈਰਾਸ਼ੂਟ ਰਾਹੀਂ ਉਤਾਰਨ ਦੀਆਂ ਵਿਉਂਤਾਂ ਬੁਣੀਆਂ ਜਾ ਰਹੀਆਂ ਹਨ ਇਸ ਵਾਰ ਸਾਰੀਆਂ ਪਾਰਟੀਆਂ ਵਿੱਚ ਵੱਡੇ ਫੇਰ ਬਦਲ ਹੋਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।