ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਇੱਕ ਹੋਰ ਸਫ਼ਲਤਾ ਮਿਲੀ ਜਦ ਥਾਣਾ ਸਦਰ ਰਾਏਕੋਟ ਅਤੇ ਕਾਊਂਟਰ ਇੰਟੈਲੀਜੈਂਸ ਦੀ ਇੱਕ ਟੀਮ ਵੱਲੋਂ ਚਲਾਏ ਗਏ ਸਾਂਝੇ ਓਪਰੇਸ਼ਨ ਤਹਿਤ ਇੱਕ ਨਾਈਜੀਰੀਅਨ ਨਾਗਰਿਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਸਥਾਨਕ ਡੀਐੱਸਪੀ ਦਫਤਰ ‘ਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ‘ਚ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਅਤੇ ਪੁਲਿਸ ਕਪਤਾਨ (ਸਪੈਸ਼ਲ ਸੈੱਲ) ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਦੇਹਾਤੀ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੱਧਾ ਕਿੱਲੋ ਹੈਰੋਇਨ, 610 ਗ੍ਰਾਮ ਕੋਕੀਨ ਤੇ 30 ਲੱਖ ਦੀ ਨਗਦੀ ਸਮੇਤ ਖੁਸ਼ਹਾਲ ਉਰਫ਼ ਸਾਹਿਲ ਸ਼ਰਮਾ ਤੇ ਗਗਨ ਵਿੱਜ ਨੂੰ ਗ੍ਰਿਫਤਾਰ ਕੀਤਾ ਸੀ। ਕਾਬੂ ਕੀਤੇ ਗਏ ਉਕਤ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਜਦ ਪੁੱਛਗਿੱਛ ਕੀਤੀ ਗਈ ਤਾਂ ਇੱਕ ਨਾਈਜੀਰੀਅਨ ਇਬੂਕਾ ਉਕਨਕੋ ਹਾਲ ਵਾਸੀ ਦਿੱਲੀ ਤੇ ਦੀਪਨ ਗੁਪਤਾ ਵਾਸੀ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ। ਕਥਿਤ ਦੋਸ਼ੀ ਨਾਈਜੀਰੀਅਨ ਇਬੂਕਾ ਉਕਨਕੋ ਦੀ ਗ੍ਰਿਫਤਾਰੀ ਲਈ ਡੀਐੱਸਪੀ ਰਾਏਕੋਟ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਥਾਣਾ ਸਦਰ ਰਾਏਕੋਟ ਦੇ ਮੁਖੀ ਸਿਮਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦਿੱਲੀ ‘ਚ ਜਾ ਕੇ ਛਾਪੇਮਾਰੀ ਕੀਤੀ ਤੇ ਉੱਥੋਂ ਨਾਈਜੀਰੀਅਨ ਨਾਗਰਿਕ ਇਬੂਕਾ ਉਕਨਕੋ ਅਤੇ ਦੀਪਨ ਗੁਪਤਾ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਨਾਈਜੀਰੀਅਨ ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਤਿੰਨ ਸੌ ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