ਭਾਰਤੀ ਰਸਾਇਣਕ ਵਿਗਿਆਨ ਦੇ ਪਿਤਾਮਾ, ਆਚਾਰੀਆ ਪ੍ਰਫੁੱਲ ਚੰਦਰ ਰਾਏ
ਆਚਾਰੀਆ ਪ੍ਰਫੁੱਲ ਚੰਦਰ ਰਾਏ ਇੱਕ ਮਹਾਨ ਅਧਿਆਪਕ, ਸੱਚੇ ਦੇਸ਼ ਭਗਤ, ਕਰਮਯੋਗੀ, ਬਹੁਪੱਖੀ ਸ਼ਖਸੀਅਤ ਅਤੇ ਮਹਾਨ ਵਿਗਿਆਨੀ ਸਨ। ਉਹ ਭਾਰਤ ਵਿੱਚ ਵਿਗਿਆਨਕ ਅਤੇ ਉਦਯੋਗਿਕ ਵਿਕਾਸ ਦੇ ਥੰਮ੍ਹ ਸਨ। ਇਨ੍ਹਾਂ ਨੇ ਫਾਰਮਾਸਿਊਟੀਕਲ ਉਦਯੋਗ ਵਿੱਚ ਭਾਰਤ ਨੂੰ ਮਾਣਮੱਤੇ ਮੁਕਾਮ ’ਤੇ ਪਹੁੰਚਾੳਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਇਨ੍ਹਾਂ ਦੀਆਂ ਖੋਜਾਂ ਨੇ ਭਾਰਤੀ ਰਸਾਇਣਕ ਵਿਗਿਆਨ ਨੂੰ ਨਵੀਂ ਦਿਸ਼ਾ ਦਿੱਤੀ। ਇਸੇ ਕਰਕੇ ਇਨ੍ਹਾਂ ਨੂੰ ਭਾਰਤੀ ਰਸਾਇਣਕ ਵਿਗਿਆਨ ਦਾ ਪਿਤਾਮਾ ਕਿਹਾ ਜਾਂਦਾ ਹੈ। ਇਨ੍ਹਾਂ ਨੇ ਆਪਣਾ ਸਾਰਾ ਜੀਵਨ ਵਿਗਿਆਨ ਨੂੰ ਸਮਰਪਿਤ ਕੀਤਾ ਅਤੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ।
ਇਨ੍ਹਾਂ ਦੇ ਸਧਾਰਨ ਰਹਿਣ-ਸਹਿਣ ਤੇ ਉੱਚ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮਹਾਤਮਾ ਗਾਂਧੀ ਨੇ ਕਿਹਾ ਸੀ, ‘‘ਰਾਏ ਜੀ ਨੂੰ ਸ਼ੁੱਧ ਭਾਰਤੀ ਪਹਿਰਾਵੇ ’ਚ ਵੇਖ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਮਹਾਨ ਵਿਗਿਆਨੀ ਹੋ ਸਕਦੇ ਹਨ।’’ ਉਹ ਇੱਕ ਮਹਾਨ ਵਿਗਿਆਨੀ ਹੋਣ ਦੇ ਨਾਲ-ਨਾਲ ਇੱਕ ਸੱਚੇ ਦੇਸ਼ ਭਗਤ ਵੀ ਸਨ। ਉਹ ਸਾਹਿਤ ਵਿੱਚ ਵੀ ਰੁਚੀ ਰੱਖਦੇ ਸਨ।
