ਹੁਣ ਯੂਪੀ ’ਚ ਸ਼ਰਾਬ ਦਾ ਕਹਿਰ

Alcohol Sachkahoon

ਹੁਣ ਯੂਪੀ ’ਚ ਸ਼ਰਾਬ ਦਾ ਕਹਿਰ

ਉੱਤਰ ਪ੍ਰਦੇਸ਼ ਦੇ ਸ਼ਹਿਰ ਅਲੀਗੜ੍ਹ ’ਚ ਸ਼ਰਾਬ ਪੀਣ ਨਾਲ 56 ਮੌਤਾਂ ਹੋ ਚੁੱਕੀਆਂ ਹਨ ਹੁਣ ਸ਼ਰਾਬ ਨੂੰ ਕਾਨੂੰਨੀ ਸ਼ਬਦਾਵਲੀ ਵਿਚ ਜ਼ਹਿਰੀਲੀ ਕਹੀਏ ਜਾਂ ਨਜਾਇਜ਼ ਸ਼ਰਾਬ ਕਹੀਏ, ਇਸ ਨਾਲ ਸ਼ਰਾਬ ਫਾਇਦੇਮੰਦ ਨਹੀਂ ਹੋਣ ਵਾਲੀ ਸ਼ਰਾਬ ਸਮਾਜਿਕ ਬੁਰਾਈ ਹੈ, ਜਿਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ । ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਸ਼ਰਾਬ ਵੇਚਣ ਦੀ ਆਗਿਆ ਦਿੰਦੀ ਹੈ ਅਤੇ ਆਗਿਆ ਦੇਣ ਲਈ ਬਹੁਤ ਸਾਰਾ ਪੈਸਾ ਲੈਂਦੀ ਹੈ, ਜਿਸ ਨੂੰ ਆਬਕਾਰੀ ਟੈਕਸ ਕਹਿ ਕੇ ਆਪਣੀ ਨੈਤਿਕ ਮਨਜ਼ੂਰੀ ਆਪਣੇ-ਆਪ ਤੈਅ ਕਰ ਲੈਂਦੀ ਹੈ । ਸ਼ਰਾਬ ਨੂੰ ਭਾਰਤ ਵਿਚ ਆਦਿਕਾਲ ਤੋਂ ਵਰਜਿਤ ਮੰਨਿਆ ਗਿਆ ਹੈ ਫਿਰ ਵੀ ਇਹ ਖੁੱਲ੍ਹੇਆਮ ਵਿਕ ਰਹੀ ਹੈ ।

ਸ਼ਰਾਬ ਨਾਲ ਲੋਕ ਗੰਭੀਰ ਬਿਮਾਰ ਹੋ ਰਹੇ ਹਨ, ਹਜ਼ਾਰਾਂ ਝਗੜੇ ਅਤੇ ਹਾਦਸੇ ਸ਼ਰਾਬ ਕਾਰਨ ਹੋ ਰਹੇ ਹਨ, ਫਿਰ ਵੀ ਇਸ ਨੂੰ ਬੰਦ ਨਹੀਂ ਕੀਤਾ ਨਹੀਂ ਜਾ ਰਿਹਾ ਕੋਈ ਸਮਾਂ ਸੀ ਜਦੋਂ ਦੇਸ਼ ਦੇ ਘਰ-ਘਰ ਵਿਚ ਅਫ਼ੀਮ ਦਾ ਨਸ਼ਾ ਹੁੰਦਾ ਸੀ, ਅੱਜ ਅਫ਼ੀਮ ਕਿੱਥੇ ਹੈ? ਕਿਉਂਕਿ ਅਫ਼ੀਮ ਦੀ ਖੇਤੀ ਅਤੇ ਵਿੱਕਰੀ ਨੂੰ ਸਰਕਾਰ ਨੇ ਗੈਰ-ਕਾਨੂੰਨੀ ਕਰ ਦਿੱਤਾ ਹੈ ਅਤੇ ਸਖ਼ਤ ਪਾਬੰਦੀ ਲਾ ਦਿੱਤੀ ਹੈ । ਯੂਪੀ ਵਿਚ ਹੀ ਪਿਛਲੇ ਦੋ ਮਹੀਨਿਆਂ ’ਚ ਸ਼ਰਾਬ ਨਾਲ ਸਿੱਧੇ ਤੌਰ ’ਤੇ ਕਰੀਬ 132 ਬੰਦਿਆਂ ਦੀ ਜਾਨ ਚਲੀ ਗਈ ਹੈ, ਪੰਜਾਬ ਵਿਚ ਪਿਛਲੇ ਸਾਲ ਜੁਲਾਈ ਵਿਚ ਸ਼ਰਾਬ ਨਾਲ 121 ਬੰਦੇ ਮਾਰੇ ਗਏ ਸਨ ਪੂਰੇ ਦੇਸ਼ ਦਾ ਜੇਕਰ ਅੰਕੜਾ ਲਿਆ ਜਾਵੇ ਤਾਂ ਇਹ ਇੱਕ ਹਜ਼ਾਰ ਦੇ ਆਸ-ਪਾਸ ਸਾਲਾਨਾ ਹੈ । ਇੱਥੇ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਸ਼ਰਾਬ ਨਾਲ ਇੱਕ ਜਾਨ ਹੀ ਨਹੀਂ ਜਾਂਦੀ ਹੈ ਸਗੋਂ ਸਮਾਜ ਵਿਚ ਹੋਰ ਵੀ ਬਹੁਤ ਕੁਝ ਵਾਪਰਦਾ ਹੈ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਸਮਾਜ ਦੋਵਾਂ ਨੂੰ ਚੁੱਕਣੀ ਪੈਂਦੀ ਹੈ ।

