ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਟਾਂਡਾ ਦੇ ਨਜ਼ਦੀਕ ਇੱਕ ਲੁੱਟ-ਖੋਹ ਦੇ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਕਾਰਨ ਅੱਠ ਸਾਲ ਦੇ ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ ਲੜਕੀ ਜ਼ਖਮੀ ਹੋਈ। ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਸਕੂਟਰ ਸਵਾਰ ਔਰਤ ਤੋਂ ਪਰਸ ਖੋਹ ਲਿਆ ਗਿਆ ਸੀ। ਜਦੋਂ ਉਸ ਔਰਤ ਨੇ ਹਿੰਮਤ ਕਰਕੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਲੁਟੇਰਿਆਂ ਨੇ ਲੱਤ ਮਾਰ ਕੇ ਸਕੂਟਰ ਦਾ ਸੰਤੁਲਨ ਵਿਗਾੜ ਦਿੱਤਾ ਜਿਸ ਕਾਰਨ ਸਕੂਟਰ ਇੱਕ ਟਰਾਲੀ ਦੇ ਪਿੱਛੇ ਜਾ ਵੱਜਾ।
ਅੱਜ-ਕੱਲ੍ਹ ਇਹ ਵਾਰਦਾਤ ਦਾ ਇਹ ਤਰੀਕਾ ਲੁਟੇਰਿਆਂ ਵੱਲੋਂ ਸਾਰੇ ਪੰਜਾਬ ਵਿੱਚ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਦਾ ਜ਼ਿਆਦਾਤਰ ਸ਼ਿਕਾਰ ਦੋਪਹੀਆ ਵਾਹਨਾਂ ’ਤੇ ਜਾ ਰਹੇ ਕੁੜਤਾ-ਪਜ਼ਾਮਾ ਪਹਿਨਣ ਵਾਲੇ ਮਰਦ ਜਾਂ ਮੋਢੇ ’ਤੇ ਪਰਸ ਪਾਉਣ ਵਾਲੀਆਂ ਔਰਤਾਂ ਹੋ ਰਹੀਆਂ ਹਨ। ਕੁੜਤਾ-ਪਜ਼ਾਮਾ ਪਹਿਨਣ ਵਾਲੇ ਮਰਦ ਆਮ ਤੌਰ ’ਤੇ ਕੁੜਤੇ ਦੀ ਵੱਖੀ ਵਾਲੀ ਸੱਜੀ ਜੇਬ੍ਹ ਵਿੱਚ ਬਟੂਆ ਜਾਂ ਪੈਸੇ ਪਾਉਂਦੇ ਹਨ। ਮੋਟਰ ਸਾਈਕਲ ਦੇ ਪਿੱਛੇ ਬੈਠਾ ਲੁਟੇਰਾ ਖਿੱਚ ਕੇ ਜੇਬ੍ਹ ਪੱੁਟ ਲੈਂਦਾ ਹੈ ਤੇ ਚਾਲਕ ਲੱਤ ਮਾਰ ਕੇ ਸ਼ਿਕਾਰ ਨੂੰ ਸੁੱਟ ਦੇਂਦਾ ਹੈ ਤਾਂ ਜੋ ਉਹ ਪਿੱਛਾ ਨਾ ਕਰ ਸਕੇ। ਸ਼ਿਕਾਰ ਦੀ ਖਤਾਨਾਂ ਵਿੱਚ ਡਿੱਗ ਕੇ ਜਾਂ ਕਿਸੇ ਹੋਰ ਗੱਡੀ ਥੱਲੇ ਆਣ ਕੇ ਮੌਤ ਹੁੰਦੀ ਹੈ ਜਾਂ ਸੱਟਾਂ ਲੱਗਦੀਆਂ ਹਨ, ਇਸ ਨਾਲ ਲੁਟੇਰਿਆਂ ਦਾ ਕੋਈ ਮਤਲਬ ਨਹੀਂ ਹੁੰਦਾ।
ਸਭ ਸੌਖਾ ਸ਼ਿਕਾਰ ਸਾਈਕਲ ਰਿਕਸ਼ਾ ਸਵਾਰ ਬਣੇ
ਸ਼ਹਿਰਾਂ ਵਿੱਚ ਸਕੂਟਰ ਤੋਂ ਇਲਾਵਾ ਲੁਟੇਰਿਆਂ ਦਾ ਸਭ ਤੋਂ ਅਸਾਨ ਸ਼ਿਕਾਰ ਸਾਈਕਲ ਰਿਕਸ਼ਾ ’ਤੇ ਜਾ ਰਹੀਆਂ ਔਰਤਾਂ ਬਣਦੀਆਂ ਹਨ। ਲੁਟੇਰੇ ਰਿਕਸ਼ਾ ਵਿੱਚ ਜਾ ਰਹੀ ਔਰਤ ਤੋਂ ਝਪਟ ਮਾਰ ਕੇ ਵਾਲੀਆਂ, ਚੈਨੀ ਜਾਂ ਪਰਸ ਖਿੱਚ ਲੈਂਦੇ ਹਨ। ਉਨ੍ਹਾਂ ਨੂੰ ਪਿੱਛਾ ਹੋਣ ਦਾ ਵੀ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਰਿਕਸ਼ਾ ਬਹੁਤ ਹੌਲੀ ਚੱਲਦਾ ਹੈ। ਇਹ ਵਰਤਾਰਾ ਬਹੁਤ ਆਮ ਹੋ ਗਿਆ ਹੈ ਤੇ ਲੋਕ ਇਹ ਸੋਚ ਕੇ ਦਖਲਅੰਦਾਜ਼ੀ ਨਹੀਂ ਕਰਦੇ ਕਿ ਅਸੀਂ ਕੀ ਲੈਣਾ! ਲੋਕਾਂ ਦੇ ਅਜਿਹੇ ਵਰਤਾਰੇ ਦਾ ਸ਼ਿਕਾਰ ਪਿਛਲੇ ਸਾਲ ਮੇਰੇ ਮਾਮਾ ਜੀ ਦੀ ਬੇਟੀ ਹੋਈ ਸੀ।
ਉਹ ਅੰਮਿ੍ਰਤਸਰ ਦੇ ਭੀੜ-ਭੜੱਕੇ ਵਾਲੇ ਖੇਤਰ ਨਾਵਲਟੀ ਚੌਂਕ ਵਿੱਚ ਆਪਣੀ ਬੇਟੀ ਨਾਲ ਰਿਕਸ਼ੇ ’ਤੇ ਜਾ ਰਹੀ ਸੀ ਕਿ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਝਪਟ ਲਿਆ। ਉਸ ਨੇ ਅੱਗੋਂ ਪਰਸ ਮਜ਼ਬੂਤੀ ਨਾਲ ਫੜ ਲਿਆ ਤਾਂ ਲੁਟੇਰਿਆਂ ਨੇ ਉਸ ਨੂੰ ਖਿੱਚ ਕੇ ਰਿਕਸ਼ੇ ਤੋਂ ਥੱਲੇ ਸੁੱਟ ਦਿੱਤਾ। ਪਰ ਉਸ ਨੇ ਫਿਰ ਵੀ ਪਰਸ ਨਾ ਛੱਡਿਆ ਤਾਂ ਲੁਟੇਰੇ ਉਸ ਨੂੰ ਕਾਫੀ ਦੂਰ ਤੱਕ ਮੋਟਰ ਸਾਈਕਲ ਦੇ ਮਗਰ ਧੂਹ ਕੇ ਲੈ ਗਏ ਤੇ ਅਖੀਰ ਪਰਸ ਲੈ ਕੇ ਫਰਾਰ ਹੋ ਗਏ। ਲੋਕ ਚੁੱਪ-ਚਾਪ ਨਜ਼ਦੀਕ ਦੀ ਲੰਘਦੇ ਰਹੇ ਪਰ ਕਿਸੇ ਨੇ ਵੀ ਉਸ ਦੀ ਮੱਦਦ ਕਰਨ ਦੀ ਕੋਸ਼ਿਸ਼ ਨਾ ਕੀਤੀ।