ਆਚਾਰੀਆ ਪ੍ਰਫੁੱਲ ਚੰਦਰ ਰਾਏ ਜੀ ਦਾ ਜਨਮ 2 ਅਗਸਤ 1861 ਨੂੰ ਜੈਸੌਰ ਜਿਲ੍ਹੇ (ਹੁਣ ਬੰਗਲਾਦੇਸ਼ ਦਾ ਖਲਨਾ ਜਿਲ੍ਹਾ) ਦੇ ਇੱਕ ਛੋਟੇ ਜਿਹੇ ਪਿੰਡ ਰਾਰੌਲੀ ਕਤੀਪੜਾ ’ਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂਅ ਸ੍ਰੀ ਹਰੀਸ਼ ਚੰਦਰ ਰਾਏ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਭੁਵਣਮੋਹਿਨੀ ਦੇਵੀ ਸੀ। ਇਨ੍ਹਾਂ ਦੇ ਪਿਤਾ ਅਮੀਰ ਜਿਮੀਂਦਾਰ ਅਤੇ ਉਦਾਰਵਾਦੀ ਵਿਚਾਰਾਂ ਵਾਲੇ ਸਨ। ਇਨ੍ਹਾਂ ਦੇ ਪਿਤਾ ਨੇ ਆਪਣੇ ਪਿੰਡ ਵਿੱਚ ਲਾਇਬ੍ਰੇਰੀ ਅਤੇ ਮਾਡਲ ਸਕੂਲ ਸਥਾਪਿਤ ਕੀਤੇ।
ਆਚਾਰੀਆ ਜੀ ਨੇ ਵੀ ਮੁੱਢਲੀ ਸਿੱਖਿਆ ਇਸੇ ਸਕੂਲ ’ਚੋਂ ਪ੍ਰਾਪਤ ਕੀਤੀ। ਇਨ੍ਹਾਂ ਦਾ ਅੰਗਰੇਜੀ ਸਿੱਖਿਆ ਵੱਲ ਵਿਸ਼ੇਸ਼ ਝੁਕਾਅ ਸੀ। 1870 ਵਿੱਚ ਇਨ੍ਹਾਂ ਦਾ ਸਾਰਾ ਪਰਿਵਾਰ ਕਲਕੱਤੇ ਆ ਗਿਆ ਤਾਂ ਜੋ ਆਚਾਰੀਆ ਜੀ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ। ਆਚਾਰੀਆ ਜੀ ਨੇ ਆਪਣੇ ਭਰਾ ਨਲਿਨੀਕਾਂਤ ਨਾਲ ਡੇਵਿਡ ਹੇਅਰ ਦੇ ਸਕੂਲ ਵਿੱਚ ਬੜੀ ਦਿਲਚਸਪੀ ਨਾਲ ਪੜ੍ਹਾਈ ਸ਼ੁਰੂ ਕੀਤੀ, ਪਰ ਪੇਚਸ਼ ਦੇ ਤੇਜ ਹਮਲੇ ਕਾਰਨ ਆਚਾਰੀਆ ਜੀ ਪੜ੍ਹਾਈ ਜਾਰੀ ਨਾ ਰੱਖ ਸਕੇ।
ਬਿਮਾਰੀ ਦੌਰਾਨ ਵੀ ਇਨ੍ਹਾਂ ਨੇ ਲਾਤੀਨੀ, ਫਰੈਂਚ ਤੇ ਯੂਨਾਨੀ ਭਾਸ਼ਾ ਸਿੱਖੀ। 2 ਸਾਲ ਬਾਅਦ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਅਤੇ 1879 ਵਿੱਚ ਮੈਟਿ੍ਰਕ ਪਾਸ ਕੀਤੀ।ਮੈਟਿ੍ਰਕ ਪਾਸ ਕਰਨ ਤੋਂ ਬਾਅਦ ਮੈਟਰੋਪੋਲੀਟਨ ਇੰਸਟੀਚਿਊਟ (ਹੁਣ ਵਿੱਦਿਆ ਸਾਗਰ ਕਾਲਜ) ਪੜ੍ਹਨ ਲੱਗੇ। ਪ੍ਰੈਜੀਡੈਂਸੀ ਕਾਲਜ ਵਿੱਚ ਰਸਾਇਣਕ ਵਿਗਿਆਨ ਦੇ ਲੈਕਚਰ ਸੁਣਦੇ-ਸੁਣਦੇ ਇਨ੍ਹਾਂ ਦਾ ਝੁਕਾਅ ਰਸਾਇਣਕ ਵਿਗਿਆਨ ਵੱਲ ਹੋ ਗਿਆ। 