ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਸਾਥ ਦੇਣ ਲਈ ਪਾਰਟੀ ਨਿਸ਼ਾਨ ਤੋਂ ਬਣਾ ਕੇ ਰੱਖਣਗੇ ਦੂਰੀ
ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਦੂਰੀ ਬਣਾ ਲਈ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ ਜਾਂ ਫਿਰ ਵਰਕਰ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਨਹੀਂ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਸ ਸਬੰਧੀ ਕੋਈ ‘ਕਾਲ’ ਨਹੀਂ ਦਿੱਤੀ ਗਈ ਹੈ, ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦਿੱਲੀ ਜਾਣ ਲਈ ਤਿਆਰੀਆਂ ਆਖਰੀ । ਦਿੱਲੀ ਵਿਖੇ ਕਿਸਾਨ ਆਮ ਆਦਮੀ ਪਾਰਟੀ ਦੇ ਸਮੱਰਥਨ ‘ਤੇ ਕੋਈ ਇਤਰਾਜ਼ ਨਾ ਕਰਨ, ਇਸ ਲਈ ਵਿਧਾਇਕ ਦਿੱਲੀ ਜਾਣ ਤੋਂ ਦੂਰ ਰਹਿਣਗੇ ਪਰ ਆਪਣੇ ਹਲਕਾ ਲੀਡਰਾਂ ਅਤੇ ਵਰਕਰਾਂ ਨੂੰ ਦਿੱਲੀ ਖ਼ੁਦ ਰਵਾਨਾ ਕਰਨਗੇ ਤਾਂ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਸੱਕਣ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਬਿੱਲਾ ਦੇ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਦਿੱਲੀ ‘ਚ ਧਰਨਾ ਦੇਣ ਲਈ ਜਾ ਰਹੇ ਹਨ। ਪੰਜਾਬ ਵਿੱਚ ਕਿਸਾਨਾਂ ਦੇ ਇਸ ਅੰਦੋਲਨ ਨੂੰ ਜਿਥੇ ਸੱਤਾਧਾਰੀ ਕਾਂਗਰਸ ਸਾਥ ਦਿੰਦੀ ਆਈ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਦਿੱਲੀ ਜਾ ਕੇ ਅੰਦੋਲਨ ਕਰਨ ਤੋਂ ਸਿਆਸੀ ਪਾਰਟੀਆਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਅੰਦੋਲਨ ਵਿੱਚ ਸਿਆਸੀ ਪਾਰਟੀਆਂ ਲੀਡਰ ਅਤੇ ਵਰਕਰ ਪਿਛੇ ਹਟਦੇ ਨਜ਼ਰ ਆ ਰਹੇ ਹਨ।
ਜਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ ਜਾਂ ਫਿਰ ਵਰਕਰ ਦਿੱਲੀ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਭਾਗ ਲੈਣ ਲਈ ਨਹੀਂ ਜਾਏਗਾ। ਹਾਲਾਂਕਿ ਕਿਸਾਨਾਂ ਦੇ ਆਪਣੇ ਇਸ ਅੰਦੋਲਨ ਨੂੰ ਸਿਆਸੀ ਪਾਰਟੀਆਂ ਤੋਂ ਦੂਰ ਰੱਖਿਆ ਹੈ ਪਰ ਉਨਾਂ ਦੇ ਅੰਦੋਲਨ ਵਿੱਚ ਪਿਛਲੀ ਕਤਾਰ ਵਿੱਚ ਬੈਠ ਕੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਨ ਤੋਂ ਵੀ ਕਿਸਾਨਾਂ ਨੇ ਨਹੀਂ ਰੋਕਿਆ ਹੈ। ਕਿਸਾਨਾਂ ਨੇ ਸਿਰਫ਼ ਸਟੇਜ ‘ਤੇ ਭਾਸ਼ਣਬਾਜੀ ਅਤੇ ਸਿਆਸੀ ਪਾਰਟੀਆਂ ਦੇ ਝੰਡੇ ਇਸ ਅੰਦੋਲਨ ਤੋਂ ਬਾਹਰ ਕੀਤੇ ਗਏ ਹਨ। ਜਦੋਂ ਕਿ ਸਟੇਜ ‘ਤੇ ਥਾਂ ਨਾ ਮਿਲਣ ਦੇ ਨਾਲ ਹੀ ਪਾਰਟੀ ਦਾ ਝੰਡਾ ਨਾ ਲੱਗਣ ਕਰਕੇ ਪਾਰਟੀਆਂ ਨੇ ਆਪਣੇ ਆਪ ਨੂੰ ਹੀ ਇਸ ਧਰਨੇ ਤੋਂ ਦੂਰ ਕਰ ਲਿਆ ਹੈ।
ਕਿਸਾਨ ਜਥੇਬੰਦੀਆਂ ਨੇ ਧਰਨੇ ਤੋਂ ਦੂਰ ਰਹਿਣ ਲਈ ਕਿਹਾ: ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਚੀਮਾ ਨੇ ਕਿਹਾ ਕਿ ਖ਼ੁਦ ਕਿਸਾਨ ਜਥੇਬੰਦੀਆਂ ਨੇ ਹੀ ਉਨਾਂ ਨੂੰ ਧਰਨੇ ਤੋਂ ਦੂਰ ਰਹਿਣ ਲਈ ਕਿਹਾ ਹੋਇਆ ਹੈ, ਜਿਸ ਕਾਰਨ ਉਨਾਂ ਨੇ ਕਿਸਾਨਾਂ ਦਾ ਸਨਮਾਨ ਕਰਦੇ ਹੋਏ ਦੂਰੀ ਬਣਾਈ ਹੈ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ ਜਾਂ ਫਿਰ ਵਰਕਰ ਦਿੱਲੀ ਅੰਦੋਲਨ ਵਿੱਚ ਭਾਗ ਲੈਣ ਲਈ ਨਹੀਂ ਜਾ ਰਿਹਾ ਹੈ।
ਆਖਰੀ ਕਤਾਰ ‘ਚ ਬੈਠ ਕੇ ਦਿਆਗੇ ਕਿਸਾਨਾਂ ਦਾ ਸਾਥ: ਹੇਅਰ
ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਵੱਡਾ ਲੀਡਰ ਦਿੱਲੀ ਨਹੀਂ ਜਾ ਰਿਹਾ ਹੈ, ਕਿਉਂਕਿ ਕਿਸਾਨਾਂ ਦੇ ਇਸ ਧਰਨੇ ਵਿੱਚ ਜੇਕਰ ਉਹ ਦਿਖਾਈ ਦਿੰਦੇ ਹਨ ਤਾਂ ਧਰਨੇ ਨੂੰ ਗਲਤ ਰੂਪ ਦੇ ਦਿੱਤਾ ਜਾਏਗਾ ਪਰ ਉਨਾਂ ਦੀ ਪਾਰਟੀ ਦੇ ਬਲਾਕ ਪੱਧਰ ਦੇ ਲੀਡਰ ਅਤੇ ਵਰਕਰ ਬੱਸਾਂ ਰਾਹੀਂ ਦਿੱਲੀ ਜਰੂਰ ਜਾਣਗੇ ਅਤੇ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਹ ਲੀਡਰ ਅਤੇ ਵਰਕਰ ਮੁਹਰਲੀ ਕਤਾਰ ਵਿੱਚ ਬੈਠ ਕੇ ਲੀਡਰੀ ਚਮਕਾਉਣ ਦੀ ਥਾਂ ‘ਤੇ ਅੰਦੋਲਨ ਦੀ ਆਖਰੀ ਕਤਾਰ ਵਿੱਚ ਬੈਠ ਕੇ ਕਿਸਾਨਾਂ ਦੇ ਧਰਨੇ ਵਿੱਚ ਸਿਰਫ਼ ਨਾਅਰੇ ਮਾਰਦੇ ਹੋਏ ਕਿਸਾਨਾਂ ਨੂੰ ਆਪਣਾ ਸਾਥ ਦੇਣਗੇ। ਉਨਾਂ ਕਿਹਾ ਕਿ ਉਨਾਂ ਦਾ ਕੋਈ ਵੀ ਲੀਡਰ ਆਪਣੀ ਪਾਰਟੀ ਦੀ ਕੋਈ ਵੀ ਨਿਸ਼ਾਨੀ ਨਾਲ ਨਹੀਂ ਲੈ ਕੇ ਜਾਏਗਾ, ਸਗੋਂ ਕਿਸਾਨਾਂ ਦਾ ਭਾਈ ਬਣ ਕੇ ਉਨਾਂ ਨਾਲ ਬੈਠ ਕੇ ਉਨਾਂ ਦੇ ਹੱਕ ਵਿੱਚ ਅੰਦੋਲਨ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.