ਸ਼ਰਾਬ ਕਾਰਨ ਹੋਈ ਮੌਤ ਨਾਲ ਅਨਾਥ ਬੱਚੇ, ਵਿਧਵਾ ਔਰਤਾਂ, ਬੇਸਹਾਰਾ ਬਜ਼ੁਰਗ, ਜੇਕਰ ਮਰਨ ਵਾਲਾ ਇੱਕ ਪੇਸ਼ੇਵਰ ਹੈ ਤਾਂ ਉਸ ਪੇਸ਼ੇ ਨੂੰ ਵੀ ਉਸ ਦਾ ਨੁਕਸਾਨ ਝੱਲਣਾ ਪੈਂਦਾ ਹੈ ਸ਼ਰਾਬ ਦੀ ਸਭ ਤੋਂ ਜ਼ਿਆਦਾ ਤ੍ਰਾਸਦੀ ਸਮਾਜ ਦਾ ਪੇਸ਼ੇਵਰ ਵਰਗ ਭੁਗਤਦਾ ਹੈ । ਗਰੀਬ ਪੇਸ਼ੇਵਰਾਂ ਦੀ ਤ੍ਰਾਸਦੀ ਇਹ ਹੈ ਕਿ ਇਹ ਆਪਣੀ ਅਗਲੀ ਪੀੜ੍ਹੀ ਨੂੰ ਕਿਸੇ ਉੱਚੇ ਪੇਸ਼ੇ ਵਿਚ ਪਹੁੰਚਾਉਣ ਤੋਂ ਪਹਿਲਾਂ ਹੀ ਸਰਕਾਰ ਦੀਆਂ ਸ਼ਰਾਬ ਨੀਤੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਬਿਮਾਰ, ਅਪਾਹਿਜ਼ ਹੋ ਜਾਂਦੇ ਹਨ ਜਾਂ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ ਦੇਸ਼ ਵਿਚ ਹਰ ਨਾਗਰਿਕ ਦੀ ਅਥਾਹ ਕੀਮਤ ਹੈ ਹਰ ਨਾਗਰਿਕ ਦੀ ਤੰਦਰੁਸਤੀ ਅਤੇ ਭਵਿੱਖ ਦੀ ਖ਼ਾਤਰ ਦੇਸ਼ ਵਿਚ ਸ਼ਰਾਬ ’ਤੇ ਪੂਰੀ ਤਰ੍ਹਾਂ ਅਤੇ ਸਖ਼ਤ ਪਾਬੰਦੀ ਲਾਈ ਜਾਵੇ ਤਾਂ ਕਿ ਇੱਕ ਬੋਤਲ ਸ਼ਰਾਬ ’ਚੋਂ ਨਿੱਕਲਣ ਵਾਲੀਆਂ ਸੈਂਕੜੇ ਹਜ਼ਾਰਾਂ ਸਮੱਸਿਆਵਾਂ ਦਾ ਅੰਤ ਕੀਤਾ ਜਾ ਸਕੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।