1882 ਵਿੱਚ ਗਿਲਕਿ੍ਰਸਟ ਵਜੀਫਾ ਲੈ ਕੇ ਈਡਨਬਰਾ ਯੂਨੀਵਿਰਸਟੀ ਇੰਗਲੈਂਡ ਚਲੇ ਗਏ। ਉਹ ਯੂਨੀਵਿਰਸਟੀ ਦੇ ਕੈਮਿਸਟਰੀ ਦੇ ਪ੍ਰੋਫੈਸਰ ਕ੍ਰਮ ਬ੍ਰਾਊਨ ਤਂੋ ਬਹੁਤ ਪ੍ਰਭਾਵਿਤ ਹੋਏ ਤੇ ਇਨ੍ਹਾਂ ਦਾ ਕੈਮਿਸਟਰੀ ਪ੍ਰਤੀ ਲਗਾਓ ਹੋਰ ਵਧ ਗਿਆ। ਆਪਣੇ ਅਕਾਰਬਨੀ ਰਸਾਇਣ ’ਤੇ ਖੋਜ ਲਈ 1888 ਵਿੱਚ ਇਨ੍ਹਾਂ ਨੂੰ ਡੀ. ਐਸ. ਸੀ. ਦੀ ਡਿਗਰੀ ਪ੍ਰਦਾਨ ਕੀਤੀ ਗਈ।
ਡੀ. ਐਸ. ਸੀ. ਕਰਨ ਤੋਂ ਬਾਅਦ ਇਹ 1888 ਵਿੱਚ ਵਾਪਸ ਭਾਰਤ ਪਰਤੇ। ਉਸ ਸਮੇਂ ਕਾਲਜਾਂ ਵਿੱਚ ਸਿਰਫ ਅੰਗਰੇਜਾਂ ਨੂੰ ਹੀ ਚੰਗੀਆਂ ਪੁਜੀਸ਼ਨਾਂ ਦਿੱਤੀਆਂ ਜਾਂਦੀਆਂ ਸਨ। ਵਿਦੇਸ਼ ਵਿੱਚੋਂ ਡੀ. ਐਸ. ਸੀ. ਪ੍ਰਾਪਤ ਕਰਨ ’ਤੇ ਵੀ ਇੱਕ ਸਾਲ ਤੱਕ ਇਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ। ਰਾਏ ਯੂਰਪੀਅਨ ਪਹਿਰਾਵਾ ਛੱਡ ਕੇ ਸ਼ੁੱਧ ਭਾਰਤੀ ਲਿਬਾਸ (ਖੱਦਰ ਦਾ ਧੋਤੀ ਕੁੜਤਾ) ਪਹਿਨਣ ਲੱਗੇ।
ਇਸ ਸਮੇਂ ਦੌਰਾਨ ਆਪਣੇ ਦੋਸਤ ਡਾ. ਜਗਦੀਸ਼ ਚੰਦਰ ਬੋਸ ਨਾਲ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਕਰਦੇ ਰਹੇ।1889 ਵਿੱਚ ਪ੍ਰਫੁੱਲ ਚੰਦਰ ਰਾਏ ਨੇ ਪ੍ਰੈਜੀਡੈਂਸੀ ਕਾਲਜ ਵਿੱਚ ਕੈਮਿਸਟਰੀ ਦੇ ਸਹਾਇਕ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਿਆ। ਇੱਕ ਅੰਗਰੇਜ ਸਹਾਇਕ ਪ੍ਰੋਫੈਸਰ ਨੂੰ 1100 ਤੋਂ 1200 ਰੁਪਏ ਤਨਖਾਹ ਮਿਲਦੀ ਸੀ ਪਰ ਇਨ੍ਹਾਂ ਨੂੰ 250 ਰੁਪਏ ਦਿੱਤੀ ਗਈ। ਇਸ ਵਿਤਕਰੇ ਲਈ ਅੰਗਰੇਜ ਅਧਿਕਾਰੀ ਕ੍ਰੌਫਟ ਨਾਲ ਗੱਲ ਕੀਤੀ ਤਾਂ ਉਸ ਨੇ ਵਿਅੰਗਆਤਮਕ ਤਰੀਕੇ ਨਾਲ ਕਿਹਾ ਕਿ ਤੁਸੀਂ ਕੋਈ ਵੀ ਕੰਮ ਕਰਨ ਲਈ ਅਜ਼ਾਦ ਹੋ।
