ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਿਹੈ ‘ਅੰਨਦਾਤਾ ਬਚਾਓ ਕੈਂਪ’

ਪਾਣੀ ਦੀ ਜਾਂਚ ਜ਼ਰੂਰੀ: ਮਾਹਿਰ

ਕੈਂਪ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਫਸਲਾਂ ਲਈ ਵਰਤੇ ਜਾਣ ਵਾਲੇ ਪਾਣੀ ਦੀ ਜਾਂਚ ਕਰਵਾਉਣ ਨੂੰ ਅਤੀ ਜ਼ਰੂਰੀ ਦੱਸਿਆ ਉਨ੍ਹਾਂ ਕਿਹਾ ਕਿ ਪਾਣੀ ਦਾ ਸੈਂਪਲ ਲੈਣ ਵੇਲੇ ਇਹ ਧਿਆਨ ਰੱਖਣਾ ਜ਼ਰੂਰੀ ਹੈ। ਕਿ ਟਿਊਬਵੈੱਲ ਨੂੰ 15 ਮਿੰਟ ਚਲਾਉਣ ਤੋਂ ਬਾਅਦ ਹੀ ਸੈਂਪਲ ਭਰਿਆ ਜਾਵੇ । ਉਨ੍ਹਾਂ ਕਿਹਾ ਕਿ ਸਪਰੇਅ ਵਾਲੇ ਡੱਬੇ ਜਾਂ ਠੰਢੇ ਵਾਲੀ ਬੋਤਲ ‘ਚ ਸੈਂਪਲ ਨਹੀਂ ਭਰਨਾ ਚਾਹੀਦਾ ਇਸ ਤੋਂ ਇਲਾਵਾ ਹੋਰ ਜਿਸ ਬੋਤਲ ‘ਚ ਪਾਣੀ ਭਰਨਾ ਹੈ ਉਸ ਨੂੰ ਸਰਫ਼ ਨਾਲ ਨਹੀਂ ਧੋਣਾ ਸਗੋਂ ਜਿਸ ਪਾਣੀ ਦਾ ਸੈਂਪਲ ਲੈਣਾ ਹੈ ਉਸ ਪਾਣੀ ਨਾਲ ਹੀ ਧੋਤਾ ਜਾਵੇ।

ਇੰਜ ਭਰੋ ਮਿੱਟੀ ਦਾ ਸੈਂਪਲ

ਮਾਹਿਰਾਂ ਨੇ ਦੱਸਿਆ ਕਿ ਕਈ ਕਿਸਾਨ ਮਿੱਟੀ ਟੈਸਟ ਕਰਵਾਏ ਬਿਨਾ ਹੀ ਖਾਦਾਂ ਦੀ ਧੜਾਧੜ ਵਰਤੋਂ ਕਰਦੇ ਰਹਿੰਦੇ ਹਨ ਜੋ ਫਸਲਾਂ ਲਈ ਨੁਕਸਾਨ ਦਾਇਕ ਹੈ । ਉਨ੍ਹਾਂ ਕਿਹਾ ਕਿ ਮਿੱਟੀ ਦੇ ਸੈਂਪਲ ਲਈ ਖੇਤ ‘ਚੋਂ ਉੱਪਰੋਂ ਲੈ ਕੇ ਲਗਭਗ 6 ਇੰਚ ਹੇਠਾਂ ਤੱਕ ਦੀ ਮਿੱਟੀ ਸੈਂਪਲ ਲਈ ਭਰੀ ਜਾਵੇ ਉਨ੍ਹਾਂ ਕਿਹਾ ਕਿ ਕੁੱਝ ਕਿਸਾਨ ਉੱਪਰਲੀ ਪਰਤ ਸਾਈਡ ‘ਤੇ ਕਰਕੇ ਸੈਂਪਲ ਭਰਦੇ ਹਨ, ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਉੱਪਰਲੀ ਪਰਤ ਸਮੇਤ ਸੈਂਪਲ ਭਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਵੱਟ ਦੇ ਨੇੜਿਓਂ ਸੈਂਪਲ ਨਹੀਂ ਭਰਨਾ ਚਾਹੀਦਾ ਤੇ ਖੇਤ ਵਿਚੋਂ ਵੱਖ-ਵੱਖ ਲਗਭਗ ਪੰਜ ਜਾਂ ਛੇ ਥਾਵਾਂ ਤੋਂ ਸੈਂਪਲ ਭਰਨੇ ਚਾਹੀਦੇ ਹਨ।

ਮਿਲ ਗਿਆ ਚਿੱਟੀ ਮੱਖੀ ਦੇ ਹਮਲੇ ਦਾ ਤੋੜ

ਸਰਸਾ (ਭੁਪਿੰਦਰ ਸਰਾਵਾਂ/ ਸੁਖਜੀਤ ਸਿੰਘ) । ਮਾਨਵਤਾ ਭਲਾਈ ਕਾਰਜਾਂ ਕਰਕੇ ਵਿਸ਼ਵ ਭਰ ‘ਚ ਡੰਕਾ ਵਜਾਉਣ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਨੇ ਹੁਣ ਦੇਸ਼ ਦੇ ਅੰਨਦਾਤਿਆਂ ਦੀ ਬਾਂਹ ਵੀ ਫੜ੍ਹ ਲਈ ਹੈ ਕਰਜੇ ਦੇ ਬੋਝ ਹੇਠ ਦਬਿਆ ਖੇਤੀ ਧੰਦਾ ਘਾਟੇ ਦਾ ਸੌਦਾ ਨਾ ਬਣੇ, ਇਸ ਲਈ ਸਮੇਂ-ਸਮੇਂ ਸਿਰ ਡੇਰਾ ਸੱਚਾ ਸੌਦਾ ਵੱਲੋਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਖੇਤੀ ਸਮੱਸਿਆਵਾਂ ਦੇ ਹੱਲ ਤੋਂ ਜਾਣੂੰ ਕਰਵਾਉਣ ਲਈ ਕੈਂਪ ਲਗਾਏ ਜਾ ਰਹੇ ਹਨ ਇਸੇ ਕੜੀ ਤਹਿਤ ਹਰ ਮਹੀਨੇ ਲੱਗਣ ਵਾਲਾ ‘ਅੰਨਦਾਤਾ ਬਚਾਓ ਕੈਂਪ’ ਵੀ ਕਿਸਾਨਾਂ ਲਈ ਵਰਦਾਨ ਸਾਬਿਤ ਹੋਣ ਲੱਗਿਆ ਹੈ।

ਖੇਤੀ ਮਾਹਿਰ ਡਾ. ਦਲੀਪ ਸਾਹੂ ਅਤੇ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਨਰਮੇ ‘ਤੇ ਹੋਏ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਕਿੱਲੋ ਨਿੰਮ ਦੇ ਪੱਤਿਆਂ ਨੂੰ 15 ਲੀਟਰ ਪਾਣੀ ‘ਚ ਉਬਾਲਿਆ ਜਾਵੇ ਜਦੋਂ ਪਾਣੀ ਉੱਬਲਣ ਮਗਰੋਂ 10 ਲੀਟਰ ਰਹਿ ਜਾਵੇ ਤਾਂ ਇਹ 2 ਏਕੜ ਦਾ ਘੋਲ ਤਿਆਰ ਹੋ ਗਿਆ ਉਨ੍ਹਾਂ ਦੱਸਿਆ ਕਿ 1 ਏਕੜ ‘ਚ 5 ਢੋਲੀਆਂ ਦੇ ਛਿੜਕਾਅ ਲਈ 1 ਢੋਲੀ ‘ਚ 1 ਲੀਟਰ ਨਿੰਮ ਦੇ ਪਾਣੀ ਦਾ ਘੋਲ ਪਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਨੈਂਬੀਸਾਈਡ 1 ਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰਨ ਨਾਲ ਵੀ ਚਿੱਟੀ ਮੱਖੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

ਮਾਹਿਰਾਂ ਨੇ ਇਸ ਬਿਮਾਰੀ ਦੇ ਹਮਲੇ ਤੋਂ ਨਰਮਾ ਬਚਾਉਣ ਵਾਸਤੇ ਟ੍ਰਾਈਜੋਫਾਸ 600 ਐਮਐਲ ਪ੍ਰਤੀ ਏਕੜ ਜਾਂ ਇਥੀਆਨ 800 ਐਮਐਲ ਜਾਂ ਓਬਰਾਇਨ 200 ਐਮਐਲ ਜਾਂ ਪੋਲੋ 200 ਗ੍ਰਾਮ ਪ੍ਰਤੀ ਏਕੜ ਵਰਤਣ ਦੀ ਸਲਾਹ ਵੀ ਕਿਸਾਨਾਂ ਨੂੰ ਦਿੱਤੀ ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਦੇ ਹਮਲੇ ਨੂੰ ਬਿਲਕੁਲ ਖ਼ਤਮ ਕਰਨ ਲਈ ਦੋ ਸਪਰੇਆਂ ਬਹੁਤ ਜ਼ਰੂਰੀ ਹਨ। ਮਾਹਿਰਾਂ ਨੇ ਤਕਨੀਕ ਸਮੇਤ ਸਮਝਾਇਆ ਕਿ ਚਿੱਟੀ ਮੱਖੀ ਪਹਿਲੀ ਸਪਰੇਅ ਤੋਂ ਬਾਅਦ ਕੁਝ ਬਚੀ ਰਹਿ ਜਾਂਦੀ ਹੈ ਤੇ ਉਸ ਸਮੇਂ ਬਣੇ ਹੋਏ ਅੰਡੇ ਵੀ ਸਪਰੇਅ ਦੇ ਅਸਰ ‘ਚ ਨਹੀਂ ਆਉਂਦੇ ਇਸ ਲਈ ਪਹਿਲੀ ਸਪਰੇਅ ਤੋਂ ਲਗਭਗ 5 ਜਾਂ 7 ਦਿਨਾਂ ਮਗਰੋਂ ਦੂਜੀ ਸਪਰੇਅ ਦਾ ਛਿੜਕਾਅ ਜ਼ਰੂਰੀ ਹੈ ਤਾਂ ਜੋ ਅੰਡਿਆਂ ‘ਚੋਂ ਨਿੱਕਲੀ ਨਵੀਂ ਮੱਖੀ ਤੇ ਪਹਿਲਾਂ ਬਚੀ ਮੱਖੀ ਨੂੰ ਵੀ ਖ਼ਤਮ ਕੀਤਾ ਜਾ ਸਕੇ ਮਾਹਿਰਾਂ ਨੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਐਸੀਫੇਟ ਤੇ ਪ੍ਰਾਈਡ ਦਾ ਛਿੜਕਾਅ ਨਾ ਕਰਨ ਦੀ ਅਪੀਲ ਵੀ ਕੀਤੀ।

