ਸਦਾ ਸਫ਼ਰ ਵਿੱਚ ਚੱਲਦੇ ਰਹਿਣਾ…
ਅਸੀਂ ਹਾਲਾਤਾਂ ਤੋਂ ਨਹੀਂ ਭੱਜ ਸਕਦੇ ਕਿਉਂਕਿ ਇਹ ਸਾਡੀ ਮਨੋਦਸ਼ਾ ਹੈ ਜਿੱਥੇ ਵੀ ਜਾਵਾਂਗੇ ਮਗਰ ਹੀ ਆਉਣਗੇ। ਧਰਤੀ ਦਾ ਟੁਕੜਾ ਬਦਲਣ ਨਾਲ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ। ਜ਼ਿੰਦਗੀ ਮਾਨਣ ਲਈ, ਸਾਹ ਲੈਣ ਲਈ ਤੇ ਨਜ਼ਰੀਏ ਦੀ ਅਮੀਰੀ ਲਈ ਕਰਨ ਵਾਲੀਆਂ ਕੋਸ਼ਿਸ਼ਾਂ ਦਾ ਆਨੰਦ ਲੈਣਾ ਸਿੱਖੀਏ। ਹਿੰਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ ਅਨੁਸਾਰ ਜ਼ਿੰਦਗੀ ਯਤਨਾਂ ’ਚੋਂ ਪੈਦਾ ਹੁੰਦੀ ਹੈ। ਅਸੀਂ ਬਹੁਤਾ ਕੰਮ ਕਰਨ ਨਾਲ ਨਹੀਂ ਥੱਕਦੇ ਸਗੋਂ ਆਪਣੀ ਅਸਲ ਪ੍ਰਤਿਭਾ ਅੰਦਰ ਦੱਬਣ ਨਾਲ ਬੋਝਲ ਹੋ ਜਾਂਦੇ ਹਾਂ।
ਜੀਵਨ ਸਥਿਤੀਆਂ ਪ੍ਰਤੀ ਲਚਕਦਾਰ ਪਹੁੰਚ ਰੱਖਦੇ ਹੋਏ ਬੱਚੇ ਬਣੇ ਰਹੋ। ਬਾਹਲਾ ਖੁੱਸਣ ’ਤੇ ਨਿਰਾਸ਼ ਨਾ ਹੋਵੋ ਤੇ ਥੋੜ੍ਹਾ ਜਿਹਾ ਮਿਲਣ ’ਤੇ ਖੁਸ਼ ਹੋਣਾ ਨਾ ਭੁੱਲੋ। ਬਚਪਨ ਵਰਗੀ ਮੌਜ ਨਹੀਂ ਲੱਭਣੀ ਜ਼ਿੰਦਗੀ ਸਾਰੀ ’ਚੋਂ। ਨਿੱਕੇ ਹੁੰਦਿਆਂ ਪ੍ਰਕਿਰਤੀ ਦੇ ਹੁਸੀਨ ਰੰਗ ਵੇਖ ਕੇ ਜੋ ਖ਼ੁਸ਼ੀ ਮਿਲਦੀ ਸੀ, ਜੀਵਨ ਬਹਾਰ ਲਈ ਉਸ ਵੱਲ ਪਰਤਣਾ ਹੋਵੇਗਾ ਕਿਉਂਕਿ ਅਸਲ ਆਨੰਦ ਤੇ ਊਰਜਾ ਅੱਜ ਵੀ ਅਚੇਤ ਰੂਪ ਵਿੱਚ ਸਾਡੇ ਅੰਦਰ ਹੈ
ਕੇਵਲ ਛੋਟੀਆਂ-ਛੋਟੀਆਂ ਖੁਸ਼ੀਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਸੁਹੱਪਣ ਦਾ ਫੈਸਲਾ ਅੱਖਾਂ ਨਹੀਂ ਸਗੋਂ ਅੰਦਰਲੀ ਊਰਜਾ ਕਰਦੀ ਹੈ। ਆਲੇ-ਦੁਆਲੇ ਬੇਅੰਤ ਖੁਸ਼ੀਆਂ ਹਨ ਪਰ ਮਾਨਣ ਦੀ ਸੂਝ ਗਾਇਬ ਹੈ। ਹਰ ਕਿਸੇ ਨੂੰ ਮੰਜ਼ਿਲ ’ਤੇ ਪਹੁੰਚਣ ਦੀ ਕਾਹਲ ਹੈ ਅਤੇ ਸਫਰ ਦਾ ਆਨੰਦ ਲੈਣਾ ਭੁੱਲ ਚੁੱਕੇ ਹਾਂ। ਅਸੀਂ ਮੁਫਤ ’ਚ ਮਿਲੀਆਂ ਕੁਦਰਤੀ ਸੌਗਾਤਾਂ ਵੱਲੋਂ ਮੁੱਖ ਮੋੜ ਆਪਣਾ ਕੀਮਤੀ ਸਮਾਂ ਨਕਲੀ ਵੱਡੀਆਂ ਚੀਜ਼ਾਂ, ਜੋ ਕਦੇ ਮਿਲਣੀਆਂ ਨਹੀਂ, ਵੱਲ ਭੱਜ ਕੇ ਗੁਆ ਰਹੇ ਹਾਂ। ਸਭ ਕੁਝ ਹੁੰਦੇ-ਸੁੰਦੇ ਵੀ ਬੇਆਸ ਤੇ ਬਦਰੰਗ ਹਾਂ। ਇੱਕ ਦੁਆਰ ਬੰਦ ਹੋ ਜਾਵੇ ਤਾਂ ਚੀਕਾਂ ਮਾਰਨ ਲੱਗ ਜਾਂਦੇ ਹਾਂ ਪਰ ਕੁਦਰਤ ਵੱਲੋਂ ਖੋਲ੍ਹੇ ਨਵੇਂ ਦਰਵਾਜ਼ਿਆਂ ’ਤੇ ਝਾਤ ਨਹੀਂ ਮਾਰਦੇ ।
ਅਜੇ ਵੀ ਮੌਕਾ ਹੈ ਕਿ ਸਾਡੀ ਚੋਣ ਸਾਫ਼, ਸਪੱਸ਼ਟ ਤੇ ਸਰਲ ਹੋਵੇ। ਪਿਆਰਿਆਂ ਨੂੰ ਵਸਤਾਂ ਨਾਲ ਨਹੀਂ ਸਗੋਂ ਪਿਆਰ ਅਤੇ ਵਿਸ਼ਵਾਸ ਨਾਲ ਖੁਸ਼ ਕੀਤਾ ਜਾ ਸਕਦਾ ਹੈ। ਮਸਲਾ ਵੱਡੇ-ਛੋਟੇ ਦਾ ਨਹੀਂ ਸਗੋਂ ਮਲਕੀਅਤ ਦਾ ਹੈ, ਮਾਲਕੀ ਖ਼ੁਸ਼ੀ ਦਿੰਦੀ ਹੈ।ਨੇੜਲਿਆਂ ਨੂੰ ਹੱਕ ਦੇ ਕੇ ਵੇਖੋ ਕਿਵੇਂ ਬੇਗਾਨਗੀ ਦੇ ਟਿੱਬੇ ਪਲਾਂ ’ਚ ਪੱਧਰ ਹੋ ਜਾਣਗੇ। ਸੰਕੀਰਣਤਾ ਨਾਲ ਕੰਧਾਂ ਤੇ ਪਿਆਰ ਨਾਲ ਪੁਲ਼ ਬਣਦੇ ਹਨ। ਸਾਰੇ ਤੂਫਾਨ ਤੁਹਾਨੂੰ ਤਬਾਹ ਕਰਨ ਲਈ ਨਹੀਂ ਹੁੰਦੇ ਸਗੋਂ ਕੁਝ ਤੁਹਾਡੇ ਰਸਤੇ ਸਾਫ ਕਰਨ ਲਈ ਵੀ ਆਉਂਦੇ ਹਨ। ਲੋਕਾਂ ਦੀਆਂ ਚੋਟਾਂ ਤੇ ਚੋਭਾਂ ਨਾਲ ਆਪਣੇ ਅੰਦਰ ਨੂੰ ਠੰਢਾ (ਬੇਰੁਖ਼) ਨਾ ਹੋਣ ਦਿਓ।
ਬਦਲੇ ਦੀ ਭਾਵਨਾ ਸਾਡੀ ਮਾਸੂਮੀਅਤ ਖਾ ਜਾਂਦੀ ਹੈ ਜੋ ਅਰਬਾਂ-ਖਰਬਾਂ ’ਚ ਵੀ ਨਹੀਂ ਮਿਲਦੀ। ਗਰਜ਼ਾਂ ਦੇ ਸੰਸਾਰ ’ਚ ਕੁਝ ਘਟਨਾਵਾਂ ਸਾਨੂੰ ਦੁਖੀ ਕਰਦੀਆਂ ਹਨ, ਨਾਲ ਤੁਰੇ ਜਾਂਦੇ ਕੋਈ ਬਹਾਨਾ ਬਣਾ ਕੇ ਸਾਥ ਛੱਡ ਜਾਂਦੇ ਹਨ ਤੇ ਅਸੀਂ ਬਿਖਰ ਜਾਂਦੇ ਹਾਂ। ਅਜਿਹੀਆਂ ਸੱਟਾਂ ਬੰਦੇ ਨੂੰ ਨਿਰਦਈ ਬਣਾ ਦਿੰਦੀਆਂ ਹਨ। ਉਦਾਸ ਹੋਣਾ ਠੀਕ ਹੈ ਪਰ ਦੂਜੇ ਲੋਕਾਂ, ਖਾਸ ਕਰਕੇ ਜੋ ਬੇਕਸੂਰ ਹੁੰਦੇ ਹਨ, ਨਾਲ ਬਦਲੇ ਵਿੱਚ ਗ਼ਲਤ ਕਰਨਾ ਕਦੇ ਵੀ ਠੀਕ ਨਹੀਂ ਹੁੰਦਾ।ਅਸੀਂ ਮਨੁੱਖ ਹਾਂ। ਅਸੀਂ ਟੁੱਟਦੇ ਹਾਂ, ਗਲਤੀਆਂ ਵੀ ਕਰਦੇ ਹਾਂ । ਕੁਝ ਪਲ ਅਜਿਹੇ ਆਉਂਦੇ ਹਨ ਕਿ ਤੁਸੀਂ ਥੱਕ ਕੇ ਅੱਗੇ ਤੁਰਨ ਤੋਂ ਇਨਕਾਰੀ ਹੋ ਜਾਂਦੇ ਹੋ, ਦੂਸਰਿਆਂ ਦੀ ਛੱਡੋ ਖੁਦ ਦਾ ਪਰਛਾਵਾਂ ਵੀ ਬਿਗਾਨਾ ਲੱਗਣ ਲੱਗ ਜਾਂਦਾ ਹੈ।
ਇਹ ਸਥਿਤੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਲੜ ਕੇ ਅਸੀਂ ਅੰਦਰੋਂ ਮਜ਼ਬੂਤ ਹੋ ਜਾਂਦੇ ਹਾਂ ਕਿਉਂਕਿ ਇਕੱਲੇ ਉੱਡਣ ਦਾ ਮਾਦਾ ਰੱਖਣ ਵਾਲੇ ਪੰਛੀਆਂ ਦੇ ਖੰਭ ਮਜ਼ਬੂਤ ਹੋ ਜਾਂਦੇ ਹਨ। ਇਹ ਬੇਗਾਨਗੀਆਂ ਤੇ ਉਦਰੇਵੇਂ ਜ਼ਿੰਦਗੀ ਦੇ ਰਾਹਾਂ ’ਤੇ ਉੱਗਦੇ ਹਨ, ਇਹਨਾਂ ਨੂੰ ਪਾਸੇ ਕਰਕੇ ਅੱਗੇ ਵਧਣ ਨਾਲ ਹੀ ਮੰਜ਼ਿਲ ਮਿਲਣੀ ਹੈ।ਛਾਂ ਦਾ ਮਹੱਤਵ ਧੁੱਪ ਨਾਲ ਹੀ ਹੈ। ਸੱਟਾਂ ਦਾ ਸਾਹਮਣਾ ਕਰਨ ਨਾਲ ਮਿਲੀ ਮਜ਼ਬੂਤੀ ਸਾਨੂੰ ਚੱਟਾਨ ਬਣਾ ਦਿੰਦੀ ਹੈ। ਜਦੋਂ ਤੱਕ ਔਖੇ ਰਾਹਾਂ ਦੇ ਪਾਂਧੀ ਨਹੀਂ ਬਣਦੇ ਜੈਸੇ ਥੇ ਵਾਂਗ ਉੱਥੇ ਹੀ ਖੜ੍ਹੇ ਰਹਾਂਗੇ ਪਰ ਤੁਰਨਾ ਜ਼ਿੰਦਗੀ ਤੇ ਰੁਕਣਾ ਮੌਤ ਹੈ। ਖ਼ਤਮ ਹੋ ਜਾਣਾ ਕਿਸ ਨੂੰ ਪਸੰਦ ਹੈ? ਵਗਦੇ ਤੇ ਬਰਸਦੇ ਰਹੋ।ਤਲਵੰਡੀ ਸਾਬੋ,
ਬਠਿੰਡਾ ਮੋ. 94630-24575
ਬਲਜਿੰਦਰ ਜੌੜਕੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