ਵਿਧਾਇਕਾਂ ਵੱਲੋਂ ਲਾਏ ਗਏ ਦੋਸ਼ਾਂ ਦੇ ਦਿੱਤੇ ਗਏ ਅਮਰਿੰਦਰ ਸਿੰਘ ਵੱਲੋਂ ਜੁਆਬ
- ਤਿੰਨ ਮੈਂਬਰੀ ਕਮੇਟੀ ਨੇ ਪੁੱਛੇ ਦਰਜਨਾਂ ਸੁਆਲ ਤਾਂ ਅਮਰਿੰਦਰ ਸਿੰਘ ਨੇ ਹਰ ਸੁਆਲ ਦਾ ਦਿੱਤਾ ਜੁਆਬ
ਅਸ਼ਵਨੀ ਚਾਵਲਾ, ਚੰਡੀਗੜ । ਪੰਜਾਬ ਦੇ 5 ਦਰਜਨ ਦੇ ਕਰੀਬ ਵਿਧਾਇਕਾਂ ਅਤੇ ਡੇਢ ਦਰਜਨ ਮੰਤਰੀਆਂ ਤੋਂ ਬਾਅਦ ਕਾਂਗਰਸ ਹਾਈ ਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅੱਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੇਸ਼ ਹੋਏ ਅਤੇ ਲਗਾਤਾਰ ਤਿੰਨ ਘੰਟੇ ਤੱਕ ਅਮਰਿੰਦਰ ਸਿੰਘ ਨੂੰ ਆਪਣੀ ਸਫ਼ਾਈ ਵੀ ਪੇਸ਼ ਕਰਨੀ ਪਈ। ਇਸ ਤਿੰਨ ਘੰਟੇ ਦੌਰਾਨ ਅਮਰਿੰਦਰ ਸਿੰਘ ਤੋਂ ਦਰਜਨ ਭਰ ਤੋਂ ਜਿਆਦਾ ਸੁਆਲ ਪੁੱਛੇ ਗਏ ਤਾਂ ਵਿਧਾਇਕਾਂ ਦੇ ਦੋਸ਼ਾਂ ਸਬੰਧੀ ਵੀ ਸਪਸ਼ਟੀਕਰਨ ਮੰਗਿਆ ਗਿਆ ਤਾਂ ਅਮਰਿੰਦਰ ਸਿੰਘ ਵੱਲੋਂ ਹਰ ਗੱਲ ਦਾ ਜੁਆਬ ਦਿੱਤਾ ਗਿਆ ਜਿਸ ਤੋਂ ਬਾਅਦ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਅਮਰਿੰਦਰ ਸਿੰਘ ਦੇ ਜੁਆਬ ਵੀ ਦਰਜ਼ ਕਰ ਲਏ ਹਨ, ਇਸ ਰਿਪੋਰਟ ਨੂੰ ਮੁਕੰਮਲ ਕਰਨ ਤੋਂ ਬਾਅਦ ਜਲਦ ਹੀ ਕਾਂਗਰਸ ਹਾਈ ਕਮਾਨ ਕੋਲ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਹਾਈ ਕਮਾਨ ਦੀ ਇਸ ਤਿੰਨ ਮੈਂਬਰੀ ਕਮੇਟੀ ਦਾ ਕੰਮ ਵੀ ਲਗਭਗ ਮੁਕੰਮਲ ਹੋ ਗਿਆ ਹੈ, ਇਸ ਲਈ ਹੁਣ ਤੋਂ ਬਾਅਦ ਇਸ ਕਮੇਟੀ ਅੱਗੇ ਕੋਈ ਵੀ ਪੇਸ਼ ਨਹੀਂ ਹੋਏਗਾ। ਅਮਰਿੰਦਰ ਸਿੰਘ ਨੂੰ ਇਸ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਸੱਦਿਆ ਗਿਆ ਸੀ ਅਤੇ ਅਮਰਿੰਦਰ ਸਿੰਘ ਲਗਭਗ 11 ਵਜੇ ਪੇਸ਼ ਹੋਣ ਲਈ ਇਸ ਕਮੇਟੀ ਦੇ ਦਰਬਾਰ ਵਿੱਚ ਪੁੱਜੇ ਤਾਂ ਲਗਭਗ 2 ਵਜੇ ਤੱਕ ਉਹ ਕਮੇਟੀ ਦੇ ਕੋਲ ਰਹੇ। ਅਮਰਿੰਦਰ ਸਿੰਘ ਨੇ ਕਮੇਟੀ ਅੱਗੇ ਪੇਸ਼ੀ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਜਰੂਰ ਗੱਲਬਾਤ ਕੀਤੀ ਪਰ ਉਨ੍ਹਾਂ ਵੱਲੋਂ ਕਮੇਟੀ ਅੱਗੇ ਕੀ-ਕੀ ਗੱਲਬਾਤ ਹੋਈ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।
ਅਮਰਿੰਦਰ ਸਿੰਘ ਨੇ ਕਿਹਾ ਕਿ ਕਮੇਟੀ ਅਤੇ ਉਨ੍ਹਾਂ ਦਰਮਿਆਨ ਕੀ ਹੋਇਆ, ਇਸ ਸਬੰਧੀ ਉਹ ਕੋਈ ਵੀ ਜਾਣਕਾਰੀ ਨਹੀਂ ਦੇਣਗੇ, ਕਿਉਂਕਿ ਇਹ ਉਨ੍ਹਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇਹ ਕਹਿਣ ਤੋਂ ਬਾਅਦ ਅਮਰਿੰਦਰ ਸਿੰਘ ਮੌਕੇ ਤੋਂ ਚਲੇ ਗਏ ਪਰ ਉਨ੍ਹਾਂ ਦੇ ਚਿਹਰੇ ’ਤੇ ਅੱਜ ਉਹ ਰੌਣਕ ਨਹੀਂ ਸੀ, ਜਿਹੜੀ ਕਿ ਪਹਿਲਾਂ ਹਮੇਸ਼ਾ ਹੀ ਦੇਖੀ ਜਾਂਦੀ ਸੀ।
ਸਿੱਧੂ ਦੀ ਵਾਪਸੀ ਨਾਲ ਮੰਤਰੀ ਮੰਡਲ ’ਚ ਫੇਰਬਦਲ ਤੈਅ
ਕਮੇਟੀ ਵੱਲੋਂ ਅਮਰਿੰਦਰ ਸਿੰਘ ਨਾਲ ਨਵਜੋਤ ਸਿੱਧੂ ਬਾਰੇ ਵੀ ਗੱਲਬਾਤ ਕੀਤੀ ਗਈ ਤਾਂ ਨਵਜੋਤ ਸਿੱਧੂ ਨੂੰ ਜਲਦ ਹੀ ਸਰਕਾਰ ਵਿੱਚ ਸ਼ਾਮਲ ਕਰਨ ਦੀ ਵੀ ਗੱਲ ਕੀਤੀ ਗਈ, ਜਿਸ ’ਤੇ ਅਮਰਿੰਦਰ ਸਿੰਘ ਤਿਆਰ ਹੋ ਗਏ ਹਨ। ਅਮਰਿੰਦਰ ਸਿੰਘ ਨੇ ਕਮੇਟੀ ਅੱਗੇ ਕਿਹਾ ਕਿ ਨਵਜੋਤ ਸਿੱਧੂ ਜਾਂ ਫਿਰ ਕੋਈ ਵੀ ਆਦੇਸ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਫਿਰ ਰਾਹੁਲ ਗਾਂਧੀ ਦਿੰਦੇ ਹਨ ਤਾਂ ਉਹ ਮੰਨਣ ਲਈ ਤਿਆਰ ਹਨ। ਇੱਥੇ ਹੀ ਅਮਰਿੰਦਰ ਸਿੰਘ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਅਤੇ ਉਨ੍ਹਾਂ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਸਬੰਧੀ ਵੀ ਗੱਲ ਰੱਖੀ। ਜਿਹੜਾ ਕਿ ਹੁਣ ਕਮੇਟੀ ਰਾਹੁਲ ਗਾਂਧੀ ਅੱਗੇ ਰੱਖੇਗੀ।