ਨਰਮੇ ‘ਤੇ ਹਰੇ ਤੇਲੇ ਤੋਂ ਬਚਾਅ ਸਬੰਧੀ ਮਾਹਿਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਟਾਰਾ ਦੀ ਥਾਇਆ ਮੈਥਾਕਸਮ 40 ਗ੍ਰਾਮ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ। ਇਸ ਤੋਂ ਇਲਾਵਾ ਐਮੀਡਾਕਲੋਪਰਿਡ (ਕੌਨਫੀਡੋਰ 40 ਐਮ. ਐਲ.) ਜਾਂ ਉਲਾਲਾ 80 ਗ੍ਰਾਮ (ਫਲੋਨੀਕਮਪਾਈਡ) ਦੀ ਵਰਤੋਂ ਕੀਤੀ ਜਾਵੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ । ਕਿ ਉਕਤ ਦਵਾਈਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਜੇ ਸੰਭਵ ਹੋ ਸਕੇ ਤਾਂ ਇਨ੍ਹਾਂ ਬਿਮਾਰੀਆਂ ਵਾਲੇ ਖੇਤਾਂ ‘ਚੋਂ ਪੀੜਤ ਪੌਦਿਆਂ ‘ਚੋਂ ਇੱਕ ਜਾਂ ਦੋ ਪੌਦੇ ਪੁੱਟ ਕੇ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ‘ਚ ਪੌਦਾ ਮਾਹਿਰਾਂ ਨੂੰ ਜ਼ਰੂਰ ਵਿਖਾਏ ਜਾਣ ਤਾਂ ਜੋ ਉਹ ਬਿਮਾਰੀ ਦਾ ਫ਼ਸਲ ‘ਤੇ ਹਮਲਾ ਵੇਖਣ ਉਪਰੰਤ ਦਵਾਈਆਂ ਦੀ ਮਾਤਰਾ ਘਟਾਉਣ-ਵਧਾਉਣ ਸਬੰਧੀ ਦੱਸ ਸਕਣ।

ਝੋਨੇ ਦੀ ਫ਼ਸਲ ‘ਚ ਆਏ ਪੀਲੇਪਣ ਸਬੰਧੀ ਕਿਸਾਨਾਂ ਵੱਲੋਂ ਪੁੱਛੇ ਜਾਣ ‘ਤੇ ਖੇਤੀ ਮਾਹਿਰਾਂ ਨੇ ਦੱਸਿਆ ਕਿ ਮਾੜੇ ਪਾਣੀ ਤੋਂ ਇਲਾਵਾ ਖੇਤ ‘ਚ ਲੋਹੇ ਦੀ ਘਾਟ ਦਾ ਹੋਣਾ ਵੀ ਮੁੱਖ ਕਾਰਨ ਹੈ ਉਨ੍ਹਾਂ ਦੱਸਿਆ ਕਿ 1 ਕਿੱਲੋ ਲੋਹਾ 150 ਲੀਟਰ ਪਾਣੀ ‘ਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਲੋਹੇ ਦਾ ਸਿੱਧਾ ਛੱਟਾ ਝੋਨੇ ‘ਚ ਨਾ ਦਿੱਤਾ ਜਾਵੇ ਇਸ ਮੌਕੇ ਖੇਤੀ ਮਾਹਿਰਾਂ ‘ਚ ਡਾ. ਗੁਰਸੇਵਕ ਸਿੰਘ ਅਤੇ ਦੇਵੀ ਸਹਾਏ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਨੌਜਵਾਨਾਂ ਵਿੱਚ ਯੂ-ਟਿਊਬ ’ਤੇ ਆਪਣਾ ਚੈਨਲ ਬਣਾਉਣ ਦੀ ਲਤ ਬੇਹੱਦ ਚਿੰਤਾਜਨਕ