ਆਖ਼ਿਰ ਕਿਉਂ ਹੋ ਰਹੀ ਹੈ ਬੁਢਾਪੇ ਨਾਲ ਬੇਰੁਖੀ?

ਆਖ਼ਿਰ ਕਿਉਂ ਹੋ ਰਹੀ ਹੈ ਬੁਢਾਪੇ ਨਾਲ ਬੇਰੁਖੀ?

ਪਰਿਵਾਰ, ਸਮਾਜ ਤੇ ਵਾਤਾਵਰਨ ਦੀ ਭੱਠੀ ‘ਚ ਤਪ ਕੇ ਵਿਅਕਤੀ ਦੇ ਜੀਵਨ ਦੇ ਨਾਲ ਉਸ ਦੀ ਵਿਚਾਰਧਾਰਾ ਪਰਿਪੱਕ ਹੁੰਦੀ ਰਹਿੰਦੀ ਹੈ, ਜੋ ਬਜ਼ੁਰਗੀ ਤੱਕ ਵਿਅਕਤੀ ਦੇ ਸੁਭਾਅ ‘ਚੋਂ ਝਲਕਦੀ ਰਹਿੰਦੀ ਹੈ। ਆਦਿ ਕਾਲ ਤੋਂ ਸਾਡੇ ਸਮਾਜ ਵਿੱਚ ਔਰਤ ਨੂੰ ਘਰ-ਪਰਿਵਾਰ ਦੇ ਕੰਮਾਂ ਲਈ ਸਿਆਣੀ ਮੰਨਿਆ ਗਿਆ ਹੈ ਅਤੇ ਮਰਦ ਨੂੰ ਹਮੇਸ਼ਾ ਸਮਾਜਿਕ ਜਾਂ ਸਾਂਝੇ ਕੰਮਾਂ ਲਈ ਪ੍ਰੇਰਿਆ ਗਿਆ ਹੈ। ਸ਼ਾਇਦ ਇਸੇ ਲਈ ਸਾਡੇ ਸੱਭਿਆਚਾਰ ਵਿੱਚ ਬਜ਼ੁਰਗ ਮਨੁੱਖਾਂ ਨੂੰ ਬਾਬਾ ਬੋਹੜ ਤੇ ਬਜ਼ੁਰਗ ਔਰਤਾਂ ਨੂੰ ਘਣਛਾਵੀਂ ਬੇਰੀ ਕਹਿ ਕੇ ਵਿਚਾਰਿਆ ਗਿਆ ਹੈ ਕਿਉਂਕਿ ਬੋਹੜ ਜ਼ਿਆਦਾਤਰ ਸਾਂਝੀਆਂ ਥਾਵਾਂ ਦੀ ਛਾਂ ਬਣਦਾ ਹੈ ਅਤੇ ਬੇਰੀ ਘਰ-ਆਂਗਣ ਨੂੰ ਠੰਢਾ ਰੱਖਦੀ ਹੈ।

ਸਾਡੇ ਜੀਵਨ ਵਿੱਚ ਸਰੀਰ, ਬੁੱਧੀ ਤੇ ਆਤਮਾ ਅੰਦਰ ਇੱਕ ਵੱਡਾ ਮਿਸ਼ਰਣ ਹੈ ਧਰਮ। ਹਰ ਧਰਮ ਸਾਡੇ ਜਿਊਣ ਵਿੱਚ ਵਿਆਕਰਨ ਦਾ ਕੰਮ ਕਰਦਾ ਹੈ। ਜਿਸ ਤਰ੍ਹਾਂ ਵਿਆਕਰਨ ਭਾਸ਼ਾ ਦੀਆਂ ਤਰੁੱਟੀਆਂ ਦੂਰ ਕਰ ਕੇ ਉਸ ਨੂੰ ਸ਼ੁੱਧਤਾ ਬਖਸ਼ਦੀ ਹੈ ਉਸੇ ਤਰ੍ਹਾਂ ਧਰਮ ਵੀ ਜਿਊਣ ਦੀਆਂ ਤਰੁੱਟੀਆਂ ‘ਚ ਸ਼ੁੱਧਤਾ ਲਿਆਉਂਦਾ ਹੈ। ਦੁਨੀਆ ਦੇ ਸਾਰੇ ਧਰਮਾਂ ਨੇ ‘ਬਜ਼ੁਰਗਾਂ ਦੀ ਸੇਵਾ ਰੱਬ ਦੀ ਸੇਵਾ’ ਜਿਹੇ ਤੱਥ ਸਮਾਜ ਨੂੰ ਦਿੱਤੇ ਹਨ।
ਬੁਢਾਪਾ ਵਿਅਕਤੀ ਦੀ ਆਖਰੀ ਸਟੇਜ ‘ਤੇ ਹੈ ਉਸ ਵੇਲੇ ਦੇ ਜਵਾਨਾਂ ਤੇ ਬਜ਼ੁਰਗਾਂ ਦੇ ਖੱਪੇ ਨੂੰ ਉਨ੍ਹਾਂ ਦੀ ਇਸ ਸਟੇਜ ਨੂੰ ਮਨੋਵਿਗਿਆਨਕ ਤੌਰ ‘ਤੇ ਸਮਝਣ ਦੀ ਲੋੜ ਹੈ। ਇੱਕ ਪੀੜ੍ਹੀ ਦੇ ਖੱਪੇ ਨੂੰ ਦਿਮਾਗ ‘ਚ ਰੱਖ ਕੇ ਉਨ੍ਹਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੀ ਲੋੜ ਹੈ।