ਪ੍ਰਫੁੱਲ ਚੰਦਰ ਰਾਏ ਬਹੁਤ ਹੀ ਕਰਮਯੋਗੀ ਅਤੇ ਸਮਾਜਸੇਵੀ ਸਨ। ਇਨ੍ਹਾਂ ਦੀ ਕਈ ਵਾਰ ਮੁਲਾਕਾਤ ਮਹਾਤਮਾ ਗਾਂਧੀ ਨਾਲ ਹੋਈ। ਮਹਾਤਮਾ ਗਾਂਧੀ ਵੀ ਇਨ੍ਹਾਂ ਦੀ ਸਮਾਜ ਸੇਵਾ ਤੋਂ ਬਹੁਤ ਪ੍ਰਭਾਵਿਤ ਸਨ। ਇੱਕ ਵਾਰ ਰਾਏ ਦੇ ਮਿੱਤਰ ਗੋਪਾਲ ਕਿ੍ਰਸ਼ਨ ਗੋਖਲੇ ਦੇ ਘਰ ਮਹਾਂਤਮਾ ਨਾਲ ਮੁਲਾਕਾਤ ਹੋਈ, ਉਸ ਸਮੇਂ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਵਾਪਸ ਆਏ ਸਨ। ਗਾਂਧੀ ਜੀ ਅਤੇ ਰਾਏ ਨੇ ਹੜ੍ਹ ਪੀੜਤਾਂ ਨੂੰ ਰਾਹਤ ਦਿਵਾਉਣ ਲਈ ਬਹੁਤ ਮੱਦਦ ਕੀਤੀ। ਗਾਂਧੀ ਜੀ ਇਨ੍ਹਾਂ ਨੂੰ ਹੜ੍ਹਾਂ ਦਾ ਡਾਕਟਰ ਕਹਿਣ ਲੱਗੇ।
ਪ੍ਰਫੁੱਲ ਚੰਦਰ ਦਾ ਬਹੁਤਾ ਕੰਮ ਨਾਈਟ੍ਰਾਈਟ ’ਤੇ ਸੀ। ਇਸ ਲਈ ਇਨ੍ਹਾਂ ਨੂੰ ਨਾਈਟ੍ਰਾਈਟ ਦਾ ਮਾਸਟਰ ਕਿਹਾ ਜਾਂਦਾ ਸੀ। ਇਨ੍ਹਾਂ ਨੇ ਮਰਕਰੀ ਅਤੇ ਨਾਈਟਿ੍ਰਕ ਐਸਿਡ ’ਤੇ ਖੋਜ ਸ਼ੁਰੂ ਕੀਤੀ ਅਤੇ ਜਲਦ ਮਰਕਿਊਰਸ ਨਾਈਟ੍ਰਾਈਟ ਦੀ ਖੋਜ ਕੀਤੀ। ਇਸ ਖੋਜ ਨਾਲ ਦੁਨੀਆਂ ਭਰ ’ਚ ਰਾਏ ਦੀ ਬਹੁਤ ਤਾਰੀਫ ਹੋਈ। ਰਾਏ ਹੁਣ ਦਵਾਈਆਂ ਬਣਾਉਣ ਦਾ ਸੋਚਣ ਲੱਗੇ। ਸੋਚ ਹਕੀਕਤ ਵਿੱਚ ਉਦੋਂ ਬਦਲਣੀ ਸ਼ੁਰੂ ਹੋਈ, ਜਦੋਂ ਇਨ੍ਹਾਂ ਦੇ ਦੋਸਤ ਡਾ. ਅਮੁੱਲਿਆ ਚਰਨ ਬੋਸ ਨੇ ਦਵਾਈਆਂ ਬਣਾਉਣ ਲਈ ਹਾਂ ਕੀਤੀ। 1892 ਨੂੰ ਇੱਕ ਛੋਟੇ ਜਿਹੇ ਕਮਰੇ ’ਚ ਬੰਗਾਲ ਕੈਮੀਕਲ ਐਂਡ ਫਾਰਮਾਸਿਊਟੀਕਲ ਵਰਕਸ ਸ਼ੁਰੂ ਕੀਤੀ।
