ਨਸ਼ਾ ਤਸਕਰ ਦੀ ਨਿਸ਼ਾਨਦੇਹੀ ‘ਤੇ ਸਰਹੱਦ ਤੋਂ ਹੋਰ 2 ਕਿਲੋ 150 ਗ੍ਰਾਮ ਹੈਰੋਇਨ ਬਰਾਮਦ

ਤਸਕਰ ਨੂੰ ਦੋ ਦਿਨ ਪਹਿਲਾ ਕਾਬੂ ਕਰਕੇ ਸਰਹੱਦ ਤੋਂ ਬਰਾਮਦ ਕੀਤੀ ਗਈ ਸੀ 9 ਕਿਲੋ ਹੈਰੋਇਨ

ਫਿਰੋਜ਼ਪੁਰ,(ਸਤਪਾਲ ਥਿੰਦ)। ਬੀਤੀ 14 ਅਕਤੂਬਰ ਨੂੰ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਵੱਲੋਂ ਕਾਬੂ ਕੀਤੇ ਇੱਕ ਕਥਿਤ ਨਸ਼ਾ ਤਸਕਰ ਤੋਂ ਪੁੱਛ ਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ‘ਤੇ 2 ਕਿਲੋ 150 ਗ੍ਰਾਮ ਹੋਰ ਹੈਰੋਇਨ ਕੌਮਾਂਤਰੀ ਸਰਹੱਦ ਤੋਂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ । ਦੱਸ ਦੇਈਏ ਕਿ ਇਸ ਤੋਂ ਦੋ ਦਿਨ ਪਹਿਲਾਂ ਹੀ ਉਕਤ ਨਸ਼ਾ ਤਸਕਰ ਦੀ ਨਿਸ਼ਾਨਦੇਹੀ ‘ਤੇ ਕੌਮਾਂਤਰੀ ਸਰਹੱਦ ਤੋਂ 9 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸ ਮਗਰੋਂ ਪੁਲਿਸ ਵੱਲੋਂ ਉਕਤ ਤਸਕਰ ਤੋਂ ਪੁੱਛਗਿੱਛ ਜਾਰੀ ਸੀ, ਜਿਸ ਦੌਰਾਨ ਫਿਰ ਤੋਂ ਸਫਲਤਾ ਹਾਸਲ ਹੋਈ ਹੈ।

ਇਸ ਸਬੰਧੀ ਐੱਸਪੀ (ਡੀ) ਮੁਖਤਿਆਰ ਰਾਏ ਨੇ ਦੱਸਿਆ ਕਿ ਚਲਾਏ ਗਏ ਸਪੈਸ਼ਲ ਅਪਰੇਸ਼ਨ ਦੌਰਾਨ 14 ਅਕਤੂਬਰ ਨੂੰ ਇੰਸਪੈਕਟਰ ਬਲਵੰਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਫਿਰੋਜ਼ਪੁਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਖ਼ਬਰੀ ਦੀ ਇਤਲਾਹ ‘ਤੇ ਕ੍ਰਿਸ਼ਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਲਾਲੂ ਵਾਲਾ ਨੂੰ ਕਾਬੂ ਕਰਕੇ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ‘ਤੇ ਭਾਰਤ-ਪਾਕਿ ਸਰਹੱਦੀ ਬੀ.ਉ.ਪੀ. ਲੱਖਾ ਸਿੰਘ ਵਾਲਾ ਵਿਚੋਂ ਕਰੀਬ 09 ਕਿਲੋ ਹੈਰੋਇਨ ਬਰਾਮਦ ਕਰਦਿਆ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਉਕਤ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਸੀ,

ਜਿਸ ਦੌਰਾਨ ਕ੍ਰਿਸ਼ਨ ਸਿੰਘ ਨੇ ਪਾਕਿਸਤਾਨ ਸਮੱਗਲਰਾਂ ਤੋਂ ਹੈਰੋਇਨ ਮੰਗਵਾਉਣ ਸਬੰਧੀ ਫਿਰ ਇਕਬਾਲ ਕੀਤਾ ਅਤੇ ਉਸਦੀ ਨਿਸ਼ਾਨਦੇਹੀ ‘ਤੇ ਇੰਸਪੈਕਟਰ ਬਲਵੰਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਫਿਰੋਜਪੁਰ ਨੇ ਏਐਸਆਈ ਰਜਿੰਦਰ ਪਾਲ, ਏ.ਐਸ.ਆਈ. ਰਜ਼ੇਸ ਕੁਮਾਰ ਤੇ ਹੋਰ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਫਿਰੋਜਪੁਰ ਜ਼ੇਰ ਨਿਗਰਾਨੀ  ਰਵਿੰਦਰਪਾਲ ਸਿੰਘ ਢਿੱਲੋਂ ਡੀਐੱਸਪੀ (ਡੀ) ਫਿਰੋਜਪੁਰ ਦੀ ਹਾਜ਼ਰੀ ਵਿੱਚ ਤਰਨਤਾਰਨ ‘ਚ ਪੈਂਦੀ ਬੀ.ਓ.ਪੀ. ਰਾਜੋ ਕੇ ਦੇ ਗੇਟ ਨੰਬਰ 143/ਐਮ ਦੇ ਨਜ਼ਦੀਕ ਇੱਕ ਕਿਸਾਨ ਦੇ ਖੇਤ ਵਿੱਚ ਲੁਕਾ ਛਿਪਾ ਕੇ ਰੱਖੀ ਹੋਈ ਸੀ, 2 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ 10 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਸ ਤਰ੍ਹਾਂ ਹੁਣ ਤੱਕ ਉਕਤ ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਸਰਹੱਦ ਤੋਂ ਕੁੱਲ 11 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ, ਜਿਸ ਦੀ ਕੀਮਤ 55 ਕਰੋੜ 75 ਲੱਖ ਰੁਪਏ ਬਣਦੀ ਹੈ। ਐੱਸਪੀ (ਡੀ) ਵੱਲੋਂ ਦੱਸਿਆ ਗਿਆ ਕਿ ਉਕਤ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਨਾਲ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ ਅਤੇ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਕਈ ਅਹਿਮ ਸੁਰਾਗ ਮਿਲ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.