ਹਾਦਸਾ! ਜਦ ਬਚੇ ਲੋਕਾਂ ਨੂੰ ਵੀ ਜਿੰਦਾ ਰਹਿਣ ਲਈ ਸੰਘਰਸ਼ ਕਰਨਾ ਪਿਆ

Struggle to Survive

ਹਾਦਸਾ! ਜਦ ਬਚੇ ਲੋਕਾਂ ਨੂੰ ਵੀ ਜਿੰਦਾ ਰਹਿਣ ਲਈ ਸੰਘਰਸ਼ ਕਰਨਾ ਪਿਆ

ਸਾਡੇ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਹਾਦਸੇ ਹੋਏ ਹਨ ਜਿਨ੍ਹਾਂ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਜਿਉਂਦੇ ਰਹਿਣ ਲਈ ਬੜੇ ਹੀ ਭਿਆਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ। ਅਜਿਹੀ ਹੀ ਇੱਕ ਘਟਨਾ 13 ਅਕਤੂਬਰ 1972 ਨੂੰ ਉਰਗਵੇ ਅਤੇ ਚਿਲੀ ਨਾਮੀ ਦੇਸ਼ਾਂ ਵਿਚਕਾਰ ਪੈਂਦੇ ਐਨਡੀਜ਼ ਦੇ ਬਰਫੀਲੇ ਪਹਾੜਾਂ ਵਿੱਚ ਵਾਪਰੀ ਸੀ। ਜਿਸ ਵਿੱਚ ਜਿਉਂਦੇ ਬਚੇ ਇਨਸਾਨਾਂ ਨੂੰ ਖਾਣੇ ਬਿਨਾਂ 72 ਦਿਨ ਤੱਕ ਰਹਿਣਾ ਪਿਆ ਸੀ ਅਤੇ ਆਪਣੇ ਜ਼ਖ਼ਮੀ ਸਾਥੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਭੁੱਖ ਨਾਲ ਮਰਦੇ ਹੋਏ ਵੇਖਣਾ ਪਿਆ ਸੀ।

ਇਤਿਹਾਸ ਵਿੱਚ ਇਹ ਦੁਰਘਟਨਾ ਦੋ ਖਿਡਾਰੀਆਂ ਦੇ ਹੌਂਸਲੇ ਲਈ ਵੀ ਜਾਣੀ ਜਾਂਦੀ ਹੈ ਜਿਨਾਂ ਨੇ ਇੱਕ ਸੱਚੇ ਤੇ ਬਹਾਦਰ ਖਿਡਾਰੀਆਂ ਵਾਂਗ ਅਖੀਰ ਤੱਕ ਹਾਰ ਨਾ ਮੰਨਣ ਵਾਲੇ ਜਜ਼ਬੇ ਨੂੰ ਵਿਖਾਉਦਿਆਂ ਨਾ ਸਿਰਫ ਖੁਦ ਮੌਤ ਨੂੰ ਹਰਾਇਆ ਸੀ ਬਲਕਿ 14 ਹੋਰ ਲੋਕਾਂ ਦੀ ਜਾਨ ਵੀ ਬਚਾਈ ਸੀ। ਇਸ ਦਰਦਨਾਕ ਜਹਾਜ਼ ਹਾਦਸੇ ਵਿੱਚ ਉਰਗਵੇ ਦੀ ਇੱਕ ਰਗਬੀ ਟੀਮ ਸ਼ਿਕਾਰ ਹੋਈ ਸੀ ਜੋ ਚਿਲੀ ਦੇ ਸੈਨਟਿਆਗੋ ਵਿਖੇ ਇੱਕ ਮੈਚ ਖੇਡਣ ਲਈ ਜਾ ਰਹੀ ਸੀ। ਉਸ ਜਹਾਜ਼ ਵਿੱਚ ਖਿਡਾਰੀਆਂ ਤੇ ਸਟਾਫ ਸਮੇਤ ਕੁੱਲ 45 ਯਾਤਰੀ ਸਵਾਰ ਸਨ।