ਦੋਨੋਂ ਦੋਸਤਾਂ ਦੀ ਮਿਹਨਤ ਰੰਗ ਲਿਆਈ, ਕੰਪਨੀ ਨੇ ਵਧੀਆ ਤਰੱਕੀ ਕੀਤੀ। ਸਤੰਬਰ 1898 ਵਿੱਚ ਡਾ ਅਮੱਲਿਆ ਚਰਨ ਬੋਸ ਦੀ ਮੌਤ ਨਾਲ ਰਾਏ ਨੂੰ ਬਹੁਤ ਸਦਮਾ ਲੱਗਾ। ਮਿਹਨਤੀ ਅਤੇ ਦਿ੍ਰੜ ਇਰਾਦੇ ਵਾਲੇ ਰਾਏ ਨੇ ਬਹੁਤ ਜਲਦੀ ਕੰਮ ਨੂੰ ਦੁਬਾਰਾ ਲੀਹ ’ਤੇ ਲਿਆਂਦਾ।1901 ਨੂੰ ਇਨ੍ਹਾਂ ਨੇ ਕੰਪਨੀ ਨੂੰ ਲਿਮਟਿਡ ਬਣਾ ਦਿੱਤਾ। ਦੂਸਰੇ ਵਿਸ਼ਵ ਯੁੱਧ ਦੌਰਾਨ ਦਵਾਈਆਂ ਦੀ ਮੰਗ ਹੋਰ ਤੇਜ ਹੋ ਗਈ। ਇਸ ਕੰਪਨੀ ਨੇ ਹਜਾਰਾਂ ਲੋਕਾਂ ਦੇ ਘਰ ਰੋਟੀ ਪੱਕਦੀ ਕੀਤੀ ਤੇ ਹਜਾਰਾਂ ਲੋਕਾਂ ਨੂੰ ਤੰਦਰੁਸਤ ਕੀਤਾ। 1940 ਤੱਕ ਪੀ. ਸੀ. ਰਾਏ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਰਹੇ।
ਪੀ. ਸੀ. ਰਾਏ ਨੇ ਪ੍ਰਾਚੀਨ ਸ਼ਾਸਤਰਾਂ ਦਾ ਬਹੁਤ ਅਧਿਐਨ ਕੀਤਾ। ਲਗਭਗ 15 ਸਾਲ ਦੀ ਮਿਹਨਤ ਸਦਕਾ ਦ ਹਿਸਟਰੀ ਆਫ ਹਿੰਦੂ ਕੈਮਿਸਟਰੀ ਨਾਮਕ ਵਿਸ਼ਾਲ ਕਿਤਾਬ ਦੋ ਜਿਲਦਾਂ ਵਿੱਚ 1902 ਤੇ 1907 ਵਿੱਚ ਪ੍ਰਕਾਸ਼ਿਤ ਕੀਤੀ। ਇਸ ਪੁਸਤਕ ਦੀ ਬਹੁਤ ਪ੍ਰਸੰਸਾ ਹੋਈ। ਪੀ. ਸੀ. ਰਾਏ ਦੀ ਆਖਰੀ ਪੁਸਤਕ ਲਾਈਫ ਐਂਡ ਐਕਸਪੀਰੀਐਂਸਿਜ ਆਫ ਏ ਬੰਗਾਲੀ ਕੈਮਿਸਟ ਵੀ ਦੋ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਈ। ਇਹ ਪੁਸਤਕ ਪਹਿਲੀਆਂ ਪੁਸਤਕਾਂ ਨਾਲੋਂ ਵੱਧ ਮਕਬੂਲ ਹੋਈ। ਇਸ ਪੁਸਤਕ ਦਾ ਰੀਵੀਊ ਬਹੁਤ ਪ੍ਰਸਿੱਧ ਵਿਗਿਆਨੀ ਪ੍ਰੋ. ਆਰਮਸਟਰਾਂਗ ਨੇ ਨੇਚਰ ਜਰਨਲ ਵਿੱਚ ਕੀਤਾ। ਇਸ ਕਿਤਾਬ ਨੂੰ ਬੰਗਾਲੀ ਭਾਸ਼ਾ ਵਿੱਚ ਖੁਦ ਅਨੁਵਾਦ ਕੀਤਾ ਤੇ ਇਸ ਦਾ ਨਾਂਅ ‘ਆਤਮ ਚਰਿਤਾ’ ਰੱਖਿਆ। ਬੰਗਾਲੀ ਸਾਹਿਤ ਵਿੱਚ ਯੋਗਦਾਨ ਦੇ ਸਨਮਾਨ ਵਜੋਂ ਇਨ੍ਹਾਂ ਨੂੰ ਦੋ ਵਾਰ ਬੰਗਾਲੀ ਸਾਹਿਤ ਸੰਮੇਲਨ ਦਾ ਪ੍ਰਧਾਨ ਚੁਣਿਆ ਗਿਆ।
