
ਇੱਕ ਕੁਇੰਟਲ ਭੁੱਕੀ ਸਮੇਤ ਤਿੰਨ ਜਣੇ ਕੀਤੇ ਕਾਬੂ | Poppy Smuggling
- ਗ੍ਰਿਫਤਾਰ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ
Poppy Smuggling: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਸੀਆਈਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਤਿੰਨ ਜਣਿਆਂ ਨੂੰ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀਆਂ ਹਦਾਇਤਾਂ ’ਤੇ ਅੱਜ ਐੱਸਪੀ (ਡੀ) ਰਾਕੇਸ਼ ਕੁਮਾਰ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਨਿਖਿਲ ਗਰਗ ਅਤੇ ਸੀਆਈਏ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਗ੍ਰਿਫਤਾਰ ਕੀਤੇ ਗਏ ਇਹਨਾਂ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ।
ਐੱਸਪੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ 20 ਅਗਸਤ ਦੀ ਰਾਤ ਨੂੰ ਸੀਆਈਏ ਸਰਹਿੰਦ ਦੀ ਟੀਮ ਨੇ ਦਾਣਾ ਮੰਡੀ ਸਰਹਿੰਦ ਵਿੱਚੋਂ ਸੰਜੀਵ ਕੁਮਾਰ ਵਾਸੀ ਪਿੰਡ ਲੱਖਾ ਸਿੰਘ ਵਾਲਾ ਥਾਣਾ ਮਮਦੋਟ ਜ਼ਿਲ੍ਹਾ ਫਿਰੋਜਪੁਰ, ਉਜਵਲ ਗੁਪਤਾ ਵਾਸੀ ਨਵੀਨ ਨਗਰ ਓਜਪੁਰਾ ਥਾਣਾ ਸਦਰ ਸਹਾਰਨਪੁਰ ਯੂਪੀ ਅਤੇ ਇੱਕ ਔਰਤ ਸਿਮਰਨ ਉਰਫ ਸੋਨੀ ਵਾਸੀ ਨੇੜੇ ਪੰਜਾਬੀ ਬਾਗ ਸਹਾਰਨਪੁਰ ਯੂਪੀ ਨੂੰ ਮੁਖਬਰੀ ਦੇ ਅਧਾਰ ’ਤੇ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਤਿੰਨਾਂ ਦੇ ਕਬਜੇ ਵਿਚਲੇ ਚਾਰ ਥੈਲਿਆਂ ਦੀ ਤਲਾਸ਼ੀ ਕਰਨ ਉਪਰੰਤ ਚਾਰੋ ਥੈਲੇ ਭੁੱਕੀ ਚੂਰਾ ਪੋਸਤ ਨਾਲ ਭਰੇ ਮਿਲੇ। ਜਿਸਦਾ ਕੁੱਲ ਵਜਨ 1 ਕੁਇੰਟਲ (100 ਕਿੱਲੋਗ੍ਰਾਮ) ਹੋਇਆ।
ਮੱਧ ਪ੍ਰਦੇਸ਼ ਤੋਂ ਭੁੱਕੀ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਦੇ ਸਨ ਸਪਲਾਈ
ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋ ਮੱਧ ਪ੍ਰਦੇਸ਼ ਤੋਂ ਸਮਗਲਿੰਗ ਕਰਕੇ ਭੁੱਕੀ ਲੈ ਕੇ ਆਉਂਦੇ ਹਨ ਜੋ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਲੁਧਿਆਣਾ ਅਤੇ ਮੋਹਾਲੀ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਕਾਫੀ ਲੰਬੇ ਅਰਸੇ ਤੋਂ ਇਹ ਧੰਦਾ ਕਰਦੇ ਆ ਰਹੇ ਹਨ ਅਤੇ ਇਹਨਾਂ ਵਿੱਚੋਂ ਕਥਿਤ ਦੋਸ਼ਣ ਸਿਮਰਨ ਉਰਫ ਸੋਨੀ ’ਤੇ ਪਹਿਲਾਂ ਵੀ ਸਾਲ 2021 ਵਿੱਚ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਭੁੱਕੀ ਦਾ ਮੁਕੱਦਮਾ ਦਰਜ ਹੈ, ਪ੍ਰੰਤੂ ਜੇਲ੍ਹ ਤੋਂ ਬਾਹਰ ਆ ਕੇ ਵੀ ਇਸ ਨੇ ਆਪਣਾ ਭੁੱਕੀ ਵੇਚਣ ਦਾ ਧੰਦਾ ਜਾਰੀ ਰੱਖਿਆ।
ਐਸਪੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੀ ਇਸ ਅੰਤਰਰਾਜੀ ਸਪਲਾਈ ਚੈਨ ਨੂੰ ਤੋੜਿਆ ਗਿਆ ਹੈ ਅਤੇ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ। Poppy Smuggling