ਜਹਾਜ਼ ਦੇ ਉੱਡਣ ਤੋਂ ਕੁਝ ਸਮਾਂ ਬਾਅਦ ਹੀ ਮੌਸਮ ਖਰਾਬ ਹੋਣ ਲੱਗ ਪਿਆ ਸੀ। ਖਰਾਬ ਮੌਸਮ ਦੇ ਚੱਲਦਿਆਂ ਐਨਡੀਜ਼ ਦੇ ਚਿੱਟੇ ਬਰਫੀਲੇ ਰੇਗਿਸਤਾਨ ਵਿੱਚ ਪਾਇਲਟ ਜਹਾਜ਼ ਦਾ ਸੰਤੁਲਨ ਗੁਆ ਬੈਠਾ ਤੇ ਜਹਾਜ਼ ਇੱਕ ਪਹਾੜ ਦੀ ਚੋਟੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਹਾਦਸੇ ਵੇਲੇ 18 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਪਰ ਬਾਕੀ 27 ਲੋਕ ਕਿਵੇਂ ਨਾ ਕਿਵੇਂ ਬਚ ਤਾਂ ਗਏ ਸਨ ਪਰ ਉਹਨਾਂ ਲਈ ਖੂਨ ਜਮਾਉਣ ਵਾਲੀ ਬਰਫ ਸਭ ਤੋਂ ਵੱਡੀ ਮੁਸੀਬਤ ਸੀ। ਕਿਉਂਕਿ ਚਾਰੇ ਪਾਸੇ ਬਰਫ ਹੀ ਬਰਫ ਸੀ ਅਤੇ ਉਹਨਾਂ ਕੋਲ ਖਾਣ ਲਈ ਬਹੁਤਾ ਭੋਜਨ ਵੀ ਨਹੀਂ ਸੀ।

ਉਸ ਜਹਾਜ਼ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਉਰਗਵੇ ਦੀ ਸਰਕਾਰ ਨੇ ਉਹਨਾਂ ਦੀ ਭਾਲ ਲਈ ਇੱਕ ਰੈਸਕਿਊ ਅਪਰੇਸ਼ਨ ਸ਼ੁਰੂ ਕੀਤਾ। ਪਰ ਉਸ ਬਰਫੀਲੇ ਸਫੈਦ ਰੇਗਿਸਤਾਨ ਵਿੱਚ ਜਹਾਜ਼ ਦਾ ਰੰਗ ਵੀ ਸਫੈਦ ਹੋਣ ਕਰਕੇ ਉਹ ਬਰਫ ਦੇ ਚਿੱਟੇ ਪਹਾੜਾਂ ਵਿੱਚ ਦਿਖਾਈ ਨਹੀਂ ਦੇ ਰਿਹਾ ਸੀ। ਜੰਗੀ ਪੱਧਰ ’ਤੇ ਲਗਾਤਾਰ ਦਸ ਦਿਨ ਭਾਲ ਕਰਨ ਮਗਰੋਂ ਅਖੀਰ ਗਿਆਰਵੇਂ ਦਿਨ ਅਸਫਲ ਹੁੰਦਿਆਂ ਸਰਕਾਰ ਨੇ ਰੈਸਕਿਊ ਬੰਦ ਕਰਵਾ ਦਿੱਤਾ ਸੀ। ਕਿਉਂਕਿ ਸਾਰਿਆਂ ਦਾ ਤਦ ਤੱਕ ਇਹੋ ਮੰਨਣਾ ਸੀ ਕਿ ਐਨਡੀਜ਼ ਦੇ ਬਰਫੀਲੇ ਪਹਾੜਾਂ ’ਤੇ ਬਿਨਾਂ ਭੋਜਨ ਦੇ ਕਿਸੇ ਦੇ ਵੀ ਇੰਨੇ ਦਿਨ ਜਿਉਂਦੇ ਰਹਿਣ ਦੀ ਸੰਭਾਵਨਾ ਨਹੀਂ ਸੀ।

ਦੂਸਰੇ ਪਾਸੇ ਬਚੇ ਹੋਏ 27 ਜਣਿਆਂ ਵਿੱਚੋਂ ਵੀ ਕੁਝ ਗੰਭੀਰ ਜ਼ਖ਼ਮੀ ਮਰ ਗਏ ਸਨ। ਜਿੰਦਾ ਲੋਕਾਂ ਨੇ ਹਾਲਾਤਾਂ ਦੇ ਮੱਦੇਨਜ਼ਰ ਬਚੇ ਹੋਏ ਭੋਜਨ ਨੂੰ ਸਾਰਿਆਂ ਵਿੱਚ ਬਰਾਬਰ ਵੰਡ ਲਿਆ ਤਾਂ ਕਿ ਭੋਜਨ ਜ਼ਿਆਦਾ ਸਮਾਂ ਕੱਢ ਸਕੇ ਅਤੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਉਹਨਾਂ ਨੇ ਜਹਾਜ਼ ਦੀ ਇੱਕ ਅਜਿਹੀ ਧਾਤ ਭਾਲ ਲਈ ਸੀ ਜੋ ਧੁੱਪ ਵਿੱਚ ਜਲਦੀ ਗਰਮ ਹੋ ਜਾਂਦੀ ਸੀ ਜਿਸ ਨਾਲ ਉਹ ਉਸ ਉੱਪਰ ਬਰਫ ਨੂੰ ਰੱਖ ਕੇ ਪਿਘਲਾ ਲੈਂਦੇ ਸਨ। ਇਸ ਤਰ੍ਹਾਂ ਉਹਨਾਂ ਕੋਲ ਪਾਣੀ ਦੀ ਘਾਟ ਦਾ ਭਾਵੇਂ ਸਥਾਈ ਹੱਲ ਹੋ ਗਿਆ ਸੀ ਪਰ ਖਾਣ ਲਈ ਭੋਜਨ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਬਰਕਰਾਰ ਸੀ।

ਨਤੀਜੇ ਵਜੋਂ ਭੋਜਨ ਵੀ ਕੁਝ ਦਿਨਾਂ ਬਾਅਦ ਮੁੱਕ ਗਿਆ। ਭੋਜਨ ਪ੍ਰਾਪਤ ਕਰਨ ਲਈ ਉਹਨਾਂ ਕੋਲ ਕੋਈ ਹੋਰ ਚਾਰਾ ਜਾਂ ਬਦਲ ਨਹੀਂ ਸੀ। ਇੱਕ ਝਟਕੇ ਵਿੱਚ ਆਈ ਮੌਤ ਤੋਂ ਬਚ ਕੇ ਉਹ ਲੋਕ ਹੁਣ ਰੋਜ਼-ਰੋਜ਼ ਹਰ ਪਲ ਮਰ ਰਹੇ ਸਨ। ਹਾਦਸੇ ਦੇ 60 ਦਿਨ ਮਗਰੋਂ ਕਰੀਬ 16 ਲੋਕ ਹੀ ਜਿਉਂਦੇ ਬਚੇ ਸਨ। ਮੱਦਦ ਦੀ ਕਿਸੇ ਪਾਸਿਉਂ ਵੀ ਕੋਈ ਉਮੀਦ ਨਹੀਂ ਸੀ ਕਿਉਂਕਿ ਰੇਡੀਓ ਰਾਹੀਂ ਉਹਨਾਂ ਨੂੰ ਸਰਕਾਰ ਦੁਆਰਾ ਕੀਤੇ ਉਹਨਾਂ ਦੀ ਭਾਲ ਲਈ ਰੈਸਕਿਉ ਬੰਦ ਹੋਣ ਦੀ ਖਬਰ ਆ ਗਈ ਸੀ ਅਤੇ ਦੋਵਾਂ ਦੇਸ਼ਾਂ ਵਿੱਚ ਵੀ ਹਾਦਸੇ ਨੂੰ ਇੰਨੇ ਦਿਨ ਬੀਤਣ ਕਰਕੇ ਸਾਰੀ ਗੱਲ ਹੁਣ ਠੰਢੀ ਹੋ ਚੁੱਕੀ ਸੀ। ਹੁਣ ਉਹਨਾਂ ਕੋਲ ਬੱਸ ਇੱਕ ਹੀ ਹੱਲ ਸੀ ਕਿ ਜਾਂ ਤਾਂ ਬਾਕੀਆਂ ਵਾਂਗ ਇੱਥੇ ਹੀ ਬਰਫ ਵਿੱਚ ਭੁੱਖ ਨਾਲ ਤੜਪ-ਤੜਪ ਕੇ ਮਰ ਜਾਣ ਜਾਂ ਫਿਰ ਆਪਣੀ ਮੱਦਦ ਖੁਦ ਕਰਨ।