ਸੁਣਨ, ਪੜ੍ਹਨ ਤੇ ਦੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਲੋਕ ਆਪਣੇ ਲਈ ਘੱਟ ਜਿਊਂਦੇ ਹਨ ਤੇ ਆਪਣੀ ਔਲਾਦ ਲਈ ਵੱਧ ਜਿਊਂਦੇ ਹਨ। ਉਹ ਆਪਣਾ ਬਹੁਤਾ ਜੀਵਨ ਉਨ੍ਹਾਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਲਾਉਂਦੇ ਹਨ ਤੇ ਇਹ ਤੱਥ ਵੀ ਸਾਡੇ ਤੋਂ ਲੁਕੇ ਨਹੀਂ ਕਿ ਫਿਰ ਵੀ ਸਾਡੇ ਬਜ਼ੁਰਗ ਆਪਣੇ ਬੱਚਿਆਂ ਤੋਂ ਵੱਖ ਓਲਡ ਏਜ ਹੋਮ ਵਿੱਚ ਇਕਲਾਪੇ ‘ਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਹ ਵੀ ਸੱਚ ਹੈ ਕਿ ਬਹੁਤੇ ਬਜ਼ੁਰਗ ਜੋ ਘਰਾਂ ‘ਚ ਪਰਿਵਾਰਾਂ ਦੇ ਨਾਲ ਰਹਿ ਰਹੇ ਹਨ ਉਨ੍ਹਾਂ ਵਿੱਚ ਬਹੁਤੇ ਬੱਚੇ ਆਪਣੇ ਬਜ਼ੁਰਗਾਂ ਨੂੰ ਭਾਰ ਸਮਝਦੇ ਹਨ ਜਾਂ ਘਰ ਦੇ ਤਾਲੇ ਤੋਂ ਵੱਧ ਕੁਝ ਨਹੀਂ ਸਮਝਦੇ।

ਅਸੀਂ ਕਦਰਾਂ-ਕੀਮਤਾਂ ਨੂੰ ਇਸ ਤਰ੍ਹਾਂ ਆਪਣੇ ਜੀਵਨ ‘ਚੋਂ ਝਾੜ ਰਹੇ ਹਾਂ, ਜਿਵੇਂ ਕੱਪੜੇ ‘ਤੇ ਚੜ੍ਹਿਆ ਕੀੜਾ ਝਾੜ ਕੇ ਲਾਹੁੰਦੇ ਹਾਂ। ਬਜ਼ੁਰਗਾਂ ਦੀ ਸਲਾਹ ਨੂੰ ਵੀ ਅਸੀਂ ਬੁਢਾਪੇ ਦੀ ਲੀਰੋ-ਲੀਰ ਚਾਦਰ ਸਮਝ ਕੇ ਵੱਖ ਰੱਖਦੇ ਹਾਂ। ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਵੀ ਆਪਣੇ ਅਤੇ ਸਮਾਜ ਲਈ ਉਨ੍ਹਾਂ ਦੀ ਮਹੱਤਤਾ ਨਹੀਂ ਦੱਸਦੇ ਤੇ ਉਨ੍ਹਾਂ ਨੂੰ ਇਕਲਾਪੇ ‘ਚ ਜਿਊਣ ਲਈ ਮਜ਼ਬੂਰ ਕਰਦੇ ਹਾਂ। ਨਿੱਜੀ ਤੇ ਪਰਿਵਾਰਕ ਤੌਰ ‘ਤੇ ਸਾਨੂੰ ਬਜ਼ੁਰਗਾਂ ਨੂੰ ਮਨੋਵਿਗਿਆਨਕ ਪੱਖੋਂ ਸਮਝਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਕੁਝ ਪੀੜ੍ਹੀਆਂ ਜੀਵੀਆਂ ਹੁੰਦੀਆਂ ਹਨ। ਉਨ੍ਹਾਂ ਦਾ ਤਜ਼ਰਬਾ ਵਿਚਾਰਧਾਰਾ ਦੀ ਭੱਠੀ ‘ਚੋਂ ਤਪ ਕੇ ਆਇਆ ਹੁੰਦਾ ਹੈ। ਉਨ੍ਹਾਂ ਨੂੰ ਨਾ ਸਮਝ ਕੇ, ਘਰਾਂ ‘ਚੋਂ ਅੱਡ ਕਰਕੇ ਜਾਂ ਘਰ ਦੇ ਸਟੋਰਾਂ ‘ਚ ਉਨ੍ਹਾਂ ਦੀ ਮੰਜੀ ਡਾਹ ਕੇ ਅਸੀਂ ਉਨ੍ਹਾਂ ਦਾ ਤਿਰਸਕਾਰ ਤਾਂ ਕਰਦੇ ਹੀ ਹਾਂ, ਨੈਤਿਕ ਤੌਰ ‘ਤੇ ਪਾਪ ਵੀ ਕਰਦੇ ਹਾਂ।