ਮਜ਼ਦੂਰੀ ਵਾਲੇ ਵੀ ਨਹੀਂ ਬਖਸ਼ੇ ਜਾਂਦੇ | Gangsters and Robbers
ਲੁਟੇਰੇ ਅਤੇ ਝਪਟਮਾਰ ਜ਼ਿਆਦਾਤਰ ਨਸ਼ੱਈ ਹੀ ਹੁੰਦੇ ਹਨ ਜਿਨ੍ਹਾਂ ਨੂੰ ਨਸ਼ੇ ਦੀ ਪੂਰਤੀ ਵਾਸਤੇ ਰੋਜ਼ਾਨਾ 1000 -1500 ਰੁਪਏ ਦੀ ਜ਼ਰੂਰਤ ਪੈਂਦੀ ਹੈ। ਉਹ ਇਸ ਵਾਸਤੇ ਆਪਣੇ ਘਰ ਦਾ ਸਾਮਾਨ ਵੇਚਣ ਜਾਂ ਕਿਸੇ ਦਾ ਗਲਾ ਵੱਢਣ, ਕੋਈ ਫਰਕ ਨਹੀਂ ਪੈਂਦਾ। ਮੇਰੇ ਪਿੰਡ ਦੇ ਨਜ਼ਦੀਕ ਮੰਡਿਆਲੇ ਪਿੰਡ ਦਾ ਇੱਕ ਖੇਤ ਮਜ਼ਦੂਰ ਦਿਹਾੜੀ ਲਾ ਕੇ ਸ਼ਾਮ ਨੂੰ ਆਪਣੇ ਘਰ ਜਾ ਰਿਹਾ ਸੀ ਕਿ ਦੋ ਲੁਟੇਰਿਆਂ ਨੇ ਘੇਰ ਲਿਆ। ਉਸ ਨੇ ਤਰਲੇ-ਵਾਸਤੇ ਪਾਏ ਕਿ ਉਹ ਗਰੀਬ ਆਦਮੀ ਹੈ ਤੇ ਉਸ ਕੋਲ ਕੁਝ ਨਹੀਂ ਹੈ, ਚਾਹੇ ਤਾਂ ਉਸ ਦੀ ਤਲਾਸ਼ੀ ਲੈ ਲਈ ਜਾਵੇ। ਲੁਟੇਰਿਆਂ ਨੇ ਉਸ ਦੀ ਤਲਾਸ਼ੀ ਲਈ ਤੇ ਜਦੋਂ ਹੋਰ ਕੁਝ ਨਾ ਮਿਲਿਆ ਤਾਂ ਉਸ ਦੀ ਜੇਬ੍ਹ ਵਿੱਚੋਂ ਤੰਬਾਕੂ ਦੀ ਪੁੜੀ ਹੀ ਕੱਢ ਕੇ ਲੈ ਗਏ।
ਪਰ ਗੈਂਗਸਟਰਾਂ ਦਾ ਕੰਮ ਕਰੋੜਾਂ ਵਿੱਚ ਚੱਲਦਾ ਹੈ। ਉਹ ਫਿਰੌਤੀਆਂ, ਕਤਲ ਤੇ ਨਸ਼ਿਆਂ ਆਦਿ ਦਾ ਧੰਦਾ ਕਰ ਰਹੇ ਹਨ। ਗੈਂਗਸਟਰ ਚਾਹੇ ਜੇਲ੍ਹ ਵਿੱਚ ਹੋਣ ਜਾਂ ਬਾਹਰ, ਆਪਣੇ ਮਨਸੂਬੇ ਪੂਰੇ ਕਰ ਹੀ ਲੈਂਦੇ ਹਨ। ਗੈਂਗਸਟਰਾਂ ਨੂੰ ਪਿਛਲੇ ਸਮੇਂ ਵਿੱਚ ਵੱਡੇ ਲੀਡਰਾਂ ਦੀ ਪੂਰੀ ਛਤਰ-ਛਾਇਆ ਮਿਲਦੀ ਰਹੀ ਹੈ। ਅੱਜ-ਕੱਲ੍ਹ ਫਿਰੌਤੀਆਂ ਉਗਰਾਹੁਣਾ ਗੈਂਗਸਟਰਾਂ ਦਾ ਮਨਪਸੰਦ ਧੰਦਾ ਬਣ ਗਿਆ ਹੈ। ਮਹੀਨਾ ਕੁ ਪਹਿਲਾਂ ਫਿਰੌਤੀ ਨਾ ਦੇਣ ਕਾਰਨ ਇੱਕ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਸੀ। ਅਜਿਹੇ ਕਤਲ ਦਹਿਸ਼ਤ ਪੈਦਾ ਕਰਨ ਲਈ ਕੀਤੇ ਜਾਂਦੇ ਹਨ ਤਾਂ ਜੋ ਅੱਗੇ ਤੋਂ ਕੋਈ ਫਿਰੌਤੀ ਦੇਣ ਤੋਂ ਇਨਕਾਰ ਕਰਨ ਲੱਗਿਆਂ ਸੌ ਵਾਰ ਸੋਚੇ। ਸਵੈ ਘੋਸ਼ਿਤ ਗੈਂਗਸਟਰਾਂ ਦਾ ਇਹ ਹਾਲ ਹੈ ਕਿ ਉਹ ਕਿਸੇ ਵੀ ਬਦਨਾਮ ਗੈਂਗਸਟਰ ਦਾ ਨਾਂਅ ਲੈ ਕੇ ਲੋਕਾਂ ਨੂੰ ਫੋਨ ਲਾ ਲੈਂਦੇ ਹਨ।
ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ
ਪਿਛਲੇ ਸਾਲ ਇੱਕ ਆਡੀਉ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਬੰਦਾ ਕਿਸੇ ਸ਼ਰੀਫ ਵਿਅਕਤੀ ਨੂੰ ਜੱਗੂ ਭਗਵਾਨਪੁਰੀਏ ਦਾ ਬੰਦਾ ਬਣ ਕੇ ਧਮਕਾ ਰਿਹਾ ਸੀ ਕਿ ਦਸ ਲੱਖ ਰੁਪਏ ਦੀ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ। ਜਿਸ ਨੂੰ ਧਮਕੀ ਦਿੱਤੀ ਜਾ ਰਹੀ ਸੀ, ਉਹ ਵੀ ਕੋਈ ਵੱਡਾ ਖਿਡਾਰੀ ਸੀ। ਉਹ ਗਰੀਬ ਹੋਣ ਦਾ ਨਾਟਕ ਕਰਕੇ ਰਕਮ ਘੱਟ ਕਰਨ ਲਈ ਤਰਲੇ ਵਾਸਤੇ ਪਾਉਂਦਾ ਰਿਹਾ ਤਾਂ ਗੈਂਗਸਟਰ ਦਸ ਲੱਖ ਦੀ ਬਜਾਏ ਚਾਰ ਹਜ਼ਾਰ ਵਿੱਚ ਹੀ ਮੰਨ ਗਿਆ।