ਹੁਣ ਰਾਹੁਲ ਗਾਂਧੀ ਲੈਣਗੇ ਫੈਸਲਾ, ਹਰ ਕਿਸੇ ਨੂੰ ਮੰਨਣਾ ਪਵੇਗਾ : ਹਰੀਸ਼ ਰਾਵਤ
ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਣਿਆ ਗਿਆ ਹੈ। ਜਿਹੜੇ ਮੁੱਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਚੁੱਕੇ ਸਨ, ਉਨ੍ਹਾਂ ਬਾਰੇ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਹੈ ਅਤੇ ਸਾਰੇ ਮੁੱਦੇ ਜਲਦ ਹੀ ਹੱਲ਼ ਹੋਣਗੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਅਤੇ ਮੰਤਰੀਆਂ ਤੋਂ ਬਾਅਦ ਅਮਰਿੰਦਰ ਸਿੰਘ ਵੱਲੋੋਂ ਵੀ ਹਾਮੀ ਭਰੀ ਗਈ ਹੈ ਕਿ ਜਿਹੜਾ ਫੈਸਲਾ ਰਾਹੁਲ ਗਾਂਧੀ ਲੈਣਗੇ, ਉਸ ਫੈਸਲੇ ਨੂੰ ਸਾਰੇ ਮੰਨਣਗੇ।
ਪੰਜਾਬ ਕਾਂਗਰਸ ਕਮੇਟੀ ’ਤੇ ਵਿਧਾਇਕਾਂ ਵੱਲੋਂ ਚੁੱਕੇ ਗਏ ਕਾਫ਼ੀ ਸੁਆਲ : ਜੇ.ਪੀ. ਅਗਰਵਾਲ
ਸੀਨੀਅਰ ਕਾਂਗਰਸ ਲੀਡਰ ਅਤੇ ਕਮੇਟੀ ਮੈਂਬਰ ਜੇ.ਪੀ. ਅਗਰਵਾਲ ਨੇ ਦੱਸਿਆ ਕਿ ਪੰਜਾਬ ਕਾਂਗਰਸ ਕਮੇਟੀ ਬਾਰੇ ਵਿਧਾਇਕਾਂ ਵੱਲੋਂ ਕਾਫ਼ੀ ਜਿਆਦਾ ਸੁਆਲ ਚੁੱਕੇ ਗਏ ਹਨ। ਇਸ ਸਬੰਧੀ ਕਮੇਟੀ ਵੱਲੋਂ ਸਾਰਾ ਕੁਝ ਰਿਕਾਰਡ ਕਰ ਲਿਆ ਗਿਆ ਹੈ ਅਤੇ ਇਹ ਮਾਮਲਾ ਵੀ ਰਾਹੁਲ ਗਾਂਧੀ ਦੇ ਧਿਆਨ ਵਿੱਚ ਲਿਆਉਂਦਾ ਜਾਵੇਗਾ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਛੁੱਟੀ ਕਰਕੇ ਨਵੇਂ ਪ੍ਰਧਾਨ ਬਣਾਏ ਜਾਣ ਦੇ ਸੁਆਲ ਬਾਰੇ ਜੇ.ਪੀ. ਅਗਰਵਾਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਉਹ ਨਹੀਂ ਲੈ ਸਕਦੇ, ਇਸ ਤਰ੍ਹਾਂ ਦਾ ਹਰ ਫੈਸਲਾ ਕਾਂਗਰਸ ਹਾਈ ਕਮਾਨ ਹੀ ਕਰ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।