ਇਕਲਾਪੇ, ਬੇਰੁਖੀ ਤੇ ਬੇਕਦਰੀ ਕਾਰਨ ਸਾਡਾ ਬਹੁਤਾ ਬਜ਼ੁਰਗ ਸਰਮਾਇਆ ਧਾਰਮਿਕ ਸਥਾਨਾਂ, ਓਲਡ ਏਜ ਹੋਮ ਜਾਂ ਪਿੰਡਾਂ ਦੇ ਇਕੱਲੇ ਘਰਾਂ ‘ਚ ਜੀਵਨ ਬਤੀਤ ਕਰ ਰਿਹਾ ਹੈ। ਕਾਨੂੰਨੀ ਪ੍ਰਕਿਰਿਆ ਰਾਹੀਂ ਕੋਈ ਸੌਖੀ ਪ੍ਰਣਾਲੀ ਅਪਣਾ ਕੇ ਬਾਕੀ ਦੇਸ਼ਾਂ ਦੀ ਤਰਜ਼ ‘ਤੇ ਭਾਵੇਂ ਉਸ ਨੇ ਸਰਕਾਰੀ ਸੇਵਾ ਨਿਭਾਈ ਜਾਂ ਨਹੀਂ, ਹਰ ਬਜ਼ੁਰਗ ਨੂੰ ਸੀਨੀਅਰ ਸਿਟੀਜਨ ਫਲ ਪਹੁੰਚਾਉਣਾ ਸਰਕਾਰ ਦੀ ਮੁੱਖ ਡਿਊਟੀ ‘ਚ ਸ਼ਾਮਲ ਕਰਨ ਦੀ ਲੋੜ ਹੈ। ਸਾਡੇ ਦੇਸ਼ ਦਾ ਮੰਦਭਾਗ ਇਹ ਵੀ ਬਣ ਚੁੱਕਾ ਹੈ, ਜਿੰਨੀ ਦੇਰ ਤੱਕ ਲੋਕ ਸੰਘਰਸ਼ ਕਰਕੇ, ਨਾਅਰੇ ਲਾ ਕੇ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦੋਂ ਨਾ ਜਗਾਉਣ, ਓਨੀ ਦੇਰ ਕੋਈ ਪ੍ਰਸ਼ਾਸਨਿਕ ਕੰਮ ਆਪਣੀ ਲੀਹ ਅਨੁਸਾਰ ਨਹੀਂ ਹੁੰਦਾ।