ਲੁਟੇਰਿਆਂ ਅਤੇ ਗੈਂਗਸਟਰਾਂ ਤੋਂ ਬਚਾਅ ਲਈ ਆਮ ਨਾਗਰਿਕਾਂ ਨੂੰ ਖੁਦ ਵੀ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਲੁਟੇਰਿਆਂ ਤੋਂ ਬਚਣ ਲਈ ਔਰਤਾਂ ਨੂੰ ਸਕੂਟਰ ਚਲਾਉਂਦੇ ਤੇ ਪਿੱਛੇ ਬੈਠਦੇ ਸਮੇਂ ਮੋਢੇ ’ਤੇ ਪਰਸ ਨਹੀਂ ਪਾਉਣਾ ਚਾਹੀਦਾ ਅਤੇ ਵਾਲੀਆਂ ਤੇ ਚੈਨੀਆਂ ਆਦਿ ਪਹਿਨਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗਹਿਣੇ ਪਰਸ ਵਿੱਚ ਪਾ ਲਏ ਜਾਣ ਤੇ ਮੰਜ਼ਿਲ (ਵਿਆਹ-ਸ਼ਾਦੀ ਆਦਿ) ’ਤੇ ਪਹੁੰਚ ਕੇ ਪਹਿਨ ਲਏ ਜਾਣ। ਸਾਈਕਲ ਰਿਕਸ਼ਾ ਵਿੱਚ ਬੈਠਣ ਸਮੇਂ ਛੱਤ ਲਾਉਣੀ ਚੰਗੀ ਸਾਵਧਾਨੀ ਹੈ ਕਿਉਂਕਿ ਮੋਟਰ ਸਾਈਕਲ ਸਵਾਰ ਲੁਟੇਰੇ ਦਾ ਹੱਥ ਗਹਿਣਿਆਂ ਜਾਂ ਬੈਗ ਤੱਕ ਨਹੀਂ ਪਹੁੰਚ ਸਕਦਾ।
ਕੈਮਰਿਆਂ ਦੇ ਐਂਗਲ ਰੱਖਦੇ ਲੇ ਮਾਇਨਾ | Gangsters and Robbers
ਜੇ ਕਿਸੇ ਵਿਅਕਤੀ ਨੂੰ ਗੈਂਗਸਟਰਾਂ ਤੋਂ ਧਮਕੀ ਆਵੇ ਤਾਂ ਫੌਰਨ ਪੁਲਿਸ ਨੂੰ ਇਤਲਾਹ ਕਰਨੀ ਚਾਹੀਦੀ ਹੈ ਘਰ ਜਾਂ ਵਪਾਰਕ ਸੰਸਥਾਨ (ਦੁਕਾਨ, ਸ਼ੈਲਰ ਆਦਿ) ਦੇ ਆਸ-ਪਾਸ ਸੀ.ਸੀ.ਟੀ.ਵੀ. ਕੈਮਰੇ ਜ਼ਰੂਰ ਲਾਉਣੇ ਚਾਹੀਦੇ ਹਨ। ਉਨ੍ਹਾਂ ਦਾ ਐਂਗਲ ਸਹੀ ਤਰ੍ਹਾਂ ਸੈੱਟ ਕਰਨਾ ਚਾਹੀਦਾ ਹੈ ਤਾਂ ਜੋ ਸ਼ੱਕੀ ਵਿਅਕਤੀਆਂ ਦਾ ਚਿਹਰਾ ਸਾਫ ਨਜ਼ਰ ਆਵੇ। ਜਨਤਾ ਨੂੰ ਅਜਿਹੇ ਗੁੰਡਿਆਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਵਿੱਚ ਪਹਿਲਾਂ ਵੀ ਨਕਸਲਵਾੜੀ ਤੇ ਅੱਤਵਾਦੀ ਲਹਿਰਾਂ ਚੱਲ ਚੁੱਕੀਆਂ ਹਨ। ਉਹ ਵੀ ਖਤਮ ਹੋ ਗਈਆਂ ਸਨ ਤੇ ਇਹ ਗੈਂਗਸਟਰਵਾਦ ਵੀ ਪੁਲਿਸ ਵੱਲੋਂ ਖਤਮ ਕਰ ਦਿੱਤਾ ਜਾਵੇਗਾ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062