1916 ’ਚ ਪੀ.?ਸੀ.?ਰਾਏ ਪ੍ਰੈਜੀਡੈਂਸੀ ਕਾਲਜ ਤੋਂ ਰਿਟਾਇਰ ਹੋਏ। ਕਲਕੱਤਾ ਯੂਨੀਵਿਰਸਟੀ ਦੇ ਵਾਈਸ ਚਾਂਸਲਰ ਸਰ ਅਸ਼ੂਤੋਸ਼ ਮੁਖਰਜੀ ਦੀ ਬੇਨਤੀ ’ਤੇ ਰਿਟਾਇਰ ਹੋਣ ਤੋਂ ਬਾਅਦ ਯੂਨੀਵਰਸਿਟੀ ਕਾਲਜ ਆਫ ਸਾਇੰਸ ਵਿੱਚ ਬਤੌਰ ਕੈਮਿਸਟਰੀ ਪ੍ਰੋਫੈਸਰ ਨਿਯੁਕਤ ਹੋਏ। ਬਾਅਦ ਵਿੱਚ ਇਸ ਦੇ ਡਾਇਰੈਕਟਰ ਬਣੇ। 1936 ਵਿੱਚ ਇਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ। ਰਾਏ ਨੇ ਸਿਰਫ ਪਹਿਲੇ 5 ਸਾਲ ਤਨਖਾਹ ਲਈ, ਬਾਕੀ 15 ਸਾਲ ਦੀ ਤਨਖਾਹ ਗਰੀਬ ਵਿਦਿਆਰਥੀਆਂ ਦੀ ਫੀਸ ਅਤੇ ਕਾਲਜ ਵਿੱਚ ਸਾਮਾਨ ਆਦਿ ਲਈ ਦਿੰਦੇ ਰਹੇ।
ਪ੍ਰਫੁੱਲ ਚੰਦਰ ਰਾਏ ਨੂੰ ਮਹਾਨ ਕਾਰਜਾਂ ਬਦਲੇ ਯੂਰਪ ਦੀਆਂ ਕਈ ਯੂਨੀਵਿਰਸਟੀਆਂ ਨੇ ਡੀ. ਐਸ. ਸੀ. ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ। ਬਿ੍ਰਟਿਸ਼ ਸਰਕਾਰ ਨੇ ਵੀ ਸੀ. ਆਈ. ਈ. ਅਤੇ ਸਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਭਾਰਤ ਵਿੱਚ ਵੀ ਕਈ ਯੂਨੀਵਿਰਸਟੀਆਂ ਨੇ ਆਨਰੇਰੀ ਡਾਕਟਰੇਟ ਪ੍ਰਦਾਨ ਕੀਤੀਆਂ। ਇਹ ਇੰਡੀਅਨ ਸਾਇੰਸ ਕਾਂਗਰਸ ਅਤੇ ਇੰਡੀਅਨ ਕੈਮੀਕਲ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ।ਦੂਜੇ ਵਿਸਵ ਯੁੱਧ ਦੌਰਾਨ ਇਹ ਬਿਮਾਰ ਰਹਿਣ ਲੱਗੇ ਅਤੇ 16 ਜੂਨ 1944 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਮੁੱਖ ਅਧਿਆਪਕ
ਸਰਕਾਰੀ ਹਾਈ ਸਕੂਲ, ਕਮਾਲਪੁਰ
ਡਾ. ਪਰਮਿੰਦਰ ਸਿੰਘ ਦੇਹੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