ਮੈਂ ਸੀਨੀਅਰ ਸਿਟੀਜਨਾਂ ਨੂੰ ਕਈ ਵਾਰ ਸੜਕਾਂ ‘ਤੇ ਰੈਲੀਆਂ ਜਲਸੇ ਕਰਦੇ ਹੱਥਾਂ ‘ਚ ਬਜ਼ੁਰਗਾਂ ਵਾਲੀਆਂ ਸੋਟੀਆਂ ਫੜ ਕੇ ਮਾਰਚ ਕਰਦੇ ਵੇਖਿਆ ਹੈ। ਬਜ਼ੁਰਗ ਔਰਤਾਂ ਨੂੰ ਵੀਰ-ਵੀਰ, ਸਾਬ੍ਹ-ਸਾਬ੍ਹ ਜਾਂ ਪੁੱਤ-ਪੁੱਤ ਕਹਿ ਕੇ ਅਧਿਕਾਰੀਆਂ, ਕਰਮਚਾਰੀਆਂ ਨੂੰ ਪੁਕਾਰਦਿਆਂ ਵੇਖਿਆ ਹੈ। ਸੀਨੀਅਰ ਸਿਟੀਜਨਾਂ ਦੀਆਂ ਫਾਈਲਾਂ ਭ੍ਰਿਸ਼ਟਾਚਾਰ ਦੇ ਪਹੀਏ ਨਾ ਲੱਗਣ ਕਾਰਨ ਅਪੰਗ ਹੋਈਆਂ ਵੇਖੀਆਂ-ਸੁਣੀਆਂ ਹਨ। ਕਚਹਿਰੀਆਂ ਦੀ ਲੁੱਟ ਕਿਸ ਤੋਂ ਛੁਪੀ ਹੈ। ਪਹਿਲਾਂ ਲੋਕ ਦੁਆ ਮੰਗਦੇ ਸਨ ਕਿ ਰੱਬਾ ਸਾਨੂੰ ਡਾਕਟਰਾਂ ਕੋਲ ਨਾ ਪੁਚਾਵੀਂ, ਸ਼ਾਇਦ ਹੁਣ ਇਹ ਦੁਆ ਮੰਗਦੇ ਹਨ ਕਿ ਸਾਨੂੰ ਕਚਹਿਰੀ ਦੇ ਚੱਕਰ ਨਾ ਪਾਵੀਂ। ਪ੍ਰਸ਼ਾਸਨਕ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਫਰਜ਼ ਹੈ ਕਿ ਉਹ ਆਪਣੇ ਘਰਾਂ ਦੇ ਬਜ਼ੁਰਗਾਂ ਵਾਂਗ ਨੈਤਿਕ ਡਿਊਟੀ ਵਜੋਂ ਸਾਰੇ ਬਜ਼ੁਰਗਾਂ ਨਾਲ ਚੰਗਾ ਵਿਹਾਰ ਕਰਨ ਤੇ ਉਨ੍ਹਾਂ ਦੇ ਬਣਦੇ ਲਾਭ ਸਮੇਂ-ਸਮੇਂ ਉਨ੍ਹਾਂ ਨੂੰ ਪਹੁੰਚਾਉਣ।

ਵਿਅਕਤੀ ਦੀ ਉਮਰ ਦੀ ਆਖਰੀ ਸਟੇਜ ਬੁਢਾਪੇ ਨੂੰ ਸਮਾਜ ਅੱਜ ਪੂਰੀ ਤਰ੍ਹਾਂ ਗਲੇ ਨਹੀਂ ਲਾ ਰਿਹਾ। ਸਮਾਜ ਪੱਖ ਤੋਂ ਅਸੀਂ ਨੈਤਿਕ ਜ਼ਿੰਮੇਵਾਰੀਆਂ ਤੋਂ ਭੱਜਦੇ ਜਾ ਰਹੇ ਹਾਂ। ਸ਼ਹਿਰਾਂ ਵਿੱਚ ਹਰ ਰੋਜ਼ ਵਧ ਰਹੇ ਬਜ਼ੁਰਗਾਂ ਨਾਲ ਹਾਦਸੇ ਚਿੰਤਾ ਦਾ ਵਿਸ਼ਾ ਹਨ। ਲੁੱਟਾਂ, ਖੋਹਾਂ, ਕਤਲੋਗਾਰਤ, ਠੱਗੀ-ਠੋਰੀ ਦੀਆਂ ਵਾਰਦਾਤਾਂ ਬਜ਼ੁਰਗਾਂ ਨੂੰ ਮਾਨਸਿਕ ਰੋਗੀ ਬਣਾ ਰਹੀਆਂ ਹਨ। ਜਨਤਕ ਸਥਾਨਾਂ ‘ਤੇ ਵੀ ਬਜ਼ੁਰਗਾਂ ਨਾਲ ਬੇਹੁਰਮਤੀ ਸਾਡੇ ਸੁਭਾਅ ਦਾ ਹਿੱਸਾ ਬਣਦਾ ਜਾਂਦਾ ਹੈ।

ਬਜ਼ੁਰਗ ਸਾਡੇ ਦੇਸ਼ ਦਾ ਵੱਡਮੁੱਲਾ ਸਰਮਾਇਆ ਹੈ। ਉਨ੍ਹਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਆਪਣੇ ਦੇਸ਼ ਨੂੰ ਦਿੱਤਾ ਹੁੰਦਾ ਹੈ। ਇਸ ਸਰਮਾਏ ਪ੍ਰਤੀ ਸਾਡੇ ਫਰਜ਼ ਨੈਤਿਕ ਅਤੇ ਕਾਨੂੰਨੀ ਤੌਰ ‘ਤੇ ਬੱਝਣੇ ਚਾਹੀਦੇ ਹਨ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਬਜ਼ੁਰਗਾਂ ਦੀਆਂ ਸਹੂਲਤਾਂ ‘ਚ ਦਿੱਕਤਾਂ ਖਤਮ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝ ਕੇ ਸਾਨੂੰ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਮਹੱਤਤਾ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਨਾ ਤਾਂ ਸਰਕਾਰਾਂ ਨੂੰ ਭੁੱਲਣਾ ਚਾਹੀਦਾ ਹੈ ਤੇ ਨਾ ਹੀ ਸਾਨੂੰ।
ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.