ਬਚੇ ਹੋਏ ਯਾਤਰੀਆਂ ਵਿੱਚ ਦੋ ਨੈਂਡੋ ਪਰੇਡੋ ਅਤੇ ਰਾਬਰਟ ਕੈਨੇਸਾ ਨਾਂਅ ਦੇ ਖਿਡਾਰੀਆਂ ਨੇ ਉੱਥੇ ਬੇਸਹਾਰਿਆਂ ਦੀ ਮੌਤ ਮਰਨ ਨਾਲੋਂ ਖੁਦ ਮੱਦਦ ਦੀ ਭਾਲ ਕਰਨ ਤੇ ਜਿਉਂਦੇ ਰਹਿਣ ਬਾਰੇ ਸੋਚਿਆ ਪਰ ਇਹ ਬਹੁਤ ਹੀ ਮੁਸ਼ਕਲ ਕੰਮ ਸੀ ਕਿਉਂਕਿ ਦੋ ਮਹੀਨਿਆਂ ਵਿੱਚ ਉਹ ਬਿਲਕੁਲ ਹੀ ਕਮਜ਼ੋਰ ਹੋ ਗਏ ਸਨ ਅਤੇ ਬਰਫ ’ਤੇ ਤੁਰਨ ਲਈ ਉਹਨਾਂ ਕੋਲ ਜ਼ਰੂਰੀ ਸਾਧਨ ਵੀ ਨਹੀਂ ਸਨ ਅਤੇ ਕਦੋਂ ਵੀ ਬਰਫੀਲੇ ਤੂਫਾਨ ਆ ਸਕਦੇ ਸਨ ਪਰ ਉਹ ਦੋਵੇਂ ਖਿਡਾਰੀ ਸਨ ਅਤੇ ਆਖਰੀ ਸਾਹ ਤੱਕ ਸੰਘਰਸ਼ ਕਰਨ ਤੇ ਜਿੱਤਣ ਦਾ ਉਹਨਾਂ ਵਿੱਚ ਜ਼ਜ਼ਬਾ ਸੀ। ਇਹੀ ਜ਼ਜ਼ਬਾ ਤੇ ਜਿੱਦ ਉਹਨਾਂ ਦੋਵਾਂ ਦੇ ਕੰਮ ਆਇਆ ਅਤੇ ਉਹਨਾਂ ਨੇ ਮੱਦਦ ਲਈ ਬਰਫ ’ਤੇ ਆਪਣਾ ਸਫਰ ਸ਼ੁਰੂ ਕਰ ਦਿੱਤਾ।

ਦੋਵਾਂ ਖਿਡਾਰੀਆਂ ਨੇ ਬਹਾਦਰੀ ਦਾ ਕੰਮ ਕਰਦਿਆਂ ਲਗਾਤਾਰ 12 ਦਿਨ ਬਰਫ ’ਤੇ ਆਪਣਾ ਪੈਦਲ ਸਫਰ ਜਾਰੀ ਰੱਖਿਆ ਅਤੇ ਉਹ ਦੁੱਖ-ਦਰਦ ਸਹਿਣ ਕਰਦੇ ਹੋਏ ਅਖੀਰ 63 ਕਿਲੋਮੀਟਰ ਦਾ ਬਰਫੀਲਾ ਸਫਰ ਕਰਕੇ ਚਿਲੀ ਦੇ ਇੱਕ ਅਬਾਦੀ ਵਾਲੇ ਕਸਬੇ ਵਿੱਚ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਨੇ ਰੈਸਕਿਊ ਟੀਮ ਨੂੰ ਆਪਣੇ ਹਾਦਸੇ ਵਾਲੀ ਜਗ੍ਹਾ ਦੀ ਲੋਕੇਸ਼ਨ ਬਾਰੇ ਦੱਸਿਆ ਅਤੇ ਫਿਰ ਦੁਬਾਰਾ ਰੈਸਕਿਊ ਕਰਕੇ ਉਨ੍ਹਾਂ ਨੂੰ ਉੱਥੋਂ ਬਚਾ ਕੇ ਲਿਆਂਦਾ ਗਿਆ। ਇਸ ਸਾਰੀ ਘਟਨਾਂ ਵਿੱਚ ਪੈਰੇਡੋ ਤੇ ਨੈਕੇਸਾ ਨਾਮੀ ਖਿਡਾਰੀ ਸਭ ਲਈ ਹੀਰੋ ਬਣੇ ਸਨ ਜਿਨ੍ਹਾਂ ਨੇ ਆਪਣੇ ਜਜ਼ਬੇ ਤੇ ਜੋਸ਼ ਨਾਲ ਆਪਣੀ ਜਿੰਦਗੀ ਦੀ ਜੰਗ ਤਾਂ ਜਿੱਤ ਹੀ ਲਈ ਸੀ ਸਗੋਂ ਇਸ ਤਰ੍ਹਾਂ ਉਹਨਾਂ ਨੇ ਆਪਣੇ ਬਾਕੀ 14 ਸਾਥੀਆਂ ਦੀ ਜਿੰਦਗੀ ਵੀ ਬਚਾ ਲਈ ਸੀ। ਹਾਦਸੇ ਦੇ 72 ਦਿਨ ਬਾਅਦ ਸੋਲਾਂ ਲੋਕਾਂ ਦਾ ਜਿਉਂਦੇ ਵਾਪਸ ਆਉਣਾ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਉਸ ਉੱਪਰ ਕਈ ਪੁਸਤਕਾਂ ਤੇ ਫਿਲਮਾਂ ਵੀ ਬਣ ਚੁੱਕੀਆਂ ਹਨ ।

ਸੁਖਵਿੰਦਰ ਚਹਿਲ
ਸੰਗਤ ਕਲਾਂ (ਬਠਿੰਡਾ)
ਮੋ. 85590-86